Canada: ਗੁਰੂ ਨਾਨਕ ਜਹਾਜ਼ ਦੀ 111ਵੀਂ ਯਾਦਗਾਰੀ ਵਰ੍ਹੇ-ਗੰਢ 'ਤੇ ਵੈਨਕੂਵਰ 'ਚ ਸਮਾਗਮ
'ਗੁਰੂ ਨਾਨਕ ਜਹਾਜ਼' ਨਾਂ ਦੀ ਬਹਾਲੀ ਅਤੇ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦਾ ਇਤਿਹਾਸ ਦਰੁਸਤ ਕਰਨ ਸਬੰਧੀ ਮਤੇ ਸਰਬ-ਸੰਮਤੀ ਨਾਲ ਪਾਸ
ਹਰਦਮ ਮਾਨ
ਵੈਨਕੂਵਰ , 27 ਮਈ 2025- 111 ਸਾਲ ਪਹਿਲਾਂ ਕੈਨੇਡਾ ਦੇ ਬਸਤੀਵਾਦ ਅਤੇ ਨਸਲਵਾਦ ਦਾ, ਚੜ੍ਹਦੀ ਕਲਾ ਅਤੇ ਭਾਈਚਾਰਕ ਸਾਂਝ ਨਾਲ ਮੁਕਾਬਲਾ ਕਰਨ ਵਾਲੇ 'ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ' ਦੀ ਨਿੱਡਰ ਅਤੇ ਸੁਤੰਤਰ ਹਸਤੀ ਬਾਰੇ, ਵੈਨਕੂਵਰ ਸਮੁੰਦਰੀ ਤੱਟ 'ਤੇ ਇੱਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਇਸ ਵਿੱਚ ਕੈਨੇਡਾ ਵਸਦੇ ਪੰਜਾਬੀ ਭਾਈਚਾਰੇ ਨਾਲ ਸਬੰਧਤ ਸਿਆਸੀ ਆਗੂਆਂ ਤੋਂ ਇਲਾਵਾ, ਵੱਖ-ਵੱਖ ਸੰਸਥਾਵਾਂ, ਉੱਘੀਆਂ ਸ਼ਖਸ਼ੀਅਤਾਂ, ਨੌਜਵਾਨਾਂ, ਬੱਚਿਆਂ ਅਤੇ ਬਜ਼ੁਰਗਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

ਸਮਾਗਮ ਦੇ ਆਗਾਜ਼ ਵਿਚ ਬੀਸੀ ਖਾਲਸਾ ਦਰਬਾਰ ਵੱਲੋਂ ਹਰਿੰਦਰ ਸਿੰਘ ਸੋਹੀ ਤੇ ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਬੀਬੀ ਬਲਜੀਤ ਕੌਰ ਨੇ ਸਭ ਦਾ ਸਵਾਗਤ ਕੀਤਾ ਅਤੇ ਅਕਾਲੀ ਸਿੰਘ ਸਿੱਖ ਸੁਸਾਇਟੀ ਵੱਲੋਂ ਭਾਈ ਜਸਵੀਰ ਸਿੰਘ ਨੇ ਅਰਦਾਸ ਕੀਤੀ। ਮੂਲ ਨਿਵਾਸੀ ਭਾਈਚਾਰੇ ਦੀ ਸਿਸੀਲੀਆ ਪੁਆਇੰਟ ਦਾ ਸੰਦੇਸ਼ ਸਾਂਝਾ ਕੀਤਾ ਗਿਆ ਅਤੇ ਖਾਲਸਾ ਸਕੂਲ ਸਰੀ ਅਤੇ ਐਲਡਰਗਰੋਵ ਅਤੇ ਸਿੱਖ ਅਕੈਡਮੀ ਸਰੀ ਦੇ ਬੱਚਿਆਂ ਨੇ 'ਓ ਕੈਨੇਡਾ' ਗਾਇਨ ਕੀਤਾ।
ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਬਾਬਾ ਗੁਰਦਿੱਤ ਸਿੰਘ ਵੱਲੋਂ ਕਿਰਾਏ 'ਤੇ ਲਏ ਗਏ ਸਮੁੰਦਰੀ ਬੇੜੇ ਦਾ ਨਾਂ ਗੁਰੂ ਨਾਨਕ ਜਹਾਜ਼ ਰੱਖਿਆ ਗਿਆ ਸੀ ਅਤੇ ਅੱਗੇ ਤੋਂ ਇਤਿਹਾਸਕਾਰਾਂ, ਪੱਤਰਕਾਰਾਂ ਅਤੇ ਸਿਆਸਤਦਾਨਾਂ ਨੂੰ 'ਗੁਰੂ ਨਾਨਕ ਜਹਾਜ਼' ਸ਼ਬਦ ਹੀ ਵਰਤਣਾ ਚਾਹੀਦਾ ਹੈ। ਰਾਜ ਸਿੰਘ ਭੰਡਾਲ ਨੇ ਗੁਰੂ ਨਾਨਕ ਜਹਾਜ਼ ਨਾਂ ਦੀ ਵਰਤੋਂ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਵੈਨਕੂਵਰ ਸਿਟੀ ਕੌਂਸਲ ਵੱਲੋਂ ‘ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਨ’ ਦਾ ਐਲਾਨਨਾਮਾ ਕਰਨ 'ਤੇ ਧੰਨਵਾਦ ਕੀਤਾ।
ਸਮਾਗਮ ਦੇ ਮੁੱਖ ਮਨੋਰਥ ਵਜੋਂ ਗੁਰੂ ਨਾਨਕ ਜਹਾਜ਼ ਦੀ ਮੌਜੂਦਗੀ ਸਬੰਧੀ ਅਹਿਮ ਮਤੇ ਪਾਸ ਕੀਤੇ, ਜਿਨ੍ਹਾਂ ਵਿੱਚ ਕੈਨੇਡਾ ਸਰਕਾਰ ਵੱਲੋਂ ਮੰਗੀ ਗਈ ਮੁਆਫ਼ੀ ਦੀ ਸ਼ਬਦਾਵਲੀ ਸੋਧਣ ਅਤੇ ਉਸ ਵਿੱਚ ਮੁੱਖ ਨਾਂ 'ਗੁਰੂ ਨਾਨਕ ਜਹਾਜ਼' ਸ਼ਾਮਿਲ ਕਰਨ ਤੋਂ ਇਲਾਵਾ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਸਬੰਧੀ ਕੈਨੇਡਾ ਦੇ ਇਤਿਹਾਸ ਨੂੰ ਦਰੁਸਤ ਕਰਨ ਅਤੇ ਉਹਨਾਂ ਦੀ ਢੁਕਵੀਂ ਯਾਦ ਸਥਾਪਿਤ ਕਰਨ ਬਾਰੇ ਮੰਗਾਂ ਸ਼ਾਮਿਲ ਕੀਤੀਆਂ ਗਈਆਂ। ਇਹ ਮਤੇ ਅੰਗਰੇਜ਼ੀ ਵਿੱਚ ਤਜਿੰਦਰਪਾਲ ਸਿੰਘ, ਫਰੈਂਚ ਵਿੱਚ ਸਾਹਿਬ ਕੌਰ ਧਾਲੀਵਾਲ ਅਤੇ ਪੰਜਾਬੀ ਵਿੱਚ ਰਣਦੀਪ ਸਿੰਘ ਸੰਧੂ ਵੱਲੋਂ ਪੜ੍ਹੇ ਗਏ ਅਤੇ ਸਾਰਿਆਂ ਦੀ ਪ੍ਰਵਾਨਗੀ ਲਈ ਗਈ।
ਬੀਸੀ ਦੀਆਂ ਵਿਧਾਇਕਾਂ ਜੈਸੀ ਸੁੰਨੜ ਅਤੇ ਸੁਨੀਤਾ ਧੀਰ ਅਤੇ ਵੈਨਕੂਵਰ ਦੇ ਪਾਰਕ ਬੋਰਡ ਕਮਿਸ਼ਨਰ ਜਸਪ੍ਰੀਤ ਸਿੰਘ ਵਿਰਦੀ ਨੇ ਆਪਣੇ ਸੰਬੋਧਨ ਵਿਚ ਗੁਰੂ ਨਾਨਕ ਜਹਾਜ਼ ਨਾਂ ਬਹਾਲ ਕਰਨ 'ਤੇ ਸਹਿਮਤੀ ਪ੍ਰਗਟਾਈ। ਵੈਨਕੂਵਰ ਦੀ ਸਕੂਲ ਟਰਸਟੀ ਪ੍ਰੀਤੀ ਫਰੀਦਕੋਟ ਦੀ ਬੱਚੀ ਖੁਸ਼ੀ ਕੌਰ ਨੇ ਗੁਰੂ ਨਾਨਕ ਜਹਾਜ਼ ਤੇ ਨਜ਼ਮ ਸੁਣਾਈ। 'ਗੁਰੂ ਨਾਨਕ ਜਹਾਜ਼' ਫਿਲਮ ਦੇ ਕਲਾਕਾਰ ਭਵਖੰਡਨ ਸਿੰਘ ਰੱਖੜਾ ਅਤੇ ਅਸ਼ਵਨ ਸਿੰਘ ਨੇ ਫਿਲਮ ਦਾ ਦ੍ਰਿਸ਼ ਪੇਸ਼ ਕਰਕੇ ਲੋਕਾਂ ਦਾ ਮਨ ਮੋਹ ਲਿਆ।
