ਦਰਦਨਾਕ ਹਾਦਸਾ: ਟਰੱਕ ਨੂੰ ਧੱਕਾ ਲਾਉਂਦੇ ਸਮੇਂ ਕਰੰਟ ਲੱਗਣ ਨਾਲ ਮੌਤ
ਦੋ ਜ਼ਖਮੀ, ਮਦਦ ਕਰਨੀ ਪਈ ਮਹਿੰਗੀ
ਰਵਿੰਦਰ ਸਿੰਘ
ਖੰਨਾ, 23 ਜੁਲਾਈ 2025 : ਖੰਨਾ ਦੇ ਜੀਟੀ ਰੋਡ ‘ਤੇ ਇਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ ਕਰੰਟ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਤਿੰਨ ਟਰੱਕ ਡਰਾਈਵਰ ਅਤੇ ਇੱਕ ਸਹਾਇਕ ਜੀਟੀ ਰੋਡ ਕਿਨਾਰੇ ਖਰਾਬ ਖੜ੍ਹੇ ਟਰੱਕ ਨੂੰ ਸੜਕ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਦੱਸਿਆ ਗਿਆ ਕਿ ਪਸ਼ੂ ਮੰਡੀ ਵੱਲ ਜਾਂਦੇ ਸਮੇਂ ਸੜਕ ‘ਤੇ ਇੱਕ ਟਰੱਕ ਖਰਾਬ ਖੜ੍ਹਾ ਸੀ। ਪਿੱਛੇ ਆ ਰਹੇ ਟਰੱਕ ਦੇ ਡਰਾਈਵਰ ਨੇ ਸੜਕ ਨੂੰ ਕਲੀਅਰ ਕਰਨ ਲਈ ਟਰੱਕ ਨੂੰ ਸਾਈਡ ਕਰਵਾਉਣ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਉਹ ਆਪਣੇ ਸਹਾਇਕ ਅਤੇ ਇੱਕ ਹੋਰ ਡਰਾਈਵਰ ਦੀ ਮਦਦ ਨਾਲ ਟਰੱਕ ਨੂੰ ਧੱਕਾ ਲਾਉਣ ਲੱਗੇ, ਅਚਾਨਕ ਟਰੱਕ ਵਿੱਚ ਕਰੰਟ ਆ ਗਿਆ। ਕਰੰਟ ਦੀ ਚਪੇਟ ਵਿੱਚ ਆ ਕੇ ਤਿੰਨੇ ਜ਼ਮੀਨ ‘ਤੇ ਡਿੱਗ ਪਏ। ਇਸ ਵਿੱਚ ਦੂਜੇ ਟਰੱਕ ਦੇ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਦੋ ਜ਼ਖਮੀਆਂ ਨੂੰ ਸਿਵਲ ਹਸਪਤਾਲ ਖੰਨਾ ਭੇਜਿਆ ਗਿਆ।
ਜ਼ਖਮੀ ਡਰਾਈਵਰ ਸ਼ਾਮ ਕਿਸ਼ੋਰ ਅਤੇ ਸਹਾਇਕ ਅਜੈ ਨੇ ਦੱਸਿਆ ਕਿ ਉਹ ਨੇੜੇ ਦੀ ਮਿੱਲ ‘ਚ ਸਮਾਨ ਛੱਡ ਕੇ ਵਾਪਸ ਜਾ ਰਹੇ ਸਨ। ਟਰੱਕ ਨੂੰ ਜਿਵੇਂ ਹੀ ਸਾਈਡ ਕਰਵਾਉਣ ਦੀ ਕੋਸ਼ਿਸ਼ ਕੀਤੀ, ਤਦ ਹੀ ਕਰੰਟ ਲੱਗ ਗਿਆ।
ਮੌਕੇ ‘ਤੇ ਪਹੁੰਚੇ ਬਿਜਲੀ ਵਿਭਾਗ ਦੇ ਜੇਈ ਸੁਮਿਤ ਕੁਮਾਰ ਨੇ ਦੱਸਿਆ ਕਿ ਟਰੱਕ ਬਿਜਲੀ ਦੀ ਲਾਈਨ ਦੇ ਬਿਲਕੁਲ ਕੋਲ ਖੜ੍ਹਾ ਸੀ, ਜਿਸ ਕਰਕੇ ਉਸ ਵਿੱਚ ਕਰੰਟ ਆ ਗਿਆ। ਵਿਭਾਗ ਦੀ ਟੀਮ ਨੇ ਟਰੱਕ ਨੂੰ ਲਾਈਨ ਤੋਂ ਹਟਾ ਕੇ ਸੜਕ ਸਾਫ਼ ਕਰਵਾਈ। ਸਿਵਲ ਹਸਪਤਾਲ ਦੀ ਡਾਕਟਰ ਫਰੈਂਕੀ ਨੇ ਕਿਹਾ ਕਿ ਦੋਹਾਂ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਹੁਣ ਉਹ ਖਤਰੇ ਤੋਂ ਬਾਹਰ ਹਨ। ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।