Babushahi Special: ਥਾਰ ਵਾਲੀ ਇੰਸਟਾ ਕੁਈਨ ਅਮਨਦੀਪ ਨੇ ਮਾਰੀ ਫੁਕਰੀ ਅੱਗੋਂ ਵਿਜੀਲੈਂਸ ਸ਼ਰੀਕ ਬਣਕੇ ਟੱਕਰੀ
ਅਸ਼ੋਕ ਵਰਮਾ
ਬਠਿੰਡਾ, 27 ਮਈ 2025: ਕੀ ਪੰਜਾਬ ਪੁਲਿਸ ਚੋਂ ਬਰਖਾਸਤ ਲੇਡੀ ਹੈਡਕਾਂਸਟੇਬਲ ਅਮਨਦੀਪ ਕੌਰ ਨੂੰ ਇੱਕ ਨਿੱਜੀ ਯੂਟਿਊਬ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਆਪਣੇ ਮਾਲ ਅਸਬਾਬ ਸਬੰਧੀ ਕੀਤੀਆਂ ਵਧ ਚੜ੍ਹ ਕੇ ਗੱਲਾਂ ਕਾਰਨ ਵਿਜੀਲੈਂਸ ਦੇ ਸ਼ਿਕੰਜੇ ’ਚ ਫਸਣਾ ਪਿਆ ਹੈ। ਸੋਸ਼ਲ ਮੀਡੀਆ ਤੇ ਚੱਲ ਰਹੀ ਚੁੰਝ ਚਰਚਾ ’ਚ ਤਾਂ ਇਹੋ ਸਾਹਮਣੇ ਆਇਆ ਹੈ। ਹਾਲਾਂਕਿ ਹਕੀਕਤ ਇਹ ਹੈ ਵਿਜੀਲੈਂਸ ਪਿਛਲੇ ਕਾਫੀ ਸਮੇ ਤੋਂ ਅਮਨਦੀਪ ਕੌਰ ਦੀ ਸੰਪਤੀ ਸਬੰਧੀ ਜਾਂਚ ਕਰ ਰਹੀ ਸੀ ਜਿਸ ਦੇ ਅਧਾਰ ਤੇ ਹੀ ਹੁਣ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਨੂੰ ਸੰਜੋਗ ਸਮਝੀਏ ਜਾਂ ਹਕੀਕਤ ਪਰ ਚੈਨਲ ਨਾਲ ਗੱਲਬਾਤ ਤੋਂ ਬਾਅਦ ਹੋਈ ਵਿਜੀਲੈਂਸ ਕਾਰਵਾਈ ਨੂੰ ਲੋਕ ਇਸ ਇੰਟਰਵਿਊ ਨਾਲ ਜੋੜਕੇ ਦੇਖ ਰਹੇ ਹਨ। ਇਸ ਇੰਟਰਵਿਊ ਦੌਰਾਨ ਅਮਨਦੀਪ ਨੇ ਆਪਣੇ ਕੋਲ ਮਹਿੰਗੇ ਮੋਬਾਇਲ ਫੋਨ ਅਤੇ ਕੀਮਤੀ ਘੜੀ ਹੋਣ ਤੋਂ ਇਲਾਵਾ ਕੋਠੀ ਆਦਿ ਆਦਿ ਦੇ ਤੱਥਾਂ ਨੂੰ ਜਾਇਜ ਠਹਿਰਾਇਆ ਹੈ।
