ਹੜ੍ਹ ਦੇ ਪਾਣੀ ਵਿੱਚ ਫਸੀਆਂ ਕੁੜੀਆਂ ਨੂੰ ਮੋਢੇ ਚੁੱਕ ਕੇ ਕੱਢ ਲਿਆਏ ਘਿਓ ਤੇ ਚਚੇਰਾ ਭਰਾ ,
ਰਸਤੇ ਵਿੱਚ ਪਾਣੀ ਵਿੱਚ ਤੈਰਦੇ ਮਿਲੇ ਜਹਰੀਲੇ ਸੱਪ, ਹੈਰਾਨੀਜਨਕ ਤਸਵੀਰਾਂ
ਰੋਹਿਤ ਗੁਪਤਾ
ਗੁਰਦਾਸਪੁਰ 30 ਅਗਸਤ
ਰਾਵੀ ਦਰਿਆ ਦੇ ਹੜ੍ਹ ਨੇ ਜ਼ਿਲਾ ਗੁਰਦਾਸਪੁਰ ਦੇ ਵਿੱਚ ਬਹੁਤ ਨੁਕਸਾਨ ਕੀਤਾ ਹੈ। ਹਾਲਾਂਕਿ ਕਈ ਇਲਾਕਿਆਂ ਵਿੱਚ ਰਾਵੀ ਦਾ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ ਪਰ ਕਈ ਪਿੰਡ ਹਜੇ ਵੀ ਪਾਣੀ ਨਾਲ ਘਿਰੇ ਹੋਏ ਹਨ ਅਤੇ ਲੋਕ ਆਪਣੇ ਘਰਾਂ ਦੀਆਂ ਛੱਤਾਂ ਤੇ ਚੜ ਕੇ ਰਾਹਤ ਅਤੇ ਰੈਸਕਿਊ ਦੀ ਉਡੀਕ ਕਰ ਰਹੇ ਹਨ। ਅਜਿਹੇ ਹੀ ਕੁਝ ਪਿੰਡ ਫਤਿਹਗੜ੍ਹ ਚੂੜੀਆਂ_ ਡੇਰਾ ਬਾਬਾ ਨਾਨਕ ਰੋਡ ਤੇ ਸਥਿਤ ਸਨ ਜਿਨਾਂ ਵਿੱਚ ਘੋਨੇਵਾਲ, ਮਾਛੀਵਾਲ ਅਤੇ ਘਨੀਏ ਕੇ ਬੇਟ ਵਿੱਚ ਤਾਂ ਪਾਣੀ ਨੇ ਲੋਕਾਂ ਦੇ ਘਰ ਵੀ ਢੇਰੀ ਕਰ ਦਿੱਤੇ ਤੇ ਕਰਜ਼ਾ ਲੈ ਕੇ ਤਾਜੇ ਪਾਏ ਡੰਗਰਾਂ ਵਾਲੇ ਸ਼ੈਡ ਵੀ ਪਰ ਲੋਕਾਂ ਵੱਲੋਂ ਲਾਈਵ ਹੋ ਕੇ ਬਣਾਈਆਂ ਗਈਆਂ ਕਈ ਵੀਡੀਓ ਵਾਇਰਲ ਹੋਣ ਦੇ ਬਾਵਜੂਦ ਹਜੇ ਤੱਕ ਨਾ ਤਾਂ ਘੋਨੇਵਾਲ , ਮਾਛੀਵਾਲ ਅਤੇ ਘਨੀਆ ਕੇ ਬੇਟ ਪਿੰਡ ਵਿੱਚ ਫਸੇ ਲੋਕਾਂ ਤੱਕ ਪ੍ਰਸ਼ਾਸਨਿਕ ਰਾਹਤ ਪਹੁੰਚੀ ਹੈ ਅਤੇ ਨਾ ਹੀ ਇਨਾ ਪਾਣੀ ਵਿੱਚ ਫਸੇ ਹੋਏ ਲੋਕਾਂ ਨੂੰ ਬਚਾਉਣ ਲਈ ਰੈਸਕਿਉ ਆਪਰੇਸ਼ਨ ਸ਼ੁਰੂ ਕੀਤੇ ਗਏ ਹਨ। ਇਸੇ ਦਾ ਸਿੱਟਾ ਇਹ ਹੈ ਕਿ ਲੋਕ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਕੱਢਦੇ ਨਜ਼ਰ ਆ ਰਹੇ ਹਨ। ਅਜਿਹੀ ਹੀ ਇੱਕ ਹੈਰਾਨੀਜਨਕ ਵੀਡੀਓ ਸਾਹਮਣੇ ਆਈ ਜਿਸ ਵਿੱਚ ਦੋ ਸਕੀਆਂ ਭੈਣਾਂ ਨੂੰ ਉਹਨਾਂ ਦਾ ਪਿਓ ਅਤੇ ਚਚੇਰਾ ਭਰਾ ਮੋਢੇ ਤੇ ਚੁੱਕ ਕੇ ਛਾਤੀ ਤੱਕ ਆਉਂਦੇ ਪਾਣੀ ਵਿੱਚੋਂ ਕੱਢ ਕੇ ਲਿਆ ਰਹੇ ਹਨ , ਇਸ ਵੀਡੀਓ ਵਿੱਚ ਉਸੇ ਪਾਣੀ ਵਿੱਚ ਇੱਕ ਲੰਬਾ ਸੱਪ ਵੀ ਨਜ਼ਰ ਆ ਰਿਹਾ ਹੈ ।