Babushahi Special: ਬੇਹਿੰਮਤੇ ਨੇ ਜਿਹੜੇ ਬਹਿਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਸੀਨਾ ਪਾੜਕੇ ਪੱਥਰਾਂ ਦਾ
ਅਸ਼ੋਕ ਵਰਮਾ
ਬਠਿੰਡਾ, 30 ਅਗਸਤ 2025:ਲੁਧਿਆਣਾ ਜਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੰਡਿਆਲੀ ਦੇ ਅਧਿਆਪਕ ਨਰਿੰਦਰ ਸਿੰਘ ਨੇ ‘ਸਰਕਾਰੀ ਸਕੂਲ ਜਿੰਦਾਬਾਦ’ ਦਾ ਨਾਅਰਾ ਕੀ ਬੁਲੰਦ ਕੀਤਾ ਹੁਣ ਉਸ ਦੀ ਕੌਮੀ ਅਧਿਆਪਕ ਐਵਾਰਡ ਲਈ ਚੋਣ ਕੀਤੀ ਗਈ ਹੈ ਜੋ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਦਿੱਤਾ ਜਾਣਾ ਹੈ। ਨਰਿੰਦਰ ਸਿੰਘ ਦੀ ਸਖਤ ਮਿਹਨਤ ਅਤੇ ਦਸਵੰਦ ਨੇ ਜੰਡਿਆਲੀ ਸਕੂਲ ਨੂੰ ਰੰਗ ਲਾ ਦਿੱਤੇ ਹਨ। ਤਾਹੀਓਂ ਹੁਣ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੰਡਿਆਲੀ ਦਾ ਨਾਮ ਮੁਲਕ ਦੇ ਵਿੱਦਿਅਕ ਨਕਸ਼ੇ ’ਤੇ ਉੱਭਰਿਆ ਹੈ। ਕਰੀਬ ਦੋ ਦਹਾਕੇ ਪਹਿਲਾਂ ਅਧਿਆਪਕ ਨਰਿੰਦਰ ਸਿੰਘ ਦੇ ਜਜ਼ਬੇ ਨੇ ਅਜਿਹੀ ਉਡਾਣ ਭਰੀ ਕਿ ਸਕੂਲ ’ਚ ਲੋਕਾਂ ਦਾ ਭਰੋਸਾ ਬੱਝ ਗਿਆ ਜਿਸ ਕਰਕੇ ਹੁਣ ਉਹ ਇੱਥੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਤਰਜੀਹ ਦਿੰਦੇ ਹਨ। ਲੰਘੇ ਵੇਲਿਆਂ ’ਚ ਜਿਹੜਾ ਸਕੂਲ ਕਦੇ ਮਿਹਣੇ ਤੋਂ ਘੱਟ ਨਹੀਂ ਸੀ ਪਰ ਦਿਨ ਬਦਲੇ ਤਾਂ ਹੁਣ ਮਾਣ ਦਾ ਪ੍ਰਤੀਕ ਹੈ।

ਸਾਲ 2007 ’ਚ ਜਦੋਂ ਨਰਿੰਦਰ ਸਿੰਘ ਨੇ ਇਸ ਸਕੂਲ ’ਚ ਸੇਵਾ ਸ਼ੁਰੂ ਕੀਤੀ ਸੀ ਤਾਂ ਮਹਿਜ਼ ਕਰੀਬ 175 ਬੱਚੇ ਸਿੱਖਿਆ ਹਾਸਲ ਕਰ ਰਹੇ ਸਨ। ਹੋਰਨਾਂ ਸਰਕਾਰੀ ਸਕੂਲਾਂ ਦੀ ਤਰਾਂ ਇਸ ਸਕੂਲ ਤੇ ਵੀ ਪਛੜੇ ਹੋਣ ਦਾ ਦਾਗ ਸੀ। ਇਮਾਰਤ ਦੀ ਸਥਿਤੀ ਬਦਤਰ ਸੀ ਅਤੇ ਨੀਵੇਂ ਹੋਣ ਕਾਰਨ ਕਮਰਿਆਂ ਵਿੱਚ ਪਾਣੀ ਭਰ ਜਾਂਦਾ ਸੀ। ਇਸ ਨੂੰ ਦੇਖਦਿਆਂ ਨਰਿੰਦਰ ਸਿੰਘ ਨੇ ਸੁਧਾਰਾਂ ਲਈ ਗਰਾਊਂਡ ਨੂੰ ਉੱਚਾ ਕਰਵਾਇਆ ਅਤੇ ਕਮਰਿਆਂ ਦੀ ਉਸਾਰੀ ਕਰਵਾਈ। ਨਰਿੰਦਰ ਸਿੰਘ ਦੀ ਅਣਥਕ ਮਿਹਨਤ ਸਦਕਾ ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲੀ ਨੂੰ ਪੰਜਾਬ ਦਾ ਪਲੇਠਾ ਮਾਡਲ ਸਕੂਲ ਹੋਣ ਦਾ ਮਾਣ ਹਾਸਲ ਹੋਇਆ ਹੈ। ਲੁਧਿਆਣਾ ਜ਼ਿਲ੍ਹੇ ਦਾ ਇਹ ਇੱਕੋ-ਇੱਕ ਅਜਿਹਾ ਸਕੂਲ ਹੈ ਜੋ ਬਿਨਾਂ ਸਰਕਾਰੀ ਸਹਾਇਤਾ ਦੇ ਸੈਲਫ ਮੇਡ ਸਮਾਰਟ ਬਣਿਆ ਹੈ। ਹੁਣ ਇਸ ਸਰਕਾਰੀ ਸਕੂਲ ’ਚ ਬੱਚਿਆਂ ਦੀ ਗਿਣਤੀ ਤਕਰੀਬਨ 800 ਹੈ ਜਿਸ ਦਾ ਮੁਢਲਾ ਸਿਹਰਾ ਨਰਿੰਦਰ ਸਿੰਘ ਦੇ ਸਿਰ ਹੈ।

ਵਕਤ ਬਦਲਿਆ ਤਾਂਹੀਂ ਤਾਂ ਮੂੰਹੋ ਨਿਕਲਦਾ ਹੈ ‘ਨਹੀਂ ਰੀਸ ਜੰਡਿਆਲੀ ਦੇ ਸਕੂਲ’ ਦੀ। ਸਕੂਲ ’ਚ ਚਲਦੀ ਫਿਰਦੀ ਲਾਇਬਰੇਰੀ ਹੈ ਅਤੇ ਬੱਚੇ ਲੈਪਟਾਪ ਤੇ ਡਿਜ਼ੀਟਲ ਭਾਰਤ ਦਾ ਖਾਕਾ ਖਿੱਚ੍ਹਦੇ ਹਨ। ਬੱਚਿਆਂ ਦੀ ਲਿਖਾਈ ਸੁੰਦਰ ਬਨਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਕਲਾਸ ’ਚ ਜਦੋਂ ਬੱਚੇ ਪੜ੍ਹਦੇ ਹਨ ਤਾਂ ਕਲਾਸ ਰੂਮ ਦਾ ਮਹੌਲ ਦੋਸਤਾਨਾ ਬਣਾਇਆ ਜਾਂਦਾ ਹੈ। ਅਧਿਆਪਕ ਹਰ ਕਲਾਸ ਵਿੱਚ ਪ੍ਰਾਜੈਕਟਰ ਅਤੇ ਐਲਈਡੀ ਰਾਹੀਂ ਬੱਚਿਆਂ ਨੂੰ ਈ-ਕੰਨਫੈਂਟ ਰਾਹੀਂ ਸਿੱਖਿਆ ਮੁਹੱਈਾ ਕਰਵਾਉਂਦੇ ਹਨ। ਸਕੂਲ ਦੀ ਸਭ ਤੋਂ ਵੱਡੀ ਖਾਸੀਅਤ ਵਿੱਦਿਅਕ ਮਹੌਲ ਦੀ ਸਿਰਜਣਾ ਹੈ ਜਿਸ ਨਾਲ ਬੱਚਿਆਂ ਨੂੰ ਹਰ ਗੱਲ ਸਿੱਖਣਾ ਸੌਖਾ ਲੱਗਦਾ ਹੈ। ਦੱਸਦੇ ਹਨ ਕਿ ਕਰੋਨਾ ਸੰਕਟ ਦੌਰਾਨ ਜਦੋਂ ਲੋਕਾਂ ਦੇ ਸਾਹ ਸੁੱਕੇ ਹੋਏ ਸਨ ਤਾਂ ਨਰਿੰਦਰ ਸਿੰਘ ਸਕੂਲ ਨੂੰ ਸੁਧਰਾਨ ਦੀ ਵਿਉਂਤਬੰਦੀ ਕਰ ਰਿਹਾ ਸੀ। ਉਸ ਨੇ ਬੱਚਿਆਂ ਨੂੰ ਸੱਪ ਸੀੜੀ ਅਤੇ ਸ਼ਤਰੰਜ ਸਿਖਾਉਣ ਦਾ ਫੈਸਲਾ ਕਰ ਲਿਆ ।
ਸਮੱਸਿਆ ਇਹ ਸੀ ਕਿ ਬੋਰਡ ਛੋਟੇ ਸਨ ਜਿੰਨ੍ਹਾਂ ਤੇ 5 ਤੋਂ ਵੱਧ ਬੱਚੇ ਨਹੀਂ ਬੈਠ ਸਕਦੇ ਸਨ ਜਦੋਂਕਿ ਵਿਦਿਆਰਥੀਆਂ ਦੀ ਗਿਣਤੀ ਜਿਆਦਾ ਸੀ। ਨਰਿੰਦਰ ਸਿੰਘ ਨੇ ਸਕੂਲ ਦੇ ਬਰਾਂਡੇ ’ਚ ਕਾਲੇ ਤੇ ਚਿੱਟੇ ਰੰਗ ਦੀਆਂ ਟਾਈਲਾਂ ਨਾਲ ਬੋਰਡ ਤਿਆਰ ਕਰਵਾਇਆ। ਬੋਰਡ ਤੇ ਇੱਕੋਂ ਸਮੇਂ 50 ਤੋਂ 60 ਵਿਦਿਆਰਥੀ ਖੇਡ ਸਕਦੇ ਹਨ। ਸੱਪ ਸੀੜੀ ਦੀ ਸਹਾਇਤਾ ਨਾਲ ਜੋੜ ਘਟਾਓ, ਗੁਣਾਂ ,ਵੰਡ ਅਤੇ 10 ਤੱਕ ਦੇ ਪਹਾੜੇ ਵੀ ਸਿੱਖੇ ਜਾ ਸਕਦੇ ਹਨ। ਸ਼ਤਰੰਜ ਲਈ ਘੋੜੇ ,ਹਾਥੀ ,ਵਜ਼ੀਰ ,ਰਾਜਾ ਰਾਣੀ ਆਦਿ ਮੋਹਰੇ ਅਤੇ ਪਿਆਦੇ ਸਭ ਪਲਾਸਟਿਕ ਦੀਆਂ ਵੱਖ ਵੱਖ ਪ੍ਰਕਾਰ ਦੀਆਂ ਬੋਤਲਾਂ ਨੂੰ ਤੋਂ ਤਿਆਰ ਕੀਤੇ ਗਏ ਹਨ। ਸਕੂਲ ’ਚ ਲੁੱਡੋ ਵੀ ਹੈ ਜਿਸ ਰਾਹੀਂ ਬੱਚੇ ਨੈਤਿਕ ਸਿੱਖਿਆ ਹਾਸਲ ਕਰਦੇ ਹਨ। ਬੱਚਿਆਂ ਨੂੰ ਗੁਣਾਤਮਕ ਸਿੱਖਿਆ ਮੁਹੱਈਆ ਕਰਵਾਉਣ ਅਤੇ ਖੇਡ੍ਹਾਂ ਨਾਲ ਜੋੜਨ ਲਈ ਖੋਹ-ਖੋਹ, ਚੈਸ, ਬੈਡਮਿੰਟਨ ,ਕਬੱਡੀ ਅਤੇ ਫੁੱਟਬਾਲ ਨੂੰ ਸ਼ਾਮਲ ਕੀਤਾ ਗਿਆ ਹੈ।
ਸਿੱਖਿਆ ਵਿਭਾਗ ਅਤੇ ਸਾਥੀਆਂ ਨੂੰ ਸਿਹਰਾ
ਅਧਿਆਪਕ ਨਰਿੰਦਰ ਸਿੰਘ ਨੇ ਇਸ ਪ੍ਰਾਪਤੀ ਦਾ ਸਿਹਰਾ ਸਿੱਖਿਆ ਵਿਭਾਗ ਅਤੇ ਸਾਥੀਆਂ ਦੇ ਸਿਰ ਬੰਨ੍ਹਦਿਆਂ ਕਿਹਾ ਕਿ ਉਹ ਹੋਰ ਵੀ ਬਿਹਤਰ ਕਰਨ ਲਈ ਯਤਨ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਕੂਲ 15 ਕਮਰੇ ਸਮਾਰਟ ਕਲਾਸ ਰੂਮ ਬਣਾਏ ਗਏ ਹਨ ਉਨ੍ਹਾਂ ਦੱਸਿਆ ਕਿ ਇੱਕ ਮੋਬਾਇਲ ਲਾਇਬਰੇਰੀ ਸਮੇਤ ਤਿੰਨ ਲਾਇਬਰੇਰੀਆਂ ਤੋਂ ਸੁੰਦਰ ਲਿਖਾਈ ਪਾਰਕ, ਮੈਥ ਪਾਰਕ ਅਤੇ ਆਈਟੀ ਪਾਰਕ ਬਣਾਇਆ ਗਿਆ ਹੈ ਜਿਸ ਨਾਲ ਬੱਚੇ ਡਿਜੀਟਲ ਪੜ੍ਹਾਈ ਰਾਹੀਂ ਸਮੇਂ ਦੇ ਹਾਣੀ ਬਣ ਰਹੇ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਲਈ ਹੋਰ ਵੀ ਸਹੂਲਤਾਂ ਮੌਜੂਦ ਹਨ।
ਸਨਮਾਨ ਦਾ ਹੱਕਦਾਰ ਨਰਿੰਦਰ ਸਿੰਘ
ਸੇਵਾਮੁਕਤ ਜਿਲ੍ਹਾ ਸਿੱਖਿਆ ਅਫਸਰ ਡਾਕਟਰ ਅਮਰਜੀਤ ਕੌਰ ਕੋਟਫੱਤਾ ਦਾ ਕਹਿਣਾ ਸੀ ਕਿ ਜੰਡਿਆਲੀ ਸਕੂਲ ਦੀ ਮਮਟੀ ’ਤੇ ਸਿੱਖਿਆ ਦਾ ਦੀਵਾ ਜਗਾਉਣ ਵਾਲਾ ਅਧਿਆਪਕ ਨਰਿੰਦਰ ਸਿੰਘ ਸੱਚਮੁੱਚ ਸਨਮਾਨ ਦਾ ਪਾਤਰ ਹੈ । ਉਨ੍ਹਾਂ ਕਿਹਾ ਕਿ ਨਰਿੰਦਰ ਸਿੰਘ ਨੇ ਸਹੀ ਅਰਥਾਂ ’ਚ ‘ਸਰਕਾਰੀ ਸਕੂਲ ਬੁਲੰਦੀਆਂ ਤੇ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਇਸ ਅਧਿਆਪਕ ਨੇ ਪਿਛੇ ਖੱਪੇ ਨੂੰ ਭਰਿਆ ਹੈ, ਜਿਸ ਨਾਲ ਬੱਚਿਆਂ ਨੂੰ ਨਵੀਂ ਜਾਗ ਲੱਗੇਗੀ। ਉਨ੍ਹਾਂ ਕਿਹਾ ਕਿ ਨਵੇਂ ਕਦਮ ਚੁੱਕਕੇ ਸਕੂਲ ਸਟਾਫ ਨੇ ਉਲਾਂਭੇ ਵੀ ਲਾਹੇ ਅਤੇ ਮਿਹਣੇ ਮਾਰਨ ਵਾਲਿਆਂ ਦੀ ਮੜਕ ਵੀ ਭੰਨੀ ਹੈ। ਉਨ੍ਹਾਂ ਵਿੱਦਿਆ ਦਾ ਚਾਨਣ ਵੰਡਣ ਵਾਲੇ ਅਧਿਆਪਕ ਨਰਿੰਦਰ ਸਿੰਘ ਨੂੰ ਸਲਾਮ ਕੀਤੀ ਹੈ ।