ਬਾਰਿਸ਼ ਨੇ ਗਰੀਬਾਂ ਨੂੰ ਕੀਤਾ ਬੇਘਰ, ਡਿੱਗੀਆਂ ਘਰਾਂ ਦੀਆਂ ਛੱਤਾਂ
ਰੋਹਿਤ ਗੁਪਤਾ
ਗੁਰਦਾਸਪੁਰ 31 ਅਗਸਤ 2025
ਇੱਕ ਪਾਸੇ ਹੜਾਂ ਦੇ ਪਾਣੀ ਨੇ ਲੋਕਾਂ ਦਾ ਜੀਣਾ ਬੇਹਾਲ ਕੀਤਾ ਹੋਇਆ ਹੈ ਤੇ ਦੂਜੇ ਪਾਸੇ ਬਾਰਿਸ਼ ਮੁਸੀਬਤਾਂ ਖੜੀਆਂ ਕਰ ਰਹੀ ਹੈ। ਬੀਤੇ ਦਿਨ ਹੋਈ ਤੇਜ਼ ਬਾਰਿਸ਼ ਕਾਰਨ ਕਈ ਗਰੀਬ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਹਨ। ਮੁਹੱਲਾ ਇਸਲਾਮਾਬਾਦ ਦੇ ਰਹਿਣ ਵਾਲੇ ਇਹ ਸਾਰੇ ਪਰਿਵਾਰ ਮਿਹਨਤ ਮਜ਼ਦੂਰੀ ਕਰਕੇ ਘਰ ਚਲਾਉਂਦੇ ਹਨ ਅਜਿਹੇ ਵਿੱਚ ਡਿੱਗੀਆਂ ਛੱਤਾਂ ਦੀ ਮੁਰੰਮਤ ਕਰਵਾਉਣ ਯੋਗ ਹੈਸੀਅਤ ਇਹਨਾਂ ਦੀ ਨਹੀਂ ਹੈ। ਜਦੋਂ ਇਹਨਾਂ ਦੇ ਘਰਾਂ ਦਾ ਦੌਰਾ ਕੀਤਾ ਗਿਆ ਤਾਂ ਉਥੋਂ ਦੇ ਹਾਲਾਤ ਬੇਹਦ ਤਰਸਯੋਗ ਨਜ਼ਰ ਆਏ । ਤਿੰਨ ਘਰਾਂ ਦੀਆਂ ਛੱਤਾਂ ਡਿੱਗੀਆਂ ਹਨ ਅਤੇ ਇਹਨਾਂ ਵਿੱਚੋਂ ਇੱਕ ਪਰਿਵਾਰ ਹੁਣ ਕਿਰਾਏ ਤੇ ਰਹਿ ਰਿਹਾ ਹੈ ਜਦਕਿ ਬਾਕੀ ਦੇ ਦੋ ਪਰਿਵਾਰ ਨੇੜੇ ਦੇ ਕਮਰਿਆਂ ਵਿੱਚ ਹੀ ਰਹਿਣ ਲਈ ਮਜਬੂਰ ਹਨ ਜਿਨਾਂ ਦੀ ਛੱਤਾਂ ਵੀ ਕੱਚੀਆਂ ਹਨ ,ਚੋ ਰਹੀਆ ਹਨ ਅਤੇ ਡਿੱਗਣ ਵਾਲੀਆਂ ਹਨ। ਇਹਨਾਂ ਪਰਿਵਾਰਾਂ ਵੱਲੋਂ ਛੱਤਾਂ ਪੱਕੀਆਂ ਕਰਨ ਦੀ ਗਰਾਂਟ ਲਈ ਅਪਲਾਈ ਕੀਤਾ ਹੋਇਆ ਹੈ ਪਰ ਹਜੇ ਤੱਕ ਇਹਨਾਂ ਨੂੰ ਗਰਾਂਟ ਨਹੀ ਮਿਲੀ ।
ਉੱਥੇ ਹੀ ਮੁਹੱਲੇ ਦੀ ਕੌਂਸਲਰ ਦੇ ਪਤੀ ਅਸ਼ੋਕ ਭੁੱਟੋ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਹ ਪੀੜਿਤ ਪਰਿਵਾਰਾਂ ਦੇ ਕੋਲ ਪਹੁੰਚੇ ਅਤੇ ਦੱਸਿਆ ਕਿ ਕਾਗਜ਼ੀ ਕਾਰਵਾਈ ਮੁਕੰਮਲ ਨਾ ਹੋਣ ਕਾਰਨ ਇਹਨਾਂ ਦੀ ਗਰਾਂਟ ਲੇਟ ਹੋਈ ਹੈ ਪਰ ਹੁਣ ਉਹ ਜਲਦੀ ਇਹਨਾਂ ਨੂੰ ਗਰਾਂਟ ਦਵਾਉਣ ਦੀ ਕੋਸ਼ਿਸ਼ ਕਰਨਗੇ ਪਰ ਇਸ ਤੋਂ ਪਹਿਲਾਂ ਉਹਨਾਂ ਨੇ ਗੁਰਦਾਸਪੁਰ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਤੇ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ ਨਾਲ ਗੱਲ ਕੀਤੀ ਹੈ ਅਤੇ ਉਹਨ੍ਾਂ ਦੇ ਸਹਿਯੋਗ ਨਾਲ ਉਹ ਆਰਜੀ ਤੌਰ ਤੇ ਇਹਨਾਂ ਨੂੰ ਬਾਲਿਆਂ ਵਾਲੀ ਛੱਤ ਬਣਵਾ ਕੇ ਦੇ ਰਹੇ ਹਨ।