ਪੰਜਾਬ 'ਚ ਧੀਆਂ ਦੀਆਂ ਚੁੰਨੀਆਂ ਦੇ ਰੰਗ 'ਚਿੱਟੇ' ਕਰਨ ਵਾਲਿਆਂ ਨੂੰ ਮਿਲੇਗੀ ਮਿਸਾਲੀ ਸਜ਼ਾ
ਸਿੱਖਿਆ ਦਾ ਨਸ਼ਾ ਕਰੋ, ਜਿਸਦੀ ਰੰਗਤ ਪੁਸ਼ਤਾਂ ਤੱਕ ਰਹੇਗੀ - ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ
ਅਹਿਮਦਗੜ੍ਹ / ਮਾਲੇਰਕੋਟਲਾ, 24 ਜੁਲਾਈ 2025- ਵਿਧਾਇਕ ਅਮਰਗੜ੍ਹ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਬ ਡਵੀਜਨ ਅਹਿਮਦਗੜ੍ਹ ਵਿਖੇ ਡਾਕਟਰ ਅੰਬੇਦਕਰ ਧਰਮਸ਼ਾਲਾ(ਵਾਰਡ ਨੰਬਰ 1,2 ਅਤੇ 17),ਅਗਰਵਾਲ ਧਰਮਸ਼ਾਲਾ(ਵਾਰਡ ਨੰ.3,4 ਅਤੇ 5) ਅਤੇ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ(ਵਾਰਡ ਨੰ.6 ਅਤੇ 7) ਵਿਖੇ ਲਗਾਏ ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਇਕੋ-ਇਕ ਉਦੇਸ਼ ਹਰ ਪਿੰਡ, ਹਰ ਘਰ ਨੂੰ ਨਸ਼ਾ ਮੁਕਤ ਕਰਨਾ ਹੈ ।
ਉਨ੍ਹਾਂ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ ਕੈਂਪਾਂ’ਦੇ ਬਹੁਤ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ । ਪਿਛਲੀਆਂ ਸਰਕਾਰਾਂ ਤੇ ਵਰਦੇ ਹੋਏ ਕਿਹਾ ਕਿ ਉਨ੍ਹਾਂ ਨਸ਼ਾ ਤਸਕਰਾਂ ਨਾਲ ਮਿਲ ਕੇ ਪੰਜਾਬ ਨੂੰ ਬਰਬਾਦ ਕਰਨ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚੋਂ ਨਸ਼ੇ ਦਾ ਖਾਤਮਾ ਕਰਕੇ ਹੀ ਦਮ ਲਵੇਗੀ। ਇਸ ਮੌਕੇ ਉਹਨਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਕਿ ਪੰਜਾਬ ਦੀਆਂ ਧੀਆਂ ਦੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਨ ਵਾਲਿਆਂ ਨੂੰ ਸਲਾਖਾਂ ਪਿੱਛੇ ਭੇਜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾ ਰਹੀ ਹੈ
ਉਹਨਾਂ ਕਿਹਾ ਕਿ ‘ਨਸ਼ਾ ਮੁਕਤੀ ਯਾਤਰਾ’ਮੁਹਿੰਮ ਦਾ ਉਦੇਸ਼ ਨਸ਼ਾ ਪੀੜਤਾਂ ਨੂੰ ਨਸ਼ਿਆਂ ਦੇ ਚੁੰਗਲ ਵਿੱਚੋਂ ਕੱਢ ਕੇ ਉਨ੍ਹਾਂ ਦਾ ਸਹੀ ਇਲਾਜ, ਕਾਊਂਸਲਿੰਗ ਤੇ ਉਨ੍ਹਾਂ ਦੇ ਪੁਨਰਵਾਸ ਲਈ ਕਿੱਤਾ-ਮੁੱਖੀ ਸਿਖਲਾਈ ਦੇਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਯਾਤਰਾ ਲੋਕ ਲਹਿਰ ਵਜੋ ਪ੍ਰਚੱਲਿਤ ਹੋਵੇਗੀ। ਉਹਨਾਂ ਨਸ਼ਾ ਮੁਕਤੀ ਯਾਤਰਾ ‘ਚ ਸ਼ਾਮਲ ਹੋਏ ਨੋਜਵਾਨਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਜੇਕਰ ਨਸ਼ਾ ਕਰਨਾ ਹੈ ਤਾਂ ਸਿੱਖਿਆ, ਮਿਹਨਤ ਦਾ ਕਰੋ, ਜਿਸ ਦੀ ਰੰਗਤ ਪੁਸ਼ਤਾਂ ਤੱਕ ਰਹੇਗੀ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ਾ ਇਕ ਐਸੀ ਅਲਾਮਤ ਹੈ ਜਿਸ ਦਾ ਧੱਬਾ ਸਾਰੀ ਜਿੰਦਗੀ ਨਹੀਂ ਉਤਰਦਾ ਅਤੇ ਜਿੰਦਗੀ ਦੀ ਰੌਸ਼ਨੀ ਨੂੰ ਸਲਾਖਾ ਪਿੱਛੇ ਲੈ ਜਾਂਦਾ ਹੈ।
ਇਸ ਮੌਕੇ ਉਨ੍ਹਾਂ ਨਗਰ ਨਿਵਾਸੀਆਂ ਨੂੰ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਚੁਕਵਾਈ ਅਤੇ ਸਮਾਜ ਨੂੰ ਵੀ ਇਸ ਬਰਾਈ ਤੋਂ ਮੁਕਤ ਕਰਵਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ । ਇਸ ਮੌਕੇ ਕਾਰਜ ਸਾਧਕ ਅਫਸਰ ਵਿਕਾਸ ਉੱਪਲ,ਚੇਅਰਮੈਨ ਮਾਰਕਿਟ ਕਮੇਟੀ ਕਮਲਜੀਤ ਸਿੰਘ ਉੱਭੀ, ਟਰੱਕ ਯੂਨੀਅਨ ਦੇ ਪ੍ਰਧਾਨ ਪਾਲ ਸਿੰਘ,ਸਥਾਨਕ ਸ਼ਹਿਰੀ ਪ੍ਰਧਾਨ ਆਪ ਰਿੰਕੂ, ਸਾਬਕਾ ਐਮ.ਸੀ ਜੀਵਨ ਸਿੰਘ, ਸਾਬਕਾ ਪ੍ਰਧਾਨ ਨਗਰ ਕੌਂਸਲ ਜਤਿੰਦਰ ਕੁਮਾਰ ਭੋਲਾ, ਜਗਤਾਰ ਸਿੰਘ, ਰਮਨ ਅਮਰਪੁਰਾ, ਗੁਰਵਿੰਦਰ ਸਿੰਘ ਗੋਰਖਾ, ਕਮਲ ਸੰਧੂ, ਯੂਥ ਪ੍ਰਧਾਨ ਸੋਨੂੰ ਸਰਮਾ,ਅਭਿਜੋਤ ਸਿੰਘ, ਆਨੰਦੀ ਦੇਵੀ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਨੌਜਵਾਨਾਂ ਵਲੋਂ ਸ਼ਿਰਕਤ ਕੀਤੀ ਗਈ।