ਦਰਅਸਲ ਚਿੱਟਾ ਬਰਾਮਦ ਹੋਣ ਦੇ ਮਾਮਲੇ ਵਿੱਚ ਜਦੋਂ ਅਮਨਦੀਪ ਕੌਰ ਨੂੰ ਜਮਾਨਤ ਮਿਲੀ ਤਾਂ ਇੱਕ ਵਾਰ ਚਰਚਾ ਛਿੜੀ ਸੀ ਕਿ ਨਸ਼ਾ ਤਸਕਰੀ ਨਾਲ ਜੁੜਿਆ ਮਾਮਲੇ ਤੇ ਮਿੱਟੀ ਪੈ ਗਈ ਹੈ। ਜਮਾਨਤ ਤੋਂ ਬਾਅਦ ਅਮਨਦੀਪ ਨੇ ਸੋਸ਼ਲ ਮੀਡੀਆ ਤੇ ਆਪਣੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਅਮਨਦੀਪ ਕੌਰ ਦੀ ਚਰਚੇ ਹੋਣ ਲੱਗ ਪਏ ਅਤੇ ਅਮਨਦੀਪ ਕੌਰ ਦੀ ਪਾਸ਼ ਕਲੋਨੀ ਵਿੱਚ ਬਣੀ ਕੋਠੀ, ਬੇਸ਼ਕੀਮਤੀ ਘੜੀ, ਥਾਰ ਤੇ ਮਹਿੰਗੇ ਮੋਬਾਇਲਾਂ ਦਾ ਸ਼ੌਕ ਹੋਣ ਦੀ ਗੱਲ ਸੋਸ਼ਲ ਮੀਡੀਆ ’ਤੇ ਅੱਗ ਵਾਂਗ ਫੈਲ ਗਈ। ਗ੍ਰਿਫਤਾਰੀ ਤੋਂ ਦੋ ਤਿੰਨ ਦਿਨ ਪਹਿਲਾਂ ਅਮਨਦੀਪ ਕੌਰ ਵੱਲੋਂ ਇੱਕ ਯੂਟਿਊਬ ਚੈਨਲ ਨੂੰ ਦਿੱਤੀ ਪੋਡਕਾਸਟ ਦੇ ਰੂਪ ’ਚ ਇੰਟਰਵਿਊ ਦੌਰਾਨ ਉਸ ਨੇ ਦੋਸ਼ ਲਾਇਆ ਸੀ ਕਿ ਥਾਰ ਵਿੱਚੋਂ ਚਿੱਟਾ ਬਰਾਮਦ ਹੋਣ ਦੀ ਕਾਰਵਾਈ ਪੁਲਿਸ ਵੱਲੋਂ ਪਲਾਂਟ ਕੀਤੀ ਹੋਈ ਹੈ।
ਅਮਨਦੀਪ ਕੌਰ ਨੇ ਕਿਹਾ ਕਿ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਉਸ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਜਦੋਂਕਿ ਉਹ ਅਜਿਹਾ ਕੋਈ ਕੰਮ ਨਹੀਂ ਕਰਦੀ ਹੈ। ਚਿੱਟਾ ਵੇਚਣ ਅਤੇ ਪੀਣ ਦੀਆਂ ਗੱਲਾਂ ਨੂੰ ਨਕਾਰਦਿਆਂ ਉਸਨੇ ਕਿਹਾ ਕਿ ਪੁਲਿਸ ਵਿਭਾਗ ’ਚ ਹਰ ਸਾਲ ਮੈਡੀਕਲ ਹੁੰਦਾ ਹੈ ਤੇ ਉਸ ਦਾ ਡੋਪ ਟੈਸਟ ਨੈਗਟਿਵ ਆਇਆ ਹੈ।ਅਮਨਦੀਪ ਕੌਰ ਨੇ ਕਿਹਾ ਕਿ ਉਸ ਨੇ ਕੁੱਝ ਵੀ ਗਲ੍ਹਤ ਨਹੀਂ ਕੀਤਾ ਬਲਕਿ ਆਪਣੀ ਤਨਖਾਹ ਦੇ ਸਹਾਰੇ ਬਣਾਇਆ ਜਾਂ ਫਿਰ ਉਸ ਦੇ ਜਾਣਕਾਰਾਂ ਨੇ ਉਸ ਨੂੰ ਦਿੱਤਾ ਹੈ। ਗ੍ਰਿਫ਼ਤਾਰੀ ਤੋਂ ਬਾਅਦ ਉਸਦੇ ਮਹਿੰਗੇ ਸ਼ੌਂਕਾਂ, ਕੁੱਤੇ ਆਦਿ ਰੱਖਣ ਬਾਰੇ ਹੋਈਆਂ ਟਿੱਪਣੀਆਂ ਦੇ ਜਵਾਬ ’ਚ ਉਹ ਆਖਦੀ ਹੈ ਕਿ ਉਸਦੀ ਤਨਖਾਹ ਕੋਈ 50 ਹਜ਼ਾਰ ਨਹੀਂ ਸਗੋਂ 85-90 ਹਜ਼ਾਰ ਹੈ ਜਿਸ ਨਾਲ ਹੀ ਉਹ ਖਰੀਦੋ-ਫਰੋਖਤ ਕਰਦੀ ਹੈਅਮਨਦੀਪ ਕੌਰ ਨੇ ਕੋਠੀ ਤੇ ਉਸ ਨੇ ਕਰਜ਼ਾ ਲਿਆ ਹੋਣ ਦੀ ਗੱਲ ਆਖੀ ਤੇ ਇਸ ਦੌਰਾਨ ਉਹ ਬੇਪਰਵਾਹ ਜਾਪਦੀ ਹੈ।
ਅਸਲ ਵਿੱਚ ਅਮਨਦੀਪ ਕੌਰ ਆਪਣੇ ਲਗਜ਼ਰੀ ਲਾਈਫ ਸਟਾਈਲ ਕਾਰਨ ਪੂਰੇ ਪੰਜਾਬ ਵਿੱਚ ਹੀ ਨਹੀਂ ਬਲਕਿ ਕੌਮੀ ਤੇ ਕੌਮਾਂਤਰੀ ਪੱਧਰ ਤੇ ਚਰਚਾ ਦਾ ਵਿਸ਼ਾ ਬਣੀ ਸੀ। ਉਹ ਆਪਣੀ ਥਾਰ,ਬੁਲੇਟ ਮੋਟਰਸਾਈਕਲ ਅਤੇ ਕੀਮਤੀ ਘੜੀ ਨਾਲ ਬਣੀਆਂ ਵੀਡੀਓ ਨਿੱਤ ਦਿਨ ਸੋਸ਼ਲ ਮੀਡੀਆ ਤੇ ਅਪਲੋਢ ਕਰਦੀ ਰਹਿੰਦੀ ਸੀ। ਸੂਤਰ ਦੱਸਦੇ ਹਨ ਕਿ ਅਮਨਦੀਪ ਕੌਰ ਦੇ ਵੱਡੇ ਅਧਿਕਾਰੀਆਂ ਨਾਲ ਸਬੰਧ ਸਨ ਜਿੰਨ੍ਹਾਂ ਦਾ ਫਾਇਦਾ ਚੁੱਕਦਿਆਂ ਉਹ ਆਪਣੀ ਡਿਊਟੀ ਦੇ ਨਾਲ ਨਾਲ ਨਸ਼ੇ ਦੀ ਸਪਲਾਈ ਵੀ ਕਰਦੀ ਸੀ । ਉਸ ਦੀ ਥਾਰ ਤੇ ਪੁਲਿਸ ਦਾ ਸਟਿੱਕਰ ਲੱਗਿਆ ਹੋਇਆ ਸੀ ਜਿਸ ਕਰਕੇ ਉਸ ਨੂੰ ਕੋਈ ਰੋਕਦਾ ਨਹੀਂ ਸੀ। ਸਥਿਤੀ ਇਹ ਸੀ ਕਿ ਹੁਣ ਤੱਕ ਦੀ ਨੌਕਰੀ ਦੌਰਾਨ ਉਸ ਦੀ 30 ਵਾਰ ਬਦਲੀ ਹੋਈ ਅਤੇ ਉਹ ਹਰ ਵਾਰੀ ਮਰਜੀ ਦਾ ਸਟੇਸ਼ਨ ਲੈਂਦੀ ਸੀ। ਜਦੋਂ ਉਸ ਨੂੰ ਫੜਿਆ ਗਿਆ ਤਾਂ ਉਸ ਦੀ ਡਿਊਟੀ ਪੁਲਿਸ ਲਾਈਨ ਦੀ ਡਿਸਪੈਂਸਰੀ ਵਿੱਚ ਲੱਗੀ ਹੋਈ ਸੀ।
ਕੋਠੀ ਤੇ ਲਾਇਆ ਫਰੀਜ਼ਿੰਗ ਨੋਟਿਸ
