ਮੁੱਖ ਮੰਤਰੀ ਭਗਵੰਤ ਮਾਨ ਦਾ ਡੀਸੀ, ਡੀਆਈਜੀ, ਐਸਐਸਪੀ ਤੇ ਜ਼ਿਲ੍ਹੇ ਦੇ ਟਾਪਰ ਵਿਦਿਆਰਥੀਆਂ ਵੱਲੋਂ ਸਵਾਗਤ
ਅਸ਼ੋਕ ਵਰਮਾ
ਬਠਿੰਡਾ, 28 ਮਈ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਅੱਜ ਇਥੇ ਸਥਾਨਕ ਲੇਕ ਵਿਊ ਗੈਸਟ ਹਾਊਸ ਵਿਖੇ ਪਹੁੰਚਣ ‘ਤੇ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ, ਡੀਆਈਜੀ ਬਠਿੰਡਾ ਰੇਂਜ ਸ ਹਰਜੀਤ ਸਿੰਘ, ਐਸਐਸਪੀ ਮੈਡਮ ਅਮਨੀਤ ਕੌਂਡਲ ਅਤੇ ਜ਼ਿਲ੍ਹੇ ਦੇ 10ਵੀਂ ਅਤੇ 12ਵੀਂ ਜਮਾਤ ਦੇ 12 ਟਾਪਰ ਵਿਦਿਆਰਥੀਆਂ ਨੇ ਭਰਵਾ ਸਵਾਗਤ ਕੀਤਾ। ਇਸ ਦੌਰਾਨ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਨੇ ਜਿੱਥੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਭਵਿੱਖੀ ਜੀਵਨ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਉੱਥੇ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਜੀਵਨ ਵਿੱਚ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਵੀ ਕੀਤਾ।
ਇਸ ਤੋਂ ਪਹਿਲਾਂ ‘ਇਕ ਦਿਨ ਡੀ.ਸੀ/ਐਸ.ਐਸ.ਪੀ. ਦੇ ਨਾਲ’ ਪ੍ਰੋਗਰਾਮ ਤਹਿਤ ਅੱਜ ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ‘ਚ ਮੋਹਰੀ ਸਥਾਨ ਹਾਸਿਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਤੇ ਐਸ.ਐਸ.ਪੀ. ਮੈਡਮ ਅਮਨੀਤ ਕੌਂਡਲ ਨਾਲ ਸਵੇਰ ਦਾ ਨਾਸ਼ਤਾ ਕੀਤਾ। ਇਸ ਦੌਰਾਨ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਤਸੱਲੀਬਖਸ ਜਵਾਬ ਦੇ ਕੇ ਉਨ੍ਹਾਂ ਦੀ ਜਗਿਆਸਾ ਸ਼ਾਂਤ ਕੀਤੀ। ਉਨ੍ਹਾਂ ਆਪਣਾ ਇਥੋਂ ਤੱਕ ਪਹੁੰਚਣ ਦਾ ਸਫਰ ਵੀ ਸਾਂਝਾ ਕੀਤਾ। ਉਨ੍ਹਾਂ ਵਲੋਂ ਵਿਦਿਆਰਥੀਆਂ ਨੂੰ ਇੱਕ-ਇੱਕ ਪ੍ਰੇਰਨਦਾਇਕ ਕਿਤਾਬ ਅਤੇ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਵਲੋਂ ਪੂਰੇ ਦਿਨ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਦੀ ਕਾਰਜ ਪ੍ਰਣਾਲੀ ਤੋਂ ਇਲਾਵਾ ਦਫਤਰੀ ਕੰਮ-ਕਾਜ਼ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਅਨੌਖੀ ਪਹਿਲਕਦਮੀ ਦਾ ਉਦੇਸ਼ ਨਾ ਕੇਵਲ ਹੋਣਹਾਰ ਵਿਦਿਆਰਥਣਾਂ ਨੂੰ ਸਨਮਾਨਿਤ ਕਰਨਾ ਸੀ, ਸਗੋਂ ਉਨ੍ਹਾਂ ਨੂੰ ਪ੍ਰਸ਼ਾਸਨਿਕ ਅਨੁਭਵ, ਲੀਡਰਸ਼ਿਪ ਅਤੇ ਪੁਲਿਸ ਸੇਵਾ ਦੀਆਂ ਜ਼ਮੀਨੀ ਹਕੀਕਤਾਂ ਤੋਂ ਜਾਣੂ ਕਰਵਾਉਣਾ ਵੀ ਸੀ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਨੇ ਵਿਦਿਆਰਥੀਆਂ ਨੂੰ ਨਾ ਕੇਵਲ ਸਿਵਲ ਪ੍ਰਸ਼ਾਸਨ ਦੇ ਕੰਮਕਾਜ਼ ਤੋਂ ਜਾਣੂ ਕਰਵਾਇਆ ਗਿਆ ਸਗੋਂ ਉਨ੍ਹਾਂ ‘ਚ ਲੀਡਰਸ਼ਿਪ, ਅਨੁਸ਼ਾਸਨ ਤੇ ਲੋਕ ਸੇਵਾ ਦੀ ਭਾਵਨਾ ਵੀ ਭਰੀ। ਉਨ੍ਹਾਂ ਕਿਹਾ ਕਿ ‘ਇਕ ਦਿਨ ਡੀ.ਸੀ/ਐਸ.ਐਸ.ਪੀ. ਦੇ ਨਾਲ’ ਵਰਗੇ ਉਪਰਾਲੇ ਵਿਦਿਆਰਥੀਆਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਇਕ ਮੀਲ ਪੱਥਰ ਸਾਬਤ ਹੋ ਸਕਦੇ ਹਨ।
ਇਸ ਦੌਰਾਨ ਐਸ.ਐਸ.ਪੀ. ਮੈਡਮ ਅਮਨੀਤ ਕੌਂਡਲ ਨੇ ਵਿਦਿਆਰਥੀਆਂ ਨਾਲ ਜਾਣ-ਪਛਾਣ ਸੈਸ਼ਨ ਵਿਚ ਹਿੱਸਾ ਲਿਆ ਤੇ ਆਪਣੀ ਰੋਜ਼ਾਨਾ ਅਨੁਸ਼ਾਸਿਤ ਜੀਵਨ ਸ਼ੈਲੀ ਬਾਰੇ ਦੱਸਿਆ। ਇਸ ਮੌਕੇ ਵਿਦਿਆਰਥੀਆਂ ਤੇ ਐਸ.ਐਸ.ਪੀ. ਵਿਚਕਾਰ ਇਕ ਖੁੱਲ੍ਹਾ ਸੰਵਾਦ ਸੈਸ਼ਨ ਹੋਇਆ, ਜਿਸ ਵਿਚ ਵਿਦਿਆਰਥੀਆਂ ਨੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਐਸ.ਐਸ.ਪੀ. ਤੋਂ ਪ੍ਰੇਰਨਾਦਾਇਕ ਵਿਚਾਰ ਸੁਣੇ। ਇਸ ਦੌਰਾਨ ਐਸ.ਐਸ.ਪੀ. ਮੈਡਮ ਅਮਨੀਤ ਕੌਂਡਲ ਨੇ ਉਨ੍ਹਾਂ ਦੇ ਰੋਸ਼ਨ ਭਵਿੱਖ ਦੀ ਕਾਮਨਾ ਕੀਤੀ।
ਇਸ ਮੌਕੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਉਹਨਾਂ ਦੇ ਜੀਵਨ ਦਾ ਇਕ ਵਿਲੱਖਣ ਮੌਕਾ ਸੀ ਜਿਸ ਨੇ ਉਨ੍ਹਾਂ ਨੂੰ ਪੰਜਾਬ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਪ੍ਰਕਿਰਿਆ, ਲੀਡਰਸ਼ਿਪ ਤੇ ਜਨਤਕ ਸੇਵਾਵਾਂ ਦੀਆਂ ਬਾਰੀਕੀਆਂ ਨੂੰ ਸਮਝਣ ਦਾ ਮੌਕਾ ਦਿੱਤਾ। ਉਨ੍ਹਾਂ ਨੇ ਇਸ ਅਨੁਭਵ ਨੂੰ ਅਭੁੱਲ ਅਤੇ ਪ੍ਰੇਰਨਾਦਾਇਕ ਦੱਸਿਆ ਅਤੇ ਕਿਹਾ ਕਿ ਇਹ ਉਨ੍ਹਾਂ ਨੂੰ ਆਪਣੇ ਭਵਿੱਖ ਦੇ ਟੀਚੇ ਨਿਰਧਾਰਤ ਕਰਨ ਵਿਚ ਮਦਦ ਕਰੇਗਾ। ਬੱਚਿਆਂ ਦੇ ਮਾਪਿਆਂ ਨੇ ਵੀ ਇਸ ਨੂੰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਇਕ ਪ੍ਰੇਰਨਾਦਾਇਕ ਕਦਮ ਕਿਹਾ।