Flood Alert : ਹਰੀਕੇ ਲਾਗੇ ਪਾਣੀ ਦੀ ਵੱਡੇ ਪੱਧਰ 'ਤੇ ਢਾਹ, ਮੌਕੇ ਤੇ ਪਹੁੰਚਿਆ ਪ੍ਰਸ਼ਾਸਨ
ਬਲਜੀਤ ਸਿੰਘ
ਤਰਨ ਤਾਰਨ, 31 ਅਗਸਤ 2025 : ਤਰਨ ਤਾਰਨ ਜ਼ਿਲ੍ਹੇ ਦੇ ਕਸਬੇ ਹਰੀਕੇ ਦੇ ਨੇੜੇ ਸਤਲੁਜ ਦਰਿਆ ਦੇ ਬੰਨ੍ਹ 'ਤੇ ਸਥਿਤ ਗੱਟਾ ਹਰੀਕੇ ਦੀ ਨੋਚ ਨੂੰ ਵੱਡੇ ਪੱਧਰ 'ਤੇ ਢਾਹ ਲੱਗਣੀ ਸ਼ੁਰੂ ਹੋ ਗਈ ਹੈ। ਇਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਲੋਕ ਖੁਦ ਹੀ ਮਿੱਟੀ ਪਾ ਕੇ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਡੀਸੀ ਨੇ ਲਿਆ ਜਾਇਜ਼ਾ
ਸਥਿਤੀ ਦੀ ਜਾਣਕਾਰੀ ਮਿਲਦੇ ਹੀ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਉਨ੍ਹਾਂ ਦੇ ਨਾਲ ਹੈ ਅਤੇ ਇਸ ਨੋਚ ਨੂੰ ਬਚਾਉਣ ਲਈ ਜਲਦੀ ਹੀ ਰਾਹਤ ਕਾਰਜ ਸ਼ੁਰੂ ਕੀਤੇ ਜਾਣਗੇ।
ਡੀਸੀ ਰਾਹੁਲ ਨੇ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਹਾਲਾਤ ਕਾਬੂ ਹੇਠ ਹਨ ਅਤੇ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਦਿਨ-ਰਾਤ ਲੋਕਾਂ ਦੀ ਮਦਦ ਵਿੱਚ ਲੱਗਿਆ ਹੋਇਆ ਹੈ ਅਤੇ ਜਿੱਥੇ ਵੀ ਖ਼ਤਰਾ ਜਾਪਦਾ ਹੈ, ਉੱਥੇ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ। ਉਹ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਲਗਾਤਾਰ ਦੌਰਾ ਕਰ ਰਹੇ ਹਨ ਅਤੇ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ।