ਅਮਰੀਕਾ ਦੇ ਹੰਟਸਵਿਲ, ਅਲਾਬਾਮਾ ਵਿਖੇ ਯੂ. ਐਸ. ਏ ਮਾਸਟਰਜ਼ ਟਰੈਕ ਐਂਡ ਫੀਲਡ ਮੁਕਾਬਲੇ —
ਫਰਿਜ਼ਨੋ ਦੇ ਗੁਰਬਖ਼ਸ਼ ਸਿੰਘ ਸਿੱਧੂ ਨੇ ਸੋਨ ਤਗਮਾ ਜਿੱਤਿਆ
ਗੁਰਿੰਦਰਜੀਤ ਨੀਟਾ ਮਾਛੀਕੇ
ਹੰਟਸਵਿਲ, ਅਲਾਬਾਮਾ (ਅਮਰੀਕਾ) – 17 ਤੋਂ 20 ਜੁਲਾਈ, 2025 ਤੱਕ ਮਿਲਟਨ ਫ੍ਰੈਂਕ ਸਟੇਡੀਅਮ ਵਿੱਚ ਯੂ. ਐਸ. ਏ ਮਾਸਟਰਜ਼ ਟਰੈਕ ਐਂਡ ਫੀਲਡ ਮੁਕਾਬਲੇ ਕਰਵਾਏ ਗਏ, ਜਿੱਥੇ ਦੁਨੀਆ ਭਰ ਤੋਂ ਸੀਨੀਅਰ ਖਿਡਾਰੀਆਂ ਨੇ ਭਾਗ ਲਿਆ। ਇਹਨਾਂ ਖੇਡਾਂ ਵਿੱਚ ਦੋ ਪੰਜਾਬੀ ਸੀਨੀਅਰ ਖਿਡਾਰੀਆਂ ਨੇ ਵੀ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ।
ਫਰਿਜ਼ਨੋ (ਕੈਲੀਫੋਰਨੀਆ) ਦੇ ਗੁਰਬਖ਼ਸ਼ ਸਿੰਘ ਸਿੱਧੂ ਨੇ ਹੈਮਰ ਥ੍ਰੋ ਮੁਕਾਬਲੇ ਵਿੱਚ 42.42 ਮੀਟਰ ਦੀ ਥ੍ਰੋ ਕਰਕੇ ਸੋਨ ਤਗਮਾ ਜਿੱਤਿਆ। ਇਸ ਮੁਕਾਬਲੇ ਵਿੱਚ 8 ਖਿਡਾਰੀ ਭਾਗੀਦਾਰ ਸਨ, ਜਿਸ ਵਿੱਚ ਇੱਕ ਖਿਡਾਰੀ ਇੰਗਲੈਂਡ ਤੋਂ ਵੀ ਸੀ।
ਵੇਟ ਥ੍ਰੋ ਮੁਕਾਬਲੇ ਵਿੱਚ ਵੀ ਗੁਰਬਖ਼ਸ਼ ਸਿੰਘ ਸਿੱਧੂ ਨੇ ਭਾਗ ਲਿਆ, ਅਤੇ ਕਾਂਸੀ ਦਾ ਤਗਮਾ ਜਿੱਤਿਆ। ਇਸ ਇਵੈਂਟ ਵਿੱਚ ਕੁੱਲ 5 ਖਿਡਾਰੀ ਭਾਗੀਦਾਰ ਸਨ।
ਇਸ ਮੁਕਾਬਲੇ ਵਿੱਚ ਫਰਿਜ਼ਨੋ ਤੋਂ ਹੀ ਸੁਖਨੇਨ ਸਿੰਘ ਨੇ ਟਰਿਪਲ ਜੰਪ ਵਿੱਚ ਭਾਗ ਲਿਆ, ਜਿੱਥੇ ਉਨ੍ਹਾਂ ਨੇ ਪੰਜਵਾਂ ਅਤੇ ਅੱਠਵਾਂ ਸਥਾਨ ਹਾਸਲ ਕੀਤਾ।
ਇਹ ਯੂ. ਐਸ. ਏ ਮਾਸਟਰਜ਼ ਟਰੈਕ ਐਂਡ ਫੀਲਡ ਮੁਕਾਬਲੇ 25 ਤੋਂ 100 ਸਾਲ ਦੀ ਉਮਰ ਦੇ ਮਰਦ ਅਤੇ ਔਰਤਾਂ ਲਈ ਹੋਏ। ਇਸ ਇਵੈਂਟ ਲਈ ਕੁੱਲ 1195 ਐਥਲੀਟਸ ਨੇ ਰਜਿਸਟ੍ਰੇਸ਼ਨ ਕਰਵਾਈ। ਖਿਡਾਰੀ ਕੇਵਲ ਅਮਰੀਕਾ ਤੋਂ ਹੀ ਨਹੀਂ ਸਗੋਂ ਇੰਗਲੈਂਡ, ਕੈਨੇਡਾ, ਬਰਾਜ਼ੀਲ, ਯੂਕਰੇਨ, ਲਿਥੂਆਨੀਆ ਅਤੇ ਮੈਕਸੀਕੋ ਤੋਂ ਵੀ ਪਹੁੰਚੇ ਹੋਏ। ਇੱਥੇ ਇਹ ਵੀ ਜਿਕਰਯੋਗ ਹੈ ਕਿ ਐਥਲੀਟ ਗੁਰਬਖਸ਼ ਸਿੰਘ ਸਿੱਧੂ ਲੰਮੇ ਸਮੇਂ ਤੋਂ ਸੀਨੀਅਰ ਖੇਡਾਂ ਵਿੱਚ ਭਾਗ ਲੈ ਰਹੇ ਹਨ, ਅਤੇ ਅੰਤਰਰਾਸ਼ਟਰੀ ਪੱਧਰ ਤੇ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕਰ ਰਹੇ ਹਨ ।