ਸੁਖਬੀਰ ਬਾਦਲ 'ਤੇ ਆਮ ਆਦਮੀ ਪਾਰਟੀ ਦੇ ਨੇਤਾ ਬਲਤੇਜ ਪੰਨੂ ਦਾ ਤਿੱਖਾ ਵਾਰ, ਕਿਹਾ - ਉਨ੍ਹਾਂ ਨੂੰ ਕਿਸਾਨਾਂ ਦੀ ਨਹੀਂ, ਆਪਣੇ ਖ਼ਾਸ ਬਿਲਡਰਾਂ ਦੀ ਚਿੰਤਾ
- ਜੇ ਲੈਂਡ ਪੁਲਿੰਗ ਯੋਜਨਾ ਕਾਮਯਾਬ ਹੋ ਜਾਂਦੀ ਹੈ ਤਾਂ ਉਨ੍ਹਾਂ ਦੇ ਬਿਲਡਰਾਂ ਨੂੰ ਕਾਲੋਨੀਆਂ ਕੱਟਣ ਦਾ ਮੌਕਾ ਨਹੀਂ ਮਿਲੇਗਾ - ਬਲਤੇਜ ਪੰਨੂ
ਚੰਡੀਗੜ੍ਹ, 28 ਮਈ 2025 - ਲੁਧਿਆਣਾ ਵਿੱਚ ਲੈਂਡ ਪੁਲਿੰਗ ਯੋਜਨਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਬਿਆਨ 'ਤੇ ਆਮ ਆਦਮੀ ਪਾਰਟੀ ਨੇ ਤਿੱਖਾ ਪਲਟਵਾਰ ਕੀਤਾ ਹੈ। ਆਪ ਆਗੂ ਬਲਤੇਜ ਪੰਨੂ ਨੇ ਕਿਹਾ ਕਿ ਬਾਦਲ ਨੂੰ ਕਿਸਾਨਾਂ ਦੀ ਕੋਈ ਚਿੰਤਾ ਨਹੀਂ। ਉਨ੍ਹਾਂ ਨੂੰ ਆਪਣੇ ਖਾਸ ਬਿਲਡਰਾਂ ਦੀ ਚਿੰਤਾ ਸਤਾ ਰਹੀ ਹੈ। ਉਨ੍ਹਾਂ ਨੂੰ ਬਚਾਉਣ ਲਈ ਹੀ ਸੁਖਬੀਰ ਬਾਦਲ ਅਜਿਹੀਆਂ ਗੱਲਾਂ ਕਰ ਰਹੇ ਹਨ।
ਬਲਤੇਜ ਪੰਨੂ ਨੇ ਸਵਾਲ ਕਰਦੇ ਹੋਏ ਕਿਹਾ ਕਿ ਜੇ ਸੁਖਬੀਰ ਬਾਦਲ ਨੂੰ ਵਾਕਈ ਕਿਸਾਨਾਂ ਦੀ ਚਿੰਤਾ ਹੁੰਦੀ ਤਾਂ ਉਨ੍ਹਾਂ ਨੇ ਸ਼ੁਰੂ ਵਿੱਚ ਹੀ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕਿਉਂ ਨਹੀਂ ਕੀਤਾ? ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪਤਨੀ ਹਰਸਿਮਰਤ ਕੌਰ ਬਾਦਲ, ਜੋ ਉਸ ਸਮੇਂ ਮੋਦੀ ਸਰਕਾਰ ਵਿੱਚ ਕੈਬਿਨੇਟ ਮੰਤਰੀ ਸਨ, ਵੀ ਲਗਾਤਾਰ ਉਨ੍ਹਾਂ ਤਿੰਨ ਕਾਲੇ ਕਾਨੂੰਨਾਂ ਦੇ ਹੱਕ ’ਚ ਗੱਲਾਂ ਕਰ ਰਹੇ ਸਨ ਅਤੇ ਉਨ੍ਹਾਂ ਦੀ ਤਾਰੀਫ਼ ਵਿੱਚ ਵੀਡੀਓਜ਼ ਬਣਾ ਰਹੇ ਸਨ। ਜਦੋਂ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ, ਤਾਂ ਮਜਬੂਰੀ ਵਿੱਚ ਉਨ੍ਹਾਂ ਨੇ ਉਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ।
ਪੰਨੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਲੈਂਡ ਪੂਲਿੰਗ ਸਕੀਮ ਸ਼ੁਰੂ ਕੀਤੀ ਗਈ ਹੈ, ਇਸ ਸਕੀਮ ਨਾਲ ਸੁਖਬੀਰ ਬਾਦਲ ਨੂੰ ਸਭ ਤੋਂ ਵੱਧ ਤਕਲੀਫ਼ ਇਸ ਗੱਲ ਦੀ ਹੋ ਰਹੀ ਹੈ ਕਿ ਉਨ੍ਹਾਂ ਦੇ ਆਸ-ਪਾਸ ਦੇ ਕੁਝ ਖਾਸ ਬਿਲਡਰਾਂ ਨੂੰ ਹੁਣ ਪ੍ਰਾਈਵੇਟ ਕਾਲੋਨੀਆਂ ਕੱਟਣ ਦਾ ਮੌਕਾ ਨਹੀਂ ਮਿਲੇਗਾ। ਇਸ ਗੱਲ ਦਾ ਸਬੂਤ ਇਹ ਹੈ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਖ਼ੁਦ ਕਿਹਾ ਸੀ ਕਿ ਉਨ੍ਹਾਂ ਵੱਲੋਂ ਕੱਢੇ ਗਏ ਬਾਈਪਾਸ ਕਰਕੇ ਹੀ ਮਨਪ੍ਰੀਤ ਅਯਾਲ਼ੀ ਅੱਜ ਐਨੇ ਅਮੀਰ ਬਣੇ ਹਨ।
ਪੰਨੂ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਵੱਲੋਂ ਬਣਾਏ ਗਏ ਹਾਈਵੇਅ ਤੇ ਨੀਤੀਆਂ ਕਰਕੇ ਅਯਾਲ਼ੀ ਵਰਗੇ ਹੋਰ ਕਿੰਨੇ ਲੋਕ ਅਮੀਰ ਬਣੇ? ਨਾਲ ਹੀ ਇਹ ਵੀ ਦੱਸਣ ਕਿ ਕੀ ਉਨ੍ਹਾਂ ਦੀ ਕਿਸੇ ਜ਼ਮੀਨ ਸੰਬੰਧੀ ਬਣਾਈ ਯੋਜਨਾ ਤੋਂ ਕਦੇ ਕਿਸੇ ਆਮ ਆਦਮੀ ਨੂੰ ਫ਼ਾਇਦਾ ਹੋਇਆ ਹੈ?
ਪੰਨੂ ਨੇ ਕਿਹਾ ਕਿ ਸੁਖਬੀਰ ਬਾਦਲ ਲੈਂਡ ਪੂਲਿੰਗ ਸਕੀਮ ਸਬੰਧੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਇਸ ਯੋਜਨਾ ਦਾ ਫਾਇਦਾ ਆਮ ਕਿਸਾਨਾਂ ਨੂੰ ਹੋਵੇਗਾ। ਕਿਸੇ ਵੀ ਕਿਸਾਨ ਤੋਂ ਜ਼ਮੀਨ ਜ਼ਬਰਦਸਤੀ ਨਹੀਂ ਲਈ ਜਾਵੇਗੀ। ਉਹ ਆਪਣੀ ਜ਼ਮੀਨ ਆਪਣੀ ਮਰਜ਼ੀ ਅਨੁਸਾਰ ਦੇ ਸਕਦਾ ਹੈ, ਜੇਕਰ ਉਹ ਨਹੀਂ ਦਿੰਦਾ, ਤਾਂ ਉਹ ਪਹਿਲਾਂ ਵਾਂਗ ਖੇਤੀ ਜਾਰੀ ਰੱਖ ਸਕਦਾ ਹੈ। ਦੂਜੇ ਪਾਸੇ, ਇਸ ਯੋਜਨਾ ਲਈ ਆਪਣੀ ਜ਼ਮੀਨ ਦੇਣ ਵਾਲੇ ਕਿਸੇ ਵੀ ਕਿਸਾਨ ਨੂੰ ਪ੍ਰਤੀ ਏਕੜ 1000 ਗਜ਼ ਰਿਹਾਇਸ਼ੀ ਅਤੇ 200 ਗਜ਼ ਵਪਾਰਕ ਪਲਾਟ ਮਿਲੇਗਾ, ਜਿਸਦੀ ਕੀਮਤ ਆਉਣ ਵਾਲੇ ਚਾਰ-ਪੰਜ ਸਾਲਾਂ ਵਿੱਚ ਮੌਜੂਦਾ ਬਾਜ਼ਾਰ ਦਰ ਤੋਂ ਘੱਟੋ-ਘੱਟ ਪੰਜ ਗੁਣਾ ਵੱਧ ਜਾਵੇਗੀ, ਜਿਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਲਾਭ ਹੋਵੇਗਾ।