ਬਠਿੰਡਾ ਪੁਲਿਸ ਨੇ ਅੱਜ ਅਮਨਦੀਪ ਕੌਰ ਦੀ ਸੰਪਤੀ ਨੂੰ ਫਰੀਜ਼ ਕਰਨ ਸਬੰਧੀ ਉਸ ਦੀ ਵਿਰਾਟ ਗਰੀਨ ਸਥਿਤ ਕਲੋਨੀ ਵਿੱਚ ਨੋਟਿਸ ਲਾ ਦਿੱਤਾ ਹੈ। ਇਹ ਕਾਰਵਾਈ ਡੀਐਸਪੀ ਸਿਟੀ ਹਰਬੰਸ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪੁਲਿਸ ਅਧਿਕਾਰੀ ਨੇ ਨੇਪਰੇ ਚਾੜ੍ਹੀ ਹੈ। ਨੋਟਿਸ ਲੱਗਣ ਤੋਂ ਬਾਅਦ ਹੁਣ ਇਹ ਸੰਪਤੀ ਨਾਂ ਹੀ ਵੇਚੀ ਜਾ ਸਕੇਗੀ ਅਤੇ ਨਾਂਹੀ ਕਿਸੇ ਹੋਰ ਦੇ ਨਾਮ ਕੀਤੀ ਜਾ ਸਕਦੀ ਹੈ। ਡੀਐਸਪੀ ਹਰਬੰਸ ਸਿੰਘ ਦਾ ਕਹਿਣਾ ਸੀ ਕਿ ਵਿਰਾਟ ਗਰੀਨ ਕਲੋਨੀ ’ਚ ਕੋਠੀ, ਇੱਕ ਪਲਾਟ, ਥਾਰ ਗੱਡੀ,ਇੱਕ ਬੁਲੇਟ, ਤਿੰਨ ਮੋਬਾਇਲ ਅਤੇ ਇੱਕ ਘੜੀ ਸਮੇ 1 ਕਰੋੜ 35 ਲੱਖ 39 ਹਜ਼ਾਰ 583 ਰੁਪਏ ਦੇ ਕਰੀਬ ਸੰਪਤੀ ਫਰੀਜ਼ ਕੀਤੀ ਗਈ ਹੈ।
ਐਸਐਸਪੀ ਦੇ ਪੱਤਰ ਤੇ ਜਾਂਚ
ਅਮਨਦੀਪ ਕੌਰ ਨੂੰ ਬਰਖਾਸਤ ਕਰਨ ਤੋਂ ਬਾਅਦ ਐਸਐਸਪੀ ਬਠਿੰਡਾ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੇ ਆਦੇਸ਼ ਦਿੱਤੇ ਸਨ। ਇਸ ਦੇ ਨਾਲ ਹੀ ਉਨ੍ਹਾਂ ਪੱਤਰ ਲਿਖਕੇ ਅਮਨਦੀਪ ਦੀ ਸੰਪਤੀ ਸਬੰਧੀ ਵਿਜੀਲੈਂਸ ਜਾਂਚ ਕਰਨ ਲਈ ਕਿਹਾ ਸੀ। ਜਦੋਂ ਵਿਜੀਲੈਂਸ ਨੇ ਪੜਤਾਲ ਵਿੱਢੀ ਹੈ ਤਾਂ ਪਤਾ ਲੱਗਾ ਕਿ ਅਮਨਦੀਪ ਕੌਰ ਦੀ ਕੁੱਲ ਆਮਦਨ 1ਕਰੋੜ 8ਲੱਖ37 ਹਜ਼ਾਰ 550 ਰੁਪਏ ਸੀ ਜਦੋਂਕਿ ਖਰਚ 1ਕਰੋੜ39ਲੱਖ 64, ਹਜ਼ਾਰ 802 ਰੁਪਏ ਪੈਸੇੇ, ਜੋ ਕਿ ਉਸ ਦੇ ਸਰੋਤਾਂ ਤੋਂ 31 ਲੱਖ27 ਹਜ਼ਾਰ 252 ਰੁਪਏ 897 ਪੈਸੇ ਜਿਆਦਾ ਹੈ।