ਹੜ੍ਹ ਦੇ ਪਾਣੀ ਨਾਲ ਡੇਰਾਬੱਸੀ ਇਲਾਕੇ ਚ ਇੱਕ ਮੌਤ -ਗੁਰਦਸ਼ਨ ਸੈਣੀ ਵੱਲੋਂ ਮਾਲੀ ਮਦਦ
ਗੁਰਦਸ਼ਨ ਸੈਣੀ ਵੱਲੋਂ ਜਨਕ ਰਾਜ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ, ਮਾਲੀ ਮਦਦ ਕੀਤੀ ਭੇਂਟ
ਲਾਲੜੂ, 1 ਸਤੰਬਰ, 2025: ਬੀਤੇ ਕੱਲ ਝਰਮਲ ਨਦੀ ਵਿੱਚ ਰੁੜਨ ਨਾਲ ਮੌਤ ਦੇ ਮੂੰਹ ਵਿੱਚ ਪੁੱਜੇ ਜਨਕ ਰਾਜ ਦੇ ਪਰਿਵਾਰ ਨਾਲ ਸੀਨੀਅਰ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਮਦਰਦੀ ਦਾ ਇਜ਼ਹਾਰ ਕੀਤਾ ਗਿਆ। ਜਨਕ ਰਾਜ ਦੇ ਘਰ ਪੁੱਜੇ ਸੈਣੀ ਨੇ ਕਿਹਾ ਕਿ ਭਾਵੇਂ ਕੋਈ ਵੀ ਜਨਕ ਰਾਜ ਨੂੰ ਵਾਪਸ ਤਾਂ ਨਹੀਂ ਲਿਆ ਸਕਦਾ, ਪਰ ਪਰਿਵਾਰ ਨਾਲ ਦੁੱਖ ਵੰਡਾ ਕੇ ਉਨ੍ਹਾਂ ਦਾ ਦੁੱਖ ਜ਼ਰੂਰ ਘੱਟ ਕਰ ਸਕਦਾ ਹੈ। ਇਸ ਮੌਕੇ ਉਨ੍ਹਾਂ ਪਰਿਵਾਰ ਨੂੰ 31 ਹਜ਼ਾਰ ਰੁਪਏ ਦੀ ਮਾਲੀ ਮਦਦ ਮੌਕੇ 'ਤੇ ਹੀ ਦਿੱਤੀ। ਸੈਣੀ ਨੇ ਭਰੋਸਾ ਦਿਵਾਇਆ ਕਿ ਜੇਕਰ ਨਗਰ ਕੌਂਸਲ ਵੱਲੋਂ ਪਰਿਵਾਰ ਦੀ ਕੱਚੀ ਛੱਤ ਦੇ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਉਹ ਖੁੱਦ ਆਪਣੇ ਵੱਲੋਂ ਪਰਿਵਾਰ ਦੀ ਕੱਚੀ ਛੱਤ ਨੂੰ ਪੱਕਾ ਕਰਵਾ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪਰਿਵਾਰ ਦਾ ਕੋਈ ਮੈਂਬਰ ਪ੍ਰਾਈਵੇਟ ਨੌਕਰੀ ਲੱਗਣਾ ਚਾਹੇ ਤਾਂ ਉਹ ਤੁਰੰਤ ਨੌਕਰੀ ਲਗਵਾ ਦੇਣਗੇ ਤੇ ਜਦੋਂ ਭਵਿੱਖ ਵਿਚ ਪੰਜਾਬ ਅੰਦਰ ਉਨ੍ਹਾਂ ਦੀ ਸਰਕਾਰ ਆਵੇਗੀ ਤਾਂ ਉਦੋਂ ਉਹ ਪਹਿਲ ਦੇ ਅਧਾਰ 'ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਯਤਨ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਹਰਪ੍ਰੀਤ ਸਿੰਘ ਟਿੰਕੂ, ਗੁਲਜਾਰ ਸਿੰਘ ਟਿਵਾਣਾ, ਸੰਨਤ ਭਾਰਦਵਾਜ, ਪੁਸ਼ਪਿੰਦਰ ਮਹਿਤਾ ਸਮੇਤ ਵੱਡੀ ਗਿਣਤੀ ਭਾਜਪਾਈ ਹਾਜ਼ਰ ਸਨ।