ਰਾਸ਼ਟਰਪਤੀ ਵੱਲੋਂ ਪੰਜਾਬ ਦੇ ਚਾਰ ਸੈਨਿਕ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ
- ਪੰਜਾਬ ਦੇ ਬਹਾਦਰ ਸੈਨਿਕਾਂ ਨੇ ਕੌਮੀ ਪੱਧਰ ‘ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ : ਰਾਸ਼ਟਰਪਤੀ ਵੱਲੋਂ ਸੂਬੇ ਦੇ ਚਾਰ ਸੈਨਿਕ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ
- ਕਰਨਲ ਮਨਪ੍ਰੀਤ ਸਿੰਘ ਨੂੰ ਕੀਰਤੀ ਚੱਕਰ, ਸਿਪਾਹੀ ਪ੍ਰਦੀਪ ਸਿੰਘ, ਮੇਜਰ ਤ੍ਰਿਪਤਪ੍ਰੀਤ ਸਿੰਘ ਅਤੇ ਫਲਾਈਟ ਲੈਫਟੀਨੈਂਟ ਅਮਨ ਹੰਸ ਨੂੰ ਸ਼ੌਰਿਆ ਚੱਕਰ ਨਾਲ ਕੀਤਾ ਸਨਮਾਨਿਤ
- ਮੋਹਿੰਦਰ ਭਗਤ ਵੱਲੋਂ ਪੰਜਾਬ ਦੇ ਬਹਾਦਰ ਸਪੂਤਾਂ ਨੂੰ ਸ਼ਰਧਾਂਜਲੀ ਭੇਟ; ਵੱਕਾਰੀ ਸਨਮਾਨ ਲਈ ਰਾਸ਼ਟਰਪਤੀ ਦਾ ਕੀਤਾ ਧੰਨਵਾਦ
ਚੰਡੀਗੜ੍ਹ, 26 ਮਈ 2025 - ਪੰਜਾਬ ਦੇ ਚਾਰ ਬਹਾਦਰ ਸੈਨਿਕਾਂ - ਕਰਨਲ ਮਨਪ੍ਰੀਤ ਸਿੰਘ, ਸਿਪਾਹੀ ਪ੍ਰਦੀਪ ਸਿੰਘ, ਮੇਜਰ ਤ੍ਰਿਪਤਪ੍ਰੀਤ ਸਿੰਘ ਅਤੇ ਫਲਾਈਟ ਲੈਫਟੀਨੈਂਟ ਅਮਨ ਸਿੰਘ ਹੰਸ - ਨੂੰ ਹਾਲ ਹੀ ਵਿੱਚ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ ਦੁਆਰਾ 22 ਮਈ ਨੂੰ ਰਾਸ਼ਟਰਪਤੀ ਭਵਨ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਵੱਕਾਰੀ ਬਹਾਦਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਜੰਮੂ ਅਤੇ ਕਸ਼ਮੀਰ ਵਿੱਚ ਬਗਾਵਤ ਅਤੇ ਅੱਤਵਾਦ ਵਿਰੋਧੀ ਕਾਰਵਾਈਆਂ ਦੌਰਾਨ ਉਕਤ ਸੈਨਿਕਾਂ ਵੱਲੋਂ ਦਿਖਾਈ ਗਈ ਬੇਮਿਸਾਲ ਬਹਾਦਰੀ ਅਤੇ ਕੁਰਬਾਨੀ ਦੇ ਸਨਮਾਨ ਵਜੋਂ ਪ੍ਰਦਾਨ ਕੀਤੇ ਗਏ ਹਨ।
ਰੱਖਿਆ ਸੇਵਾਵਾਂ ਭਲਾਈ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਦੇਸ਼ ਸੇਵਾ ‘ਚ ਵੱਡੀ ਕੁਰਬਾਨੀ ਦੇਣ ਵਾਲੇ ਪੰਜਾਬ ਦੇ ਇਨ੍ਹਾਂ ਬਹਾਦਰ ਸਪੂਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਇਨ੍ਹਾਂ ਬਹਾਦਰ ਸੈਨਿਕਾਂ ਦੀ ਬੇਮਿਸਾਲ ਹਿੰਮਤ ਅਤੇ ਬਹਾਦਰੀ ਨੂੰ ਮਾਨਤਾ ਦੇਣ ਲਈ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਦਾ ਦਿਲੋਂ ਧੰਨਵਾਦ ਵੀ ਕੀਤਾ।
ਕਰਨਲ ਮਨਪ੍ਰੀਤ ਸਿੰਘ (19 ਰਾਸ਼ਟ੍ਰੀਯ ਰਾਈਫਲਜ਼) ਨੂੰ ਉਨ੍ਹਾਂ ਦੀ ਦਲੇਰਾਨਾ ਅਗਵਾਈ ਅਤੇ ਮਹਾਨ ਕੁਰਬਾਨੀ ਲਈ ਦੇਸ਼ ਦੇ ਦੂਜੇ ਸਭ ਤੋਂ ਵੱਡੇ ਬਹਾਦਰੀ ਪੁਰਸਕਾਰ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਉਨ੍ਹਾਂ ਦੀ ਮਾਤਾ ਸ਼੍ਰੀਮਤੀ ਮਨਜੀਤ ਕੌਰ ਅਤੇ ਪਤਨੀ ਸ਼੍ਰੀਮਤੀ ਜਗਮੀਤ ਗਰੇਵਾਲ ਨੇ ਪ੍ਰਾਪਤ ਕੀਤਾ।
ਸਿਪਾਹੀ ਪ੍ਰਦੀਪ ਸਿੰਘ (19 ਆਰਆਰ) ਨੂੰ ਵੀ ਇਸੇ ਆਪ੍ਰੇਸ਼ਨ ਦੌਰਾਨ ਉਨ੍ਹਾਂ ਵੱਲੋਂ ਦਿਖਾਈ ਗਈ ਨਿਡਰਤਾ ਲਈ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਉਨ੍ਹਾਂ ਦੀ ਪਤਨੀ, ਸ਼੍ਰੀਮਤੀ ਸੀਮਾ ਰਾਣੀ ਨੇ ਪ੍ਰਾਪਤ ਕੀਤਾ।
ਮੇਜਰ ਤ੍ਰਿਪਤਪ੍ਰੀਤ ਸਿੰਘ (34 ਆਰਆਰ) ਅਤੇ ਫਲਾਈਟ ਲੈਫਟੀਨੈਂਟ ਅਮਨ ਸਿੰਘ ਹੰਸ ਨੂੰ ਵਿਰੋਧੀ ਅਤੇ ਚੁਣੌਤੀਪੂਰਨ ਹਾਲਤਾਂ ਵਿੱਚ ਕੀਤੇ ਗਏ ਵੱਖ-ਵੱਖ ਆਪ੍ਰੇਸ਼ਨਾਂ ਦੌਰਾਨ ਬੇਮਿਸਾਲ ਹਿੰਮਤ ਅਤੇ ਹੌਸਲਾ ਦਿਖਾਉਣ ਅਤੇ ਆਪਣੀ ਤੀਖਣ ਬੁੱਧੀ ਤੋਂ ਕੰਮ ਲੈਣ ਲਈ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਸ੍ਰੀ ਭਗਤ ਨੇ ਕਿਹਾ ਕਿ ਇਹ ਵੱਕਾਰੀ ਸਨਮਾਨ ਨਾ ਸਿਰਫ਼ ਪੰਜਾਬ ਦੇ ਸਪੂਤਾਂ ਦੀ ਬਹਾਦਰੀ ਨੂੰ ਸਦਾ ਲਈ ਅਮਰ ਕਰਨ ਦੇ ਨਾਲ-ਨਾਲ ਸੂਬੇ ਲਈ ਵੱਡੇ ਪੱਧਰ ‘ਤੇ ਮਾਣ-ਸਨਮਾਨ ਦਾ ਪ੍ਰਤੀਕ ਹਨ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਬਹਾਦਰ ਸੈਨਿਕਾਂ ਦੀਆਂ ਕੁਰਬਾਨੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀਆਂ ਰਹਿਣਗੀਆਂ ਅਤੇ ਦੇਸ਼ ਪ੍ਰਤੀ ਪੰਜਾਬ ਦੀ ਅਟੁੱਟ ਵਚਨਬੱਧਤਾ ਦੇ ਸਥਾਈ ਪ੍ਰਤੀਕ ਵਜੋਂ ਹਮੇਸ਼ਾ ਮੌਜੂਦ ਰਹਿਣਗੀਆਂ।
ਉਨ੍ਹਾਂ ਅੱਗੇ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਇਨ੍ਹਾਂ ਨਾਇਕਾਂ ਦੇ ਪਰਿਵਾਰਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੀ ਭਲਾਈ ਅਤੇ ਸਨਮਾਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।