- "" ਬੀਤੇ ਸਮੇਂ ਹੋਂਦ ਚਿੱਲੜ ਦੇ ਨਾਮ 'ਤੇ ਜਿਹੜੇ ਭੇਖੀਆਂ ਨੇ ਜਿਹੜਾ 'ਧਰੋਅ' ਕਮਾਇਆ ਉਸ ਨੂੰ ਸਦਾ ਯਾਦ ਰੱਖਿਆ ਜਾਵੇਗਾ । ਉਸ ਦੇ ਕੱਚੇ ਚਿੱਠੇ ਜਲਦੀ ਹੀ ਨਸ਼ਰ ਕੀਤੇ ਜਾਣਗੇ । ਇਨ੍ਹਾਂ ਲੋਕਾਂ ਨੇ ਜਿਹੜੀਆਂ ਮਾਵਾਂ ਦੇ ਹੱਥਾਂ ਚੋਂ ਟੁੱਕ ਖਾਧਾ, ਉਨ੍ਹਾਂ ਹੀ ਮਾਵਾਂ ਦੀ ਕਿਰਦਾਰਕੁਸ਼ੀ ਅਪਣੇ 'ਭਾਵੇਂ ਦੇ ਟੱਟੂਆਂ' ਤੋਂ ਕਰਵਾਈ, ਇਸ ਤੋਂ ਸਾਬਤ ਹੁੰਦੈ ਕਿ ਇਹ ਲੋਕ ਆਪਣੇ ਪਿਓ ਦੇ ਵੀ ਸਕੇ ਨਹੀਂ ਹੁੰਦੇ, ਕਿਨਾਂ ਚੰਗਾ ਹੋਵੇ ਜੇਕਰ, ਇਨ੍ਹਾਂ ਗੱਲਾਂ ਨੂੰ ਇਹ ਲੋਕ ਆਪਣੇ ਜਿਹਨ 'ਤੇ ਲਿਆ ਕੇ ਸੋਚਣ ਕਿ ਅਸੀਂ ਕਿੱਥੋਂ ਪਹੁੰਚ ਗਏ, ਨਾ ਸਿਆਸਤ ਸਾਡੇ ਪੱਲੇ ਰਹੀ ਨਾ ਧਾਰਮਿਕ ਪੱਖ । ਉਨ੍ਹਾਂ ਵੇਲਿਆਂ 'ਚ ਲੋਕ ਇਨ੍ਹਾਂ ਦਾ ਕਿਨਾ ਸਤਿਕਾਰ ਕਰਦੇ ਸਨ ਪਰ ਅੱਜ ਹਾਲਾਤ ਕੀ ਬਣ ਚੁੱਕੇ ਨੇ, ਇਸ ਦਾ ਜਿੰਮੇਵਾਰ ਕੌਣ ਹੈ, ਅਜੇ ਹੋਰ ਕਿੰਨਾ ਡਿਗੋਗੇ । ਇਹ ਗੱਲਾਂ ਇਨ੍ਹਾਂ ਲੋਕਾਂ ਨੂੰ ਆਲੇ ਦੁਆਲੇ ਦੀ ਜੁੰਡਲੀ ਨਹੀਂ ਦੱਸਦੀ,, ਖੈਰ "" । ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ 2 ਨਵੰਬਰ 1984 ਦੀ ਚੜ੍ਹਦੀ ਸਵੇਰ ਨੂੰ ਵਹਿਸ਼ੀ ਦਰਿੰਦਿਆਂ ਦੀ ਭੜਕੀ ਭੀੜ ਵੱਲੋਂ ਹਰਿਆਣਾ ਦੇ ਪਿੰਡ ਹੋਂਦ ਚਿੱਲੜ ਸਣੇ ਵੱਖ-ਵੱਖ ਥਾਵਾਂ ਨੂੰ ਨਿਸ਼ਾਨਾ ਬਣਾ ਕੇ 3 ਦਿਨ ਬੇਰਹਿਮੀ ਨਾਲ ਸਿੱਖਾਂ ਦਾ ਕਤਲੇਆਮ ਕੀਤਾ ਗਿਆ । ਜ਼ਿਲ੍ਹਾ ਰੇਵਾੜੀ ਦੇ ਪਿੰਡ ਹੋਂਦ ਵਿਖੇ 18 ਸਿੱਖ ਪਰਿਵਾਰਾਂ ਦੇ 32 ਜੀਆਂ ਨੂੰ ਮਾਸੂਮ ਬੱਚਿਆਂ ਸਣੇ ਜ਼ਖ਼ਮੀ ਕਰਨ ਤੋਂ ਬਾਅਦ ਇੱਕ ਖੂਹ ਵਿੱਚ ਸੁੱਟ ਦਿੱਤਾ ਅਤੇ ਅੱਗ ਲਗਾਕੇ ਦਰਦਨਾਕ ਮੌਤ ਦਿੱਤੀ ਗਈ । ਉਸ ਤੋਂ ਬਾਅਦ 'ਵਹਿਸ਼ਤ ਦਾ ਨੰਗਾ ਨਾਚ ਨੱਚਦੇ' ਦਰਿੰਦਿਆਂ ਵੱਲੋਂ ਗੁੜਗਾਉਂ, ਰੇਵਾੜੀ ਤੇ ਪਟੌਦੀ ਵਿਖੇ 47 ਸਿੱਖਾਂ ਨੂੰ ਕਤਲ ਕਰਨ ਤੋਂ ਬਾਅਦ ਸਿੱਖ ਬੱਚੀਆਂ ਦੇ ਮੂੰਹ ਵਿੱਚ ਪਿਸ਼ਾਬ ਪਾ ਕੇ 'ਕਰੂਰਤਾ ਭਰੇ ਕਾਰੇ' ਨੂੰ ਅੰਜਾਮ ਦਿੱਤਾ ਗਿਆ । ਫਿਰ 2011 ਨੂੰ ਇਹ ਮਾਮਲਾ ਭਾਈ ਦਰਸ਼ਨ ਸਿੰਘ ਘੋਲੀਆ ਤੇ ਸਾਥੀਆਂ ਦੀ ਬਦੌਲਤ ਅਦਾਲਤ ਦੀਆਂ ਬਰੂਹਾਂ ਤੱਕ ਪਹੁੰਚਿਆ । ਕਰੀਬ 4 ਵਰ੍ਹਿਆਂ ਬਾਅਦ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਸਦਕਾ ਲੜੇ ਗਏ ਕੇਸਾਂ ਦੀ ਬਦੌਲਤ 22 ਕਰੋੜ 60 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਪੀੜਤ ਪਰਿਵਾਰਾਂ ਨੂੰ 'ਅੱਲੇ ਜਖਮਾਂ 'ਤੇ ਮਲ੍ਹਮ' ਦੇ ਰੂਪ ਵਿੱਚ ਮਿਲ਼ੀ । ਕਰੀਬ 133 ਕੇਸ ਅਜੇ ਵੀ ਅਦਾਲਤਾਂ ਵਿੱਚ ਲੰਬਿਤ ਪਏ ਹਨ । ਤਤਕਾਲੀ ਦੋਸ਼ੀ 7 ਪੁਲਿਸ ਅਧਿਕਾਰੀਆਂ ਨੂੰ ਸਜ਼ਾ ਦਾ ਮਾਮਲਾ ਵੀ ਵਿਚਾਲੇ ਲਟਕ ਗਿਆ । ਵਖ਼ਤ ਦੇ ਮਾਰੇ ਪੀੜਤ ਪਰਿਵਾਰ ਗ਼ੁਰਬਤ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ ।
ਹੁਣ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਸਿੱਖ ਕਤਲੇਆਮ ਦੇ ਪੀੜਿਤ ਪਰਿਵਾਰਾਂ ਲਈ ਰਾਹਤ ਭਰਿਆ ਇੱਕ ਅਹਿਮ ਫੈਸਲਾ ਲੈਂਦਿਆਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਵਿਧਾਨ ਸਭਾ ਦੇ ਵਿੱਚ ਆਖਿਆ ਕਿ ਸਿੱਖ ਕਤਲੇਆਮ ਦੌਰਾਨ ਜਿਨ੍ਹਾਂ 121 ਪਰਿਵਾਰਾਂ ਵਿੱਚੋਂ ਕਿਸੇ ਮੈਂਬਰ ਦੀ ਜਾਨ ਗਈ ਸੀ, ਉਨ੍ਹਾਂ ਵਿੱਚੋਂ ਹਰੇਕ ਪਰਿਵਾਰ ਦੇ ਇੱਕ ਮੈਂਬਰ ਨੂੰ ਪਹਿਲ ਦੇ ਆਧਾਰ 'ਤੇ ਸਰਕਾਰ ਵੱਲੋਂ ਨੋਕਰੀ ਦਿੱਤੀ ਜਾਵੇਗੀ । ਉਨ੍ਹਾਂ ਸਦਨ ਨੂੰ ਦੱਸਿਆ ਕਿ 1984 ਦੇ ਸਿੱਖ ਕਤਲੇਆਮ ਦੌਰਾਨ ਸੂਬੇ ਵਿੱਚ ਲਗਭਗ 20 ਗੁਰਦੁਆਰਾ ਸਾਹਿਬ, 221 ਘਰ, 154 ਦੁਕਾਨਾਂ, 57 ਫੈਕਟਰੀਆਂ, 3 ਰੇਲ ਡੱਬੇ ਅਤੇ 85 ਵਾਹਨ ਸਾੜ ਦਿੱਤੇ ਗਏ ਸਨ । ਇਸ ਕਤਲੇਆਮ ਵਿੱਚ 58 ਲੋਕ ਜ਼ਖਮੀ ਹੋਏ ਸਨ ਅਤੇ 121 ਲੋਕਾਂ ਦੀ ਮੌਤ ਹੋ ਗਈ ਸੀ । ਡਾਢਿਆਂ ਨੇ ਬੀਤੇ ਸਮੇਂ ਤੋਂ ਇਸ ਖੰਡਰ ਬਣ ਚੁੱਕੇ ਪਿੰਡ ਹੋਂਦ ਦੇ ਆਲੇ ਦੁਆਲੇ ਦੀ ਜ਼ਮੀਨ ਨੂੰ ਕਾਫੀ ਹੱਦ ਤੱਕ ਆਪਣੇ ਖੇਤਾਂ ਵਿੱਚ ਰਲਾ ਲਿਆ ਹੈ । ਕਈ ਹਵੇਲੀਆਂ ਦੀ ਛੱਤ ਡਿੱਗ ਚੁੱਕੀ ਹੈ ਅਤੇ ਉੱਥੇ ਲਗਾਏ ਬੂਟੇ ਪੱਟ ਦਿੱਤੇ ਹਨ । ਅਸਰ-ਰਸੂਖ ਵਾਲੇ ਲੋਕ ਇਨ੍ਹਾਂ ਹਵੇਲੀਆਂ ਨੂੰ ਢਾਹ ਕੇ ਹੌਲੀ-ਹੌਲੀ ਉਸ ਜਗ੍ਹਾ ਉੱਪਰ ਕਬਜ਼ੇ ਦੀ ਤਾਕ ਵਿੱਚ ਹਨ । ਜਿਨ੍ਹਾਂ ਵੱਲੋਂ ਰਾਤ ਬਰਾਤੇ ਇਨ੍ਹਾਂ ਹਵੇਲੀਆਂ ਨੂੰ ਵਾਰ-ਵਾਰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਜਦ 2016 ਦੇ ਵਿੱਚ ਮਾਨਯੋਗ ਜੱਜ ਟੀ.ਪੀ. ਗਰਗ ਵੱਲੋਂ ਜਦੋਂ ਇਸ ਖੰਡਰ ਪਿੰਡ ਦਾ ਦੌਰਾ ਕੀਤਾ ਗਿਆ ਸੀ ਤਾਂ ਉਨ੍ਹਾਂ ਤੁਰੰਤ ਨਿਸ਼ਾਨਦੇਹੀ ਦੇ ਹੁਕਮ ਦਿੱਤੇ ਸਨ । ਪਰੰਤੂ ਕੁਝ ਲੋਕਾਂ ਵੱਲੋਂ ਉਨ੍ਹਾਂ ਨਿਸਾਨੀਆਂ ਨੂੰ ਮਿਟਾਉਣ ਤੋਂ ਬਾਅਦ ਨਾਲ ਲੱਗਦੀ ਜ਼ਮੀਨ ਨੂੰ ਵੀ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਮੁਖੀ ਭਾਈ ਦਰਸ਼ਨ ਸਿੰਘ ਘੋਲੀਆ ਵੱਲੋਂ ਜ਼ਿਲ੍ਹਾ ਰੇਵਾੜੀ ਦੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਦੌਰਾਨ ਜਦੋਂ ਦੁਬਾਰਾ ਇਹ ਸਾਰਾ ਮਾਮਲਾ ਉਠਾਇਆ ਤਾਂ ਉਨ੍ਹਾਂ ਤੁਰੰਤ ਐਸ.ਡੀ.ਐਮ. ਅਤੇ ਤਹਿਸੀਲਦਾਰ ਰੇਵਾੜੀ ਨੂੰ ਹਦਾਇਤਾਂ ਦਿੱਤੀਆਂ ਕਿ ਪਿੰਡ ਹੋਂਦ ਦੀ ਨਿਸ਼ਾਨਦੇਹੀ ਕੀਤੀ ਜਾਵੇ । ਪੀੜਤ ਪਰਿਵਾਰਾਂ ਨੇ ਆਖਿਆ ਕਿ ਕੁਝ ਲੋਕ ਪਿੰਡ ਹੋਂਦ ਦੀ ਹੋਂਦ ਨੂੰ ਖਤਮ ਕਰਨਾ ਚਾਹੁੰਦੇ ਹਨ ਜਿਸ ਨੂੰ ਰੋਕਣ ਲਈ ਸਰਕਾਰ ਉਨ੍ਹਾਂ ਦੀ ਮਦਦ ਕਰੇ ।
ਸ਼ਹੀਦਾਂ ਦੀ ਯਾਦਗਾਰ ਦੀ ਗੱਲ ਚੱਲੀ ਤਾਂ ਹੈਰਾਨੀਜਨਕ ਤੱਥ ਇਹ ਹੈ ਯਾਦਗਾਰ ਲਈ ਆਇਆ ਕਰੋੜਾਂ ਰੁਪਈਆ ਕੌਣ ਡਕਾਰ ਗਿਆ ਕਿਸੇ ਨੂੰ ਕੁਝ ਨਹੀਂ ਪਤਾ । 2 ਬੈਂਕ ਖਾਤੇ ਕਿਸ ਦੇ ਸਨ ਇਹ ਜ਼ਰੂਰ ਸਾਰੇ ਜਾਣਦੇ ਨੇ । ਯਾਦ ਰੱਖਿਓ ਜਿਸ ਦਿਨ ਸਮੇਂ ਨੇ ਪਲਟੀ ਮਾਰੀ ਤਾਂ ਸਾਰਿਆਂ ਦੇ ਚਿਹਰਿਆਂ ਤੋਂ ਨਕਾਬ ਲੈ ਜਾਣਗੇ । ਚਿਹਰੇ ਦਾ ਹਾਸਾ 'ਕਪੂਰ' ਬਣ ਕੇ ਉੱਡ ਜਾਵੇਗਾ । ਲੋਕਾਂ ਦੇ ਬੱਚਿਆਂ ਦੇ ਮੂੰਹ ਵਿੱਚੋਂ ਰੋਟੀ ਦੀ ਬੁਰਕੀ ਕੱਢ ਕੇ ਆਪਣੇ ਬੱਚਿਆਂ ਨੂੰ ਉੱਚੇ ਰੁਤਬੇ ਦਿਵਾਉਣ ਵਾਲੇ ਕਿੰਨੇ ਬੇਰਹਿਮ ਹੁੰਦੇ ਹਨ ਦੀ ਮਿਸਾਲ ਹੋਂਦ ਚਿੱਲੜ ਦੇ ਘਟਨਾਕ੍ਰਮ ਤੋਂ ਮਿਲ ਜਾਂਦੀ ਹੈ । ਸਹੀ ਸ਼ਬਦਾਂ ਵਿੱਚ ਪੀੜਤਾਂ ਲਈ ਇਨਸਾਫ਼ ਦੀ ਜੰਗ ਲੜਨ ਵਾਲੇ ਕੁਝ ਲੋਕ ਸਦਾ ਹੀ ਇੱਕ ਗੱਲ ਦਾ ਗਿੱਲਾ ਕਰਦੇ ਨੇ ਕਿ ਕੁਝ 'ਭੇਖੀਆਂ' ਵੱਲੋਂ ਭਾਵੇਂ ਹੋਂਦ ਚਿੱਲੜ ਦੇ ਨਾਂ ਤੇ ਸਿਆਸਤ ਤਾਂ ਬਹੁਤ ਕੀਤੀ ਗਈ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦੇ ਲਈ ਕੀਤੀ ਜਾ ਰਹੀ ਚਾਰਾਜੋਈ ਦੇ ਵਿੱਚ ਢਿੱਲ ਵਰਤਣ ਦੇ ਨਾਲ ਹੋਈ ਦੇਰੀ ਦੇ ਚਲਦਿਆਂ ਪੀੜਤ ਪਰਿਵਾਰਾਂ ਦਾ ਵੱਡਾ ਨੁਕਸਾਨ ਹੋ ਗਿਆ । ਕਿਸੇ ਨੇ ਕਿੰਨਾ ਸੱਚ ਕਿਹਾ ਕਿ ਕਈ ਸੱਜਣ ਇੱਥੇ ਆਉਂਦੇ ਰਹੇ ਜਾਂਦੇ ਰਹੇ ਸਮਾਂ ਪਾ ਕੇ ਉਹ ਵੀ ਮੁੜ ਇੱਥੇ ਕਿਤੇ ਵਿਖਾਈ ਨਾ ਦਿੱਤੇ । ਪਤਾ ਨਹੀਂ ਕਿਉਂ ਹੋਂਦ ਚਿੱਲੜ ਦੀਆਂ ਖੰਡਰ ਹਵੇਲੀਆਂ ਨੂੰ ਵੇਖ ਕੇ ਇੱਕ ਗੱਲ ਮਨ ਵਿੱਚ ਸਹਿਜੇ ਹੀ ਆ ਜਾਂਦੀ ਹੈ ਕਿ ਇਥੇ ਸਦਾ ਹੀ ਇਨਸਾਨ ਕੁਝ ਬਣਨ ਦੇ ਲਈ ਮਨ ਵਿੱਚ ਧਾਰ ਕੇ ਆਉਂਦਾ ਹੈ । ਜਦੋਂ ਉਸ ਦੇ ਮਨ ਦੀਆਂ ਸੱਧਰਾਂ ਪੂਰੀਆਂ ਹੋ ਜਾਂਦੀਆਂ ਹਨ ਤੇ ਉਹ ਮੁੜ ਕੇ ਇੱਥੇ ਫੇਰਾ ਪਾਉਣਾ ਵੀ ਮੁਨਾਸਬ ਨਹੀਂ ਸਮਝਦਾ ।
ਖੰਡਰ ਹਵੇਲੀਆਂ ਅਤੇ ਵਖਤ ਦੇ ਮਾਰੇ ਪੀੜਿਤ ਪਰਿਵਾਰ ਕਿਸੇ ਨੂੰ ਵੀ ਕੁਝ ਕਹਿਣ ਦੇ ਜੋਗੇ ਨਹੀਂ । ਕਿਉਂਕਿ ਉਨ੍ਹਾਂ ਨੂੰ ਤਾਂ ਕਈਆ ਨੇ ਹੀ ਇਨਸਾਫ਼ ਦੇ ਨਾਂ ਲਾਰੇ ਲਾ ਕੇ ਆਪਣੇ ਨਿੱਜੀ ਮੁਫਾਦਾਂ ਨੂੰ ਪਹਿਲ ਦਿੱਤੀ ਹੈ । ਹਾਂ ਸ਼੍ਰੋਮਣੀ ਕਮੇਟੀ ਨੇ ਪੂਰਾ ਯੋਗਦਾਨ ਜਰੂਰ ਪਾਇਆ ਹੈ । ਖੈਰ ਸਮਾਂ ਪਾ ਕੇ ਚਾਰ ਜਣਿਆਂ ਦੀ ਜੁੰਡਲੀ ਵਿੱਚ ਬੈਠ ਕੇ ਤਾੜੀਆਂ ਮਾਰਨ ਵਾਲੇ ਲੋਕ ਇੱਕ ਦਿਨ ਨੰਗੇ ਜਰੂਰ ਹੋਣਗੇ ਔਰ ਉਸ ਦਿਨ ਉਹਨਾਂ ਕੋਲ ਸਿਵਾਏ ਪਛਤਾਉਣ ਤੋਂ ਕੁਝ ਨਹੀਂ ਹੋਵੇਗਾ । ਕਿਉਂਕਿ ਅਜਿਹੇ ਲੋਕਾਂ ਦਾ ਕੱਚਾ ਚਿੱਠਾ ਤਿਆਰ ਹੋ ਚੁੱਕਿਆ ਹੈ ਜੋ ਸਮਾਂ ਆਉਣ 'ਤੇ ਜਾਰੀ ਹੋ ਜਾਵੇਗਾ । ਸ਼੍ਰੋਮਣੀ ਕਮੇਟੀ ਮੈਂਬਰਾਂ ਜਥੇਦਾਰ ਭੁਪਿੰਦਰ ਸਿੰਘ ਭਲਵਾਨ, ਜਥੇਦਾਰ ਕਰਨੈਲ ਸਿੰਘ ਪੰਜੋਲੀ, ਹੋਂਦ ਚਿੱਲੜ ਇਨਸਾਫ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ, ਚੇਅਰਮੈਨ ਜਸਵੀਰ ਸਿੰਘ ਦਿਓਲ, ਅਕਾਲੀ ਆਗੂ ਸਤਬੀਰ ਸਿੰਘ ਬਨਭੌਰਾ ਆਦਿ ਨੇ ਕਿਹਾ ਕਿ ਬਿਨਾਂ ਸ਼ੱਕ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਪੀੜਿਤ ਪਰਿਵਾਰਾਂ ਸੰਬੰਧੀ ਲਿਆ ਇਹ ਫੈਸਲਾ ਪੀੜਤਾਂ ਦੇ 'ਨਸੂਰ ਬਣ ਚੁੱਕੇ ਜ਼ਖ਼ਮਾਂ' ਨੂੰ ਰਾਹਤ ਦੇਵੇਗਾ । ਸਰਕਾਰ ਦਾ ਇਹ ਫੈਸਲਾ ਸ਼ਲਾਘਾਯੋਗ ਹੈ । ਜਥੇਦਾਰ ਪੰਜੋਲੀ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਅਪੀਲ ਕੀਤੀ ਕਿ ਹੋਂਦ ਚਿੱਲੜ ਵਿਖੇ ਸਿੱਖ ਸ਼ਹੀਦਾਂ ਦੀ ਯਾਦਗਾਰ ਦੀ ਉਸਾਰੀ ਵੀ ਕੀਤੀ ਜਾਵੇ ।
-(1).jpg)
-
ਮਨਜਿੰਦਰ ਸਿੰਘ ਸਰੌਦ, ਸੀਨੀਅਰ ਪੱਤਰਕਾਰ
manjindersinghkalasaroud@gmail.com
9463463136
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.