ਈਰਾਨ ਵਿੱਚ ਅਗਵਾਹ ਕੀਤੇ ਤਿੰਨ ਪੰਜਾਬੀ ਮੁੰਡਿਆਂ ਦੀ ਰਿਹਾਈ ਲਈ ਹਰ ਸੰਭਵ ਯਤਨ ਜਾਰੀ - ਧਾਲੀਵਾਲ
ਅੰਮ੍ਰਿਤਸਰ 28 ਮਈ 2025 - ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਈਰਾਨ ਵਿੱਚ ਜੋ ਤਿੰਨ ਪੰਜਾਬੀ ਲੜਕੇ ਅਗਵਾਕਾਰਾਂ ਵੱਲੋਂ ਫਿਰੌਤੀ ਲਈ ਅਗਵਾ ਕੀਤੇ ਗਏ ਹਨ, ਦੀ ਰਿਹਾਈ ਲਈ ਪੰਜਾਬ ਸਰਕਾਰ ਵਿਦੇਸ਼ ਮੰਤਰਾਲੇ ਜ਼ਰੀਏ ਹਰ ਸੰਭਵ ਯਤਨ ਕਰ ਰਹੀ ਹੈ। ਉਹਨਾਂ ਕਿਹਾ ਕਿ ਇਰਾਨ ਸਥਿਤ ਭਾਰਤੀ ਦੂਤਘਰ ਨੌਜਵਾਨਾਂ ਦੀ ਰਿਹਾਈ ਲਈ ਨੇੜੇ ਪਹੁੰਚ ਚੁੱਕਾ ਹੈ ਅਤੇ ਆਸ ਹੈ ਕਿ ਛੇਤੀ ਉਹ ਸਾਡੇ ਨਾਲ ਇਹ ਖੁਸ਼ਖਬਰੀ ਸਾਂਝੀ ਕਰਨਗੇ।
ਉਹਨਾਂ ਫਿਰ ਪੰਜਾਬੀ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜਾਨ ਤੋਂ ਪਿਆਰੇ ਬੱਚਿਆਂ ਨੂੰ ਗਲਤ ਰਸਤੇ ਵਿਦੇਸ਼ਾਂ ਵਿੱਚ ਨਾ ਭੇਜਣ। ਉਹਨਾਂ ਕਿਹਾ ਕਿ ਮੈਂ ਬਤੌਰ ਚੌਂਕੀਦਾਰ ਰੋਜ਼ ਹੋਕਾ ਦਿੰਦਾ ਹਾਂ ਕਿ ਇਹ ਰਾਹ ਬਹੁਤ ਮਹਿੰਗਾ ਅਤੇ ਬਹੁਤ ਖ਼ਤਰੇ ਵਾਲਾ ਹੈ, ਸਮਝਾਉਣਾ ਮੇਰਾ ਫਰਜ ਹੈ ਅੱਗੇ ਮੰਨਣਾ ਤੁਹਾਡੀ ਮਰਜ਼ੀ ਹੈ। ਉਹਨਾਂ ਕਿਹਾ ਕਿ ਜੇਕਰ ਆਪਾਂ ਇੰਨੇ ਪੈਸੇ ਅਤੇ ਇਨੀ ਮਿਹਨਤ ਆਪਣੇ ਦੇਸ਼ ਵਿੱਚ ਕਰ ਲਈਏ ਤਾਂ ਆਪਾਂ ਬਹੁਤ ਸੌਖੀ ਰੋਟੀ ਆਪਣੇ ਘਰ ਵਿੱਚ ਬਹਿ ਕੇ ਖਾ ਸਕਦੇ ਹਾਂ, ਜੋ ਕਿ ਅਮਰੀਕਾ ਵਰਗੇ ਦੇਸ਼ਾਂ ਵਿੱਚ ਵੀ ਸੰਭਵ ਨਹੀਂ ਹੋ ਸਕਦੀ। ਉਹਨਾਂ ਕਿਹਾ ਕਿ ਉੱਥੇ ਬਹੁਤ ਹੱਡ ਭੰਨਵੀ ਮਿਹਨਤ ਕਰਕੇ ਬੰਦੇ ਨੂੰ ਕਈ ਸਾਲ ਪੈਰਾਂ ਸਿਰ ਹੋਣ ਉਤੇ ਲੱਗ ਜਾਂਦੇ ਹਨ ਜਦ ਕਿ ਇੱਥੇ ਆਦਮੀ ਆਪਣੇ ਘਰ ਵਿੱਚ ਰਹਿ ਕੇ ਆਪਣੇ ਪਰਿਵਾਰ ਦੇ ਜੀਆਂ ਨਾਲ ਬੈਠ ਕੇ ਥੋੜੀ ਮਿਹਨਤ ਕਰਕੇ ਬਹੁਤ ਵਧੀਆ ਰੁਜ਼ਗਾਰ ਚਲਾ ਸਕਦਾ ਹੈ।