ਗੁਰਦੁਆਰਾ ਬੀਸੀ ਖਾਲਸਾ ਦਰਬਾਰ ਵੈਨਕੂਵਰ ਅਤੇ ਅਕਾਲੀ ਸਿੰਘ ਸਿੱਖ ਸੁਸਾਇਟੀ ਤੋਂ ਇਲਾਵਾ ਗੁਰਦੁਆਰਾ ਦੂਖ ਨਿਵਾਰਨ ਸਰੀ, ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ, ਖਾਲਸਾ ਦੀਵਾਨ ਸੁਸਾਇਟੀ ਸੁਖ ਸਾਗਰ ਨਿਊ ਵੈਸਟਮਿਨਿਸਟਰ, ਗੁਰੂ ਨਾਨਕ ਨਿਵਾਸ ਗੁਰਦੁਆਰਾ ਰਿਚਮੰਡ, ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ, ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਐਬਸਫੋਰਡ, ਗੁਰਦੁਆਰਾ ਸਾਹਿਬ ਬੁਕਸਾਈਡ ਸਰੀ, ਨਾਨਕਸਰ ਵਿੱਚ ਰਿਚਮੰਡ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਨੇ ਗੁਰੂ ਨਾਨਕ ਜਹਾਜ਼ ਸ਼ਬਦ ਵਰਤਣ ਦਾ ਅਹਿਦ ਲਿਆ।
ਪਾਕਿਸਤਾਨ ਦੀ ਰਾਜਸੀ ਸ਼ਖ਼ਸੀਅਤ ਅਤੇ ਸਾਬਕਾ ਪਾਰਲੀਮੈਂਟ ਸਕੱਤਰ ਰਾਏ ਅਜ਼ੀਜ਼ ੳੱਲਾ ਖਾਨ, ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਸੁਨੀਲ ਕੁਮਾਰ ਸ਼ਰਮਾ, ਇਮਤਿਆਜ਼ ਪੋਪਟ ਤੇ ਨੌਜਵਾਨ ਵਕੀਲ ਬਲਪ੍ਰੀਤ ਸਿੰਘ ਖਟੜਾ ਸਮੇਤ ਕਈ ਬੁਲਾਰਿਆਂ ਨੇ ਗੁਰੂ ਨਾਨਕ ਜਹਾਜ਼ ਦੀ ਮਹੱਤਤਾ ਬਾਰੇ ਵਿਚਾਰ ਦਿੱਤੇ। ਖਾਲਸਾ ਸਕੂਲ ਦੇ ਸਿੰਘ-ਸਿੰਘਣੀਆਂ ਨੇ ਗੱਤਕੇ ਦੇ ਜੌਹਰ ਦਿਖਾਏ ਅਤੇ ਯੋਧਿਆਂ ਦੀਆਂ ਢਾਡੀ ਵਾਰਾਂ ਸਰਵਣ ਕਰਾਈਆਂ। ਸਿੱਖ ਅਕੈਡਮੀ ਸਰੀ ਦੇ ਬੱਚਿਆਂ ਨੇ ਗੁਰੂ ਨਾਨਕ ਜਹਾਜ਼ ‘ਤੇ ਇਕਾਂਗੀ ਪੇਸ਼ ਕੀਤੀ।
ਇਸ ਮੌਕੇ 'ਤੇ ਹਾਜ਼ਰ ਸ਼ਖਸੀਅਤਾਂ ਵਿੱਚ ਸਿੱਖ ਹੈਰੀਟੇਜ ਵੈਨਕੂਵਰ ਦੇ ਸੇਵਾਦਾਰ ਤਾਜ ਸਿੰਘ, ਕਾਮਾਗਾਟਾਮਾਰੂ ਹੈਰੀਟੇਜ ਫਾਊਂਡੇਸ਼ਨ ਦੇ ਹਰਭਜਨ ਸਿੰਘ ਗਿੱਲ, ਜਗਰੂਪ ਸਿੰਘ ਖੇੜਾ, ਲਾਟ ਭਿੰਡਰ ਐਡਮਿੰਟਨ, ਗੁਰਮੁਖ ਸਿੰਘ ਦਿਓਲ, ਮਨਪ੍ਰੀਤ ