← ਪਿਛੇ ਪਰਤੋ
ਸਰਹਿੰਦ ਨਹਿਰ ’ਚ ਡਿੱਗੀ ਕਾਰ, 11 ਜਣਿਆਂ ਨੂੰ ਸੁਰੱਖਿਅਤ ਕੱਢਿਆ-ਇੱਕ ਬੱਚੇ ਦੀ ਹਾਲਤ ਨਾਜ਼ੁਕ ਅਸ਼ੋਕ ਵਰਮਾ ਬਠਿੰਡਾ,23 ਜੁਲਾਈ2025: ਬਠਿੰਡਾ ਜਿਲ੍ਹੇ ਵਿੱਚ ਸਵਾਰੀਆਂ ਨਾਲ ਭਰੀ ਇੱਕ ਕਾਰ ਦੇ ਬੇਕਾਬੂ ਹੋਣ ਤੋਂ ਬਾਅਦ ਸਰਹਿੰਦ ਨਹਿਰ ਵਿੱਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕਾਰ ਵਿੱਚ ਕੁੱਲ 11 ਜਣੇ ਸਵਾਰ ਸਨ ਜਿੰਨ੍ਹਾਂ ’ਚ ਪੰਜ ਬੱਚੇ ਸ਼ਾਮਲ ਹਨ। ਇਸ ਘਟਨਾ ਦਾ ਪਤਾ ਲੱਗਣ ਸਾਰ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਤੋਂ ਇਲਾਵਾ ਆਸੇ ਪਾਸੇ ਦੇ ਲੋਕ ਅਤੇ ਡੇਰਾ ਸੱਚਾ ਸੌਦਾ ਸਿਰਸਾ ਦੇ ਕੁੱਝ ਪੈਰੋਕਾਰ ਮੌਕੇ ਤੇ ਪੁੱਜੇ। ਇਸ ਮੌਕੇ ਲੋਕਾਂ ਨੇ ਕਾਰ ਦੇ ਸ਼ੀਸ਼ੇ ਤੋੜ ਕੇ ਕਾਰ ਵਿੱਚ ਸਵਾਰ ਸਮੂਹ 11 ਜਣਿਆਂ ਨੂੰ ਸੁਰੱਖਿਆ ਬਾਹਰ ਕੱਢ ਲਿਆ ਅਤੇ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਇੱਕ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕਾਰ ਸਵਾਰ ਬੀੜ ਤਲਾਬ ਬਸਤੀ ਗਲੀ ਨੰਬਰ 6 ਦੇ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਇਸ ਮੌਕੇ ਥਾਣਾ ਕੈਨਾਲ ਕਲੋਨੀ ਅਧੀਨ ਆਉਂਦੀ ਬਹਿਮਣ ਪੋਸਟ ਤੇ ਤਾਇਨਾਤ ਥਾਣੇਦਾਰ ਨਰਿੰਦਰ ਸਿੰਘ ਤੇ ਰਜਿੰਦਰ ਸਿੰਘ,ਹੌਲਦਾਰ ਜਸਵੰਤ ਸਿੰਘ ਅਤੇ ਹੌਲਦਾਰ ਹਰਪਾਲ ਕੌਰ ਨੇ ਕਾਰ ਸਵਾਰਾਂ ਨੂੰ ਬਚਾਉਣ ਦੌਰਾਨ ਕਾਫੀ ਦਲੇਰੀ ਨਾਲ ਬਚਾਅ ਕਾਰਜ ਕੀਤੇ। ਇਸ ਤੋਂ ਇਲਾਵਾ ਡੇਰਾ ਪ੍ਰੇਮੀਆਂ ਨੇ ਨਹਿਰ ਦੇ ’ਚ ਛਾਲਾਂ ਮਾਰਕੇ ਕਾਰ ਸਵਾਰ ਨੂੰ ਬਚਾਉਣ ’ਚ ਅਹਿਮ ਭੂਮਿਕਾ ਨਿਭਾਈ। ਹਾਦਸੇ ਦੌਰਾਨ ਪੰਜਾਬ ਪੁਲੀਸ ਦੇ ਇੱਕ ਜਵਾਨ ਵੱਲੋਂ ਮੌਕੇ ’ਤੇ ਦਿਖਾਈ ਦਲੇਰੀ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਉਸ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਪਾਣੀ ਵਿੱਚ ਛਾਲ ਮਾਰ ਦਿੱਤੀ ਅਤੇ ਕਾਰ ਸਵਾਰਾਂ ਨੂੰ ਬਾਹਰ ਕੱਢਣ ’ਚ ਅਹਿਮ ਯੋਗਦਾਨ ਪਾਇਆ ਹੈ। ਨੌਜਵਾਨ ਵੈਲਫੇਅਰ ਸੁਸਾਇਟੀ ਦੇ ਇੱਕ ਵਰਕਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ ਦੇ ਬਾਹਮਣ ਪੁਲ ਨੇੜੇ ਇੱਕ ਕਾਰ ਅਚਾਨਕ ਸਰਹਿੰਦ ਨਹਿਰ ਵਿੱਚ ਡਿੱਗ ਗਈ ਹੈ। ਸੁਸਾਇਟੀ ਦੇ ਮੈਂਬਰ ਮੌਕੇ ’ਤੇ ਪਹੁੰਚੇ ਅਤੇ ਰਾਹਗੀਰਾਂ ਦੀ ਮਦਦ ਨਾਲ ਕਾਰ ਸਵਾਰਾਂ ਨੂੰ ਬਚਾਇਆ ਗਿਆ। ਸਿਵਲ ਹਸਪਤਾਲ ਬਠਿੰਡਾ ਦੀ ਵਿੱਚ ਐਮਰਜੈਂਸੀ ਵਿੱਚ ਤਾਇਨਾਤ ਡਾ. ਹਰਸ਼ਿਤ ਗੋਇਲ ਨੇ ਦੱਸਿਆ ਕਿ ਕੁੱਲ 11 ਲੋਕ ਸਾਡੇ ਕੋਲ ਆਏ ਹਨ, ਜਿਨ੍ਹਾਂ ਵਿੱਚ 5 ਬੱਚੇ ਤੇ ਤਿੰਨ ਮਹਿਲਾਵਾਂ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਇੱਕ ਬੱਚੇ ਦੀ ਹਾਲਤ ਨਾਜ਼ੁਕ ਹੈ। ਥਾਣਾ ਕੈਨਾਲ ਦੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
Total Responses : 2842