ਟੋਲ ਫਰੀ ਨੰਬਰ 14416 ‘ਤੇ ਕਾਲ ਕਰਕੇ ਮਾਨਸਿਕ ਰੋਗਾਂ ਬਾਰੇ ਲਈ ਜਾ ਸਕਦੀ ਮੁਫ਼ਤ ਸਲਾਹ : ਸਿਵਲ ਸਰਜਨ
ਅਸ਼ੋਕ ਵਰਮਾ
ਬਠਿੰਡਾ, 11 ਅਗਸਤ 2025 : ਸਿਵਲ ਸਰਜਨ ਡਾ ਤਪਿੰਦਰਜੋਤ ਨੇ ਸੂਬਾ ਸਰਕਾਰ ਵੱਲੋਂ ਸੁਰੂ ਕੀਤੀ ਟੈਲੀ ਮਾਨਸ ਐਪ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਸਮਾਜ ਵਿਚ ਮਾਨਸਿਕ ਰੋਗਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਦੇ ਮੱਦੇਨਜ਼ਰ ਸੂਬਾ ਸਰਕਾਰ ਵੱਲੋਂ ਮਾਨਸਿਕ ਸਿਹਤ ਪ੍ਰੋਗਰਾਮ ਅਧੀਨ ਟੈਲੀ ਮਾਨਸ ਪੰਜਾਬ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਅਧੀਨ ਟੋਲ ਫਰੀ ਨੰਬਰ 14416 ‘ਤੇ ਕਾਲ ਕਰਕੇ ਆਪਣੇ ਮਾਨਸਿਕ ਰੋਗਾਂ ਬਾਰੇ ਅਤੇ ਇਲਾਜ ਬਾਰੇ ਮੁਫ਼ਤ ਜਾਣਕਾਰੀ ਹਾਸਲ ਕਰ ਸਕਦੇ ਹਾਂ।
ਸਿਵਲ ਸਰਜਨ ਨੇ ਕਿਹਾ ਕਿ ਮਾਨਸਿਕ ਰੋਗਾਂ ਨੂੰ ਛੁਪਾਉਣਾ ਨਹੀਂ ਚਾਹੀਦਾ ਸਗੋਂ ਇਨ੍ਹਾਂ ਬਾਰੇ ਦੱਸ ਕੇ ਮਾਹਿਰ ਡਾਕਟਰ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ। ਪੰਜਾਬ ਸਰਕਾਰ ਵੱਲੋਂ ਸਾਰੇ ਹਸਪਤਾਲਾਂ ਵਿੱਚ ਮਾਨਸਿਕ ਰੋਗਾਂ ਦੀਆਂ ਦਵਾਈਆਂ ਮੁਫਤ ਉਪਲਬਧ ਹਨ। ਇਹ ਰੋਗ ਹਰੇਕ ਉਮਰ ਦੇ ਲੋਕਾਂ ਨੂੰ ਹੋ ਸਕਦਾ ਹੈ ਅਤੇ ਇਹ ਬਿਮਾਰੀ ਪੂਰਨ ਤੌਰ ਤੇ ਇਲਾਜਯੋਗ ਹੈ। ਉਦਾਸੀ, ਚਿੰਤਾ, ਨੀਂਦ ਨਾ ਆਉਣਾ, ਤਣਾਅ, ਵਹਿਮ ਭਰਮ, ਆਪਣੇ ਆਪ ਨੂੰ ਮਾਰਨ ਦੇ ਵਿਚਾਰ ਆਉਣੇ ਮਾਨਸਿਕ ਰੋਗ ਹੋ ਸਕਦੇ ਹਨ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਟੈਲੀ ਮਾਨਸ ਪੰਜਾਬ ਮੁਹਿੰਮ ਅਧੀਨ 14416 ਟੋਲ ਫਰੀ ਨੰਬਰ ‘ਤੇ ਕਾਲ ਕਰਕੇ ਸ਼ੁਰੂ ਵਿਚ ਹੀ ਇਨ੍ਹਾਂ ਰੋਗਾਂ ਦਾ ਮੁਫਤ ਕਾਊਂਸਲਿੰਗ ਰਾਹੀਂ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਬਣੀਆਂ ਪੇਂਡੂ ਸਿਹਤ ਅਤੇ ਖੁਰਾਕ ਕਮੇਟੀਆਂ ਦੁਆਰਾ ਵੀ ਲੋਕਾਂ ਨੂੰ ਇਸ ਪ੍ਰੋਗਰਾਮ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਮਮਤਾ ਦਿਵਸ ਮੌਕੇ ਸਕੂਲਾਂ ਅਤੇ ਕਾਲਜਾਂ ਵਿੱਚ ਜਾ ਕੇ ਸਿਹਤ ਕਰਮਚਾਰੀਆਂ ਵੱਲੋਂ ਟੈਲੀ ਮਾਨਸ ਹੈਲਪਲਾਈਨ ਨੰਬਰ ਅਤੇ ਟੈਲੀ ਮਾਨਸ ਐਪ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਲੋਕ ਆਪਣੀਆਂ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਨੂੰ ਇਸ ਟੈਲੀਫੋਨਿਕ ਹੈਲਪਲਾਈਨ ਰਾਂਹੀ ਘਰ ਬੈਠੇ ਹੀ ਹੱਲ ਕਰ ਸਕਣ ।