Babushahi Special ਵਿਜੀਲੈਂਸ ਮਾਮਲਾ: ਥਾਰ ਵਾਲੀ ਬੀਬੀ ਦੀਆਂ ਬਰੂਹਾਂ 'ਤੇ ਪੁੱਜੀ ਪਰਖ ਦੀ ਘੜੀ- ਅਦਾਲਤੀ ਸੁਣਵਾਈ ਸ਼ੁਰੂ
ਅਸ਼ੋਕ ਵਰਮਾ
ਬਠਿੰਡਾ, 24 ਜੁਲਾਈ 2025: ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਨਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਬਰਖਾਸਤ ਸੀਨੀਅਰ ਸਿਪਾਹੀ ਅਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਦੇ ਮਾਮਲੇ ਦੀ ਜਿਲ੍ਹਾ ਅਦਾਲਤ ਬਠਿੰਡਾ ’ਚ ਸੁਣਵਾਈ ਸ਼ੁਰੂ ਹੋ ਗਈ ਹੈ। ਅਮਨਦੀਪ ਕੌਰ ਜੋ ਕਿ ‘ਥਾਰ ਵਾਲੀ ਬੀਬੀ’ ਵਜੋਂ ਮਸ਼ਹੂਰ ਹੋਈ ਸੀ, ਇਸ ਵੇਲੇ ਬਠਿੰਡਾ ਜੇਲ੍ਹ ਵਿੱਚ ਬੰਦ ਹੈ। ਵਿਜੀਲੈਂਸ ਵੱਲੋਂ ਹਾਲੀਆ 19 ਜੁਲਾਈ ਨੂੰ ਐਡੀਸ਼ਨਲ ਜਿਲ੍ਹਾ ਤੇ ਸੈਸ਼ਨ ਜੱਜ ਬਠਿੰਡਾ ਦੀ ਅਦਾਲਤ ਵਿੱਚ ਇਸ ਕੇਸ ਦਾ ਚਲਾਨ ਪੇਸ਼ ਕੀਤਾ ਗਿਆ ਸੀ। ਜਿਲ੍ਹਾ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 23 ਜੁਲਾਈ ਰੱਖੀ ਸੀ ਪਰ ਕਿਸੇ ਕਾਰਨ ਕਰਕੇ ਕੋਈ ਕਾਰਵਾਈ ਨਹੀਂ ਹੋ ਸਕੀ ਸੀ। ਬੁੱਧਵਾਰ ਨੂੰ ਅਦਾਲਤ ਨੇ ਅਗਲੀ ਸੁਣਵਾਈ ਲਈ 11 ਅਗਸਤ ਮੁਕੱਰਰ ਕੀਤੀ ਗਈ ਹੈ। ਇਸ ਦਿਨ ਮੁਲਜਮ ਅਮਨਦੀਪ ਕੌਰ ਤੇ ਦੋਸ਼ ਆਇਦ ਕੀਤੇ ਜਾਣੇ ਹਨ।
ਮੰਨਿਆ ਜਾ ਰਿਹਾ ਹੈ ਕਿ ਹੁਣ ਅਗਲੀ ਕਾਰਵਾਈ ਲਈ ਰਾਹ ਪੱਧਰਾ ਹੋ ਗਿਆ ਹੈ। ਚੇਤੇ ਰਹੇ ਕਿ ਵਿਜੀਲੈਂਸ ਰੇਂਜ ਬਠਿੰਡਾ ਨੇ ਅਮਨਦੀਪ ਕੌਰ ਖਿਲਾਫ 26 ਮਈ, 2025 ਨੂੰ ਐੱਫਆਈਆਰ ਨੰਬਰ 15 ਦਰਜ ਕੀਤੀ ਸੀ। ਉਸ ਵਿਰੁੱਧ ਇਹ ਮੁਕੱਦਮਾ ਵਸੀਲਿਆਂ ਤੋਂ ਵੱਧ ਸੰਪਤੀ ਬਨਾਉਣ ਦੇ ਇਲਜ਼ਾਮਾਂ ਤਹਿਤ ਦਰਜ ਹੋਇਆ ਸੀ। ਮਾਮਲਾ ਅਦਾਲਤ ਵਿੱਚ ਪੁੱਜਣ ਤੋਂ ਬਾਅਦ ਹੁਣ ਲੋਕਾਂ ਦੀਆਂ ਨਜ਼ਰਾਂ ਹੁਣ ਇਸ ਸਬੰਧ ਵਿੱਚ ਹੋਣ ਵਾਲੀ ਅਗਲੀ ਕਾਰਵਾਈ ਤੇ ਟਿਕ ਗਈਆਂ ਹਨ। ਬਠਿੰਡਾ ਪੁਲਿਸ ਅਤੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ 1 ਮਈ 2025 ਨੂੰ ਜਦੋਂ ਅਮਨਦੀਪ ਕੌਰ ਤੋਂ ਚਿੱਟਾ ਬਰਾਮਦ ਕੀਤਾ ਸੀ ਤਾਂ ਉਦੋਂ ਉਹ ਪਹਿਲੀ ਵਾਰ ਚਰਚਾ ਵਿੱਚ ਆਈ ਸੀ । ਖਾਸ ਤੌਰ ਤੇ ਅਮਨਦੀਪ ਦੀਆਂ ਸੋਸ਼ਲ ਮੀਡੀਆ ਤੇ ਸਰਗਰਮੀਆਂ ਤੇ ਲਗਜ਼ਰੀ ਲਾਈਫ ਸਟਾਈਲ ਸਾਹਮਣੇ ਆਉਣ ਕਾਰਨ ਮਾਮਲਾ ਇੱਕ ਤਰਾਂ ਨਾਲ ਹਾਈਪ੍ਰੋਫਾਈਲ ਬਣ ਗਿਆ ਹੈ।
ਇਹੋ ਕਾਰਨ ਹੈ ਕਿ ਹੁਣ ਲੋਕ ਡੂੰਘੀ ਦਿਲਚਸਪੀ ਰੱਖਣ ਲੱਗੇ ਹਨ ਕਿ ਪੰਜਾਬ ਪੁਲਿਸ ਦੀ ਇਸ ਬਰਖਾਸਤ ਮੁਲਾਜਮ ਦੇ ਮਾਮਲੇ ’ਚ ਵਿਜੀਲੈਂਸ ਕਾਰਵਾਈ ਦਾ ਊਂਠ ਕਿਸ ਕਰਵਟ ਬੈਠਦਾ ਹੈ। ਅਮਨਦੀਪ ਕੌਰ ਨੇ ਇਸ ਤੋਂ ਪਹਿਲਾਂ ਬਠਿੰਡਾ ਅਦਾਲਤ ਵਿੱਚ ਰੈਗੂਲਰ ਜ਼ਮਾਨਤ ਲਈ ਅਰਜ਼ੀ ਲਾਈ ਸੀ ਜਿਸ ਨੂੰ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਖ਼ਾਰਜ ਕਰ ਦਿੱਤਾ ਸੀ। ਉਸ ਮਗਰੋਂ ਅਮਨਦੀਪ ਕੌਰ ਨੇ ਜ਼ਮਾਨਤ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਇਆ ਸੀ । ਹਾਈ ਕੋਰਟ ਦੀ ਜਸਟਿਸ ਮੰਜਰੀ ਨਹਿਰੂ ਕੌਲ ਦੀ ਅਦਾਲਤ ਨੇ 22 ਜੁਲਾਈ ਨੂੰ ਅਮਨਦੀਪ ਕੌਰ ਦੀ ਅਰਜ਼ੀ ਖ਼ਾਰਜ ਕਰ ਦਿੱਤੀ ਸੀ ਜਿਸ ਕਰਕੇ ਉਹ ਜੇਲ੍ਹ ਵਿੱਚ ਹੀ ਬੰਦ ਚੱਲੀ ਆ ਰਹੀ ਹੈ। ਹੁਣ ਵਿਜੀਲੈਂਸ ਅਮਨਦੀਪ ਨੂੰ 11 ਅਗਸਤ ਨੂੰ ਅਦਾਲਤ ਵਿੱਚ ਪੇਸ਼ ਕਰੇਗੀ ਤਾਂ ਜੋ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾ ਸਕੇ।
ਅਮਨਦੀਪ ਕੌਰ ਦੇ ਵਕੀਲ ਐਡਵੋਕੇਟ ਵਿਸ਼ਵਦੀਪ ਸਿੰਘ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਮਨਦੀਪ ਕੌਰ ਦੀ ਹਾਜ਼ਰੀ ’ਚ ਦੋਸ਼ ਤੈਅ ਹੋਣਗੇ ਜਿਸ ਤੋਂ ਬਾਅਦ ਗਵਾਹੀਆਂ ਸ਼ੁਰੂ ਹੋਣਗੀਆਂ। ਗੌਰਤਲਬ ਹੈ ਕਿ ਵਿਜੀਲੈਂਸ ਨੇ ਇੱਕ ਸ਼ਕਾਇਤ ਦੀ ਜਾਂਚ ਤੋਂ ਬਾਅਦ ਪੰਜਾਬ ਪੁਲਿਸ ਦੀ ਬਰਖ਼ਾਸਤ ਮਹਿਲਾ ਸੀਨੀਅਰ ਸਿਪਾਹੀ ਅਮਨਦੀਪ ਕੌਰ (ਨੰਬਰ 621/ਮਾਨਸਾ) ਨੂੰ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ ਜਿਸ ਤੋਂ ਬਾਅਦ 26 ਮਈ ਨੂੰ ਥਾਣਾ ਵਿਜੀਲੈਂਸ ਬਠਿੰਡਾ ਵਿਖੇ ਭ੍ਰਿਸ਼ਟਾਚਾਰ ਸਬੰਧੀ ਐਫਆਈਆਰ ਨੰਬਰ 15 ਦਰਜ ਕੀਤੀ ਗਈ ਸੀ। ਜਾਣਕਾਰੀ ਅਨੁਸਾਰ ਵਿਜੀਲੈਂਸ ਨੇ ਇਸ ਦੌਰਾਨ ਅਮਨਦੀਪ ਕੌਰ ਦੀ ਤਨਖਾਹ, ਬੈਂਕ ਖਾਤਿਆਂ ਅਤੇ ਕਰਜ਼ੇ ਦੇ ਰਿਕਾਰਡ ਦੇ ਨਾਲ ਨਾਲ ਉਸ ਵੱਲੋਂ ਸਾਲ 2018 ਅਤੇ 2025 ਦਰਮਿਆਨ ਬਣਾਈ ਚੱਲ ਅਤੇ ਅਚੱਲ ਸੰਪਤੀ ਨਾਲ ਸਬੰਧਤ ਵੇਰਵਿਆਂ ਦੀ ਜਾਂਚ ਕੀਤੀ ਸੀ।
ਵਿਜੀਲੈਂਸ ਤਫਤੀਸ਼ ’ਚ ਉੱਭਰੇ ਤੱਥ
ਵਿਜੀਲੈਂਸ ਦੀ ਜਾਂਚ ’ਚ ਸਾਹਮਣੇ ਆਇਆ ਸੀ ਕਿ ਇਸ ਅਰਸੇ ਦੌਰਾਨ ਅਮਨਦੀਪ ਕੌਰ ਦੀ ਕੁੱਲ ਆਮਦਨ 1ਕਰੋੜ 8ਲੱਖ37 ਹਜ਼ਾਰ 550 ਰੁਪਏ ਸੀ ਜਦੋਂ ਕਿ ਇਸ ਦੇ ਮੁਕਾਬਲੇ ਉਸ ਦਾ ਖਰਚ 1ਕਰੋੜ39ਲੱਖ 64, ਹਜ਼ਾਰ 802 ਰੁਪਏ ਪੈਸੇੇ ਪਾਇਆ ਗਿਆ ਸੀ। ਇਹ ਅਮਨਦੀਪ ਕੌਰ ਦੀ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ 31 ਲੱਖ 27 ਹਜ਼ਾਰ 252.97 ਰੁਪਏ ਹੈ ਜੋਕਿ ਉਸ ਦੀ ਜਾਇਜ਼ ਕਮਾਈ ਤੋਂ 28.85 ਫੀਸਦੀ ਜਿਆਦਾ ਹੈ। ਹੁਣ ਅੱਗਿਓਂ ਵਿਜੀਲੈਂਸ ਦਾ ਬੈਂਗਣੀ ਰੰਗ ਕਿਹੋ ਜਿਹਾ ਉਘੜਦਾ ਹੈ ਇਸ ਦਾ ਤਾਂ ਅੰਤ ਵਿੱਚ ਪਤਾ ਲੱਗੇਗਾ ਪਰ ਪੰਜਾਬ ਪੁਲਿਸ ਨਾਲ ਜੁੜੇ ਇਸ ਮਾਮਲੇ ਨੇ ਕਥਿਤ ਨਸ਼ਾ ਤਸਕਰੀ ਅਤੇ ਕਥਿਤ ਭ੍ਰਿਸ਼ਟਾਚਾਰ ਸਬੰਧੀ ਨਵੀਂ ਚੁੰਝ ਚਰਚਾ ਜਰੂਰ ਛੇੜ ਦਿੱਤੀ ਹੈ।
ਲਗਾਤਾਰ ਚਰਚਿਤ ਰਹੀ ਅਮਨਦੀਪ
ਦਰਅਸਲ ਚਿੱਟਾ ਬਰਾਮਦ ਹੋਣ ਸਬੰਧੀ ਜਦੋਂ ਅਮਨਦੀਪ ਨੂੰ ਜਮਾਨਤ ਮਿਲੀ ਤਾਂ ਚਰਚਾ ਛਿੜੀ ਸੀ ਕਿ ਨਸ਼ਾ ਤਸਕਰੀ ਮਾਮਲੇ ਤੇ ਮਿੱਟੀ ਪੈ ਗਈ ਹੈ। ਜਮਾਨਤ ਤੋਂ ਬਾਅਦ ਅਮਨਦੀਪ ਨੇ ਸੋਸ਼ਲ ਮੀਡੀਆ ਤੇ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਤਾਂ ਇੱਕ ਵਾਰ ਫਿਰ ਤੋਂ ਉਸ ਦੇ ਚਰਚੇ ਛਿੜੇ ਸਨ। ਪਾਸ਼ ਕਲੋਨੀ ਵਿੱਚ ਬਣੀ ਸ਼ਾਨਦਾਰ ਕੋਠੀ, ਬੇਸ਼ਕੀਮਤੀ ਘੜੀ, ਥਾਰ ਤੇ ਅਮਨਦੀਪ ਨੂੰ ਮਹਿੰਗੇ ਮੋਬਾਇਲਾਂ ਦਾ ਸ਼ੌਕ ਹੋਣ ਦੀਆਂ ਗੱਲਾਂ ਹੱਟੀ ਭੱਠੀ ਤੇ ਅੱਜ ਵੀ ਹੁੰਦੀਆਂ ਹਨ। ਵਿਜੀਲੈਂਸ ਗ੍ਰਿਫਤਾਰੀ ਤੋਂ ਕੁੱਝ ਦਿਨ ਪਹਿਲਾਂ ਅਮਨਦੀਪ ਕੌਰ ਨੇ ਇੱਕ ਯੂਟਿਊਬ ਚੈਨਲ ਦੀ ਪੋਡਕਾਸਟ ਇੰਟਰਵਿਊ ਦੌਰਾਨ ਦੋਸ਼ ਲਾਇਆ ਸੀ ਕਿ ਥਾਰ ਵਿੱਚੋਂ ਚਿੱਟਾ ਬਰਾਮਦ ਹੋਣ ਦੀ ਕਾਰਵਾਈ ਪੁਲਿਸ ਵੱਲੋਂ ਪਲਾਂਟ ਕੀਤੀ ਗਈ ਹੈ।