ਵਿਧਾਇਕ ਮਾਲੇਰਕੋਟਲਾ ਨੇ ਪਿੰਡ ਭੈਣੀ ਕੰਬੋਆਂ ਤੋਂ ਹੜ੍ਹ ਪੀੜਤਾਂ ਲਈ ਰੋਜਮਰ੍ਹਾਂ ਰਾਸ਼ਨ ਦਾ ਸਮਾਨ ਲੈ ਕੇ ਗੁਰਦਾਸਪੁਰ ਲਈ ਕੀਤਾ ਟਰੱਕ ਰਵਾਨਾ
ਮਾਲੇਰਕੋਟਲਾ 1 ਸਤੰਬਰ :
ਵਿਧਾਇਕ ਮਾਲੇਰਕੋਟਲਾ ਡਾਕਟਰ ਜਮੀਲ ਉਰ ਰਹਿਮਾਨ ਨੇ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਦੇ ਪਿੰਡ ਭੈਣੀ ਕੰਬੋਆਂ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਇੱਕਤਰ ਕੀਤਾ ਰੋਜਮਰ੍ਹਾਂਦੇ ਰਾਸ਼ਨ ਦਾ ਸਮਾਨ ਗੁਰਦਾਸਪੁਰ ਦੇ ਹੜ੍ਹ ਪੀੜਤਾਂ ਲਈ ਰਵਾਨਾ ਕਰਨ ਮੌਕੇ ਹਲਕਾ ਨਿਵਾਸੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੰਕਟ ਦੀ ਇਸ ਘੜੀ ਵਿੱਚ ਸੂਬੇ ਦੇ ਲੋਕਾਂ ਨਾਲ ਖੜ੍ਹੀ ਹੈ ਤੇ ਲੋਕਾਂ ਦੇ ਹਰ ਮੁਸ਼ਕਲ ਵਿੱਚ ਸਾਥ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇੱਕ ਵੱਡੇ ਖੇਤਰ ਦੇ ਲੋਕ ਹੜ੍ਹਾਂ ਦੀ ਮਾਰ ਨਾਲ ਜੂਝ ਰਹੇ ਹਨ। ਪੰਜਾਬ ਸਰਕਾਰ ਇਨ੍ਹਾਂ ਇਲਾਕਿਆਂ ਵਿਚ ਵਿਆਪਕ ਪੱਧਰ ਤੇ ਰਾਹਤ ਤੇ ਬਚਾਓ ਦਾ ਕੰਮ ਕਰ ਰਹੀ ਹੈ, ਜਿਸ ਵਿੱਚ ਸਮੁੱਚੇ ਪੰਜਾਬ ਵਾਸੀ ਸਹਿਯੋਗ ਦੇ ਰਹੇ ਹਨ, ਇਹ ਪੰਜਾਬ ਦੀ ਭਾਈਚਾਰਕ ਸਾਂਝ ਦੀ ਅਸਲ ਤਸਵੀਰ ਹੈ।
ਵਿਧਾਇਕ ਮਾਲੇਰਕੋਟਲਾ ਨੇ ਕਿਹਾ ਕਿ ਫਿਲਹਾਲ ਰਾਹਤ ਅਤੇ ਬਚਾਓ ਦੇ ਕਾਰਜ ਜਾਰੀ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਥਿਤੀ ਆਮ ਵਾਂਗ ਹੋਣ ਉਤੇ ਮੁਆਵਜ਼ੇ ਲਈ ਵਿਸ਼ੇਸ਼ ਗਿਰਦਾਵਰੀ ਕਰਕੇ ਹਰੇਕ ਤਰ੍ਹਾਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰਾਹਤ ਦੇ ਕੰਮਾਂ ਲਈ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ, ਜਿਸ ਦੇ ਚਲਦੇ ਹੜ੍ਹ ਪੀੜ੍ਹਤ ਇਲਾਕਿਆਂ ਵਿਖੇ ਸੀਨੀਅਰ ਅਧਿਕਾਰੀ ਨਿਯੁਕਤ ਕੀਤੇ ਗਏ ਹਨ ਤਾਂ ਜੋ ਰਾਹਤ ਦਾ ਕੰਮ ਸੰਚਾਰੂ ਅਤੇ ਨਿਰਵਿਘਨ ਤਰੀਕੇ ਨਾਲ ਸੰਭਵ ਹੋ ਸਕੇ । ਉਨ੍ਹਾਂ ਕਿਹਾ ਕਿ ਰਾਹਤ ਸਮੱਗਰੀ ਦੇ ਟਰੱਕ ਹਲਕੇ ਵਿੱਚੋਂ ਲਗਾਤਾਰ ਲੋਕਾਂ ਦੇ ਸਹਿਯੋਗ ਨਾਲ ਭੇਜੇ ਜਾ ਰਹੇ ਹਨ ਇਹ ਕਾਰਜ ਲਗਾਤਾਰ ਜਾਰੀ ਰਹੇਗਾ।
ਵਿਧਾਇਕ ਮਾਲੇਰਕੋਟਲਾ ਨੇ ਦੱਸਿਆ ਕਿ ਚੇਅਰਮੈਨ ਮਾਰਕੀਟ ਕਮੇਟੀ ਜਾਫਿਰ ਅਲੀ ਖੁਦ ਗੁਰਦਾਸਪੁਰ ਵਿਖੇ ਰੋਜਮਰ੍ਹਾਂ ਦੀਆਂ ਜਰੂਰਤਾਂ ਦੇ ਰਾਸ਼ਨ ਦਾ ਟਰੱਕ ਲੈ ਕੇ ਜਾ ਰਹੇ ਹਨ ਤਾਂ ਜੋ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਸਮੱਗਰੀ ਦਾ ਵਿਤਰਣ ਹੋ ਸਕੇ ਅਤੇ ਲੋਕਾਂ ਦੀ ਜਰੂਰਤ ਦਾ ਪਤਾ ਲੱਗ ਸਕੇ । ਇਸ ਮੌਕੇ ਅਬਦੁਲ ਹਲੀਮ, ਸਾਬਕਾ ਸਰਪੰਚ ਯਾਮੀਨ ਬਿੱਟੂ , ਸਲਾਮਦੀਨ ਠੇਕੇਦਾਰ, ਅਬਦੁਲ ਗੱਫਾਰ ਪੰਚ ,ਬੱਗਾ ਪੰਚ, ਸੋਨੀ ਪੰਚ, ਨੂਰਦੀਨ ਪੰਚ, ਅਨਵਰ ਮੰਗੀ, ਯਾਸੀਨ ਪੰਚ, ਬਾਬੂ ਪੰਚ, ਇਲਮਦੀਨ ਸ਼ੇਰਾਂ, ਭਲਵਾਨ, ਦਿਲਵਾਰ, ਜ਼ਿਕਰੀਆ ਇਖਲਾਕ, ਯੂਸੁਫ, ਨਦੀਮ , ਜੈਦਾ ਤੋਂ ਇਲਾਵਾ ਹੋਰ ਇਲਾਕਾ ਨਿਵਾਸੀ ਮੌਜੂਦ ਸਨ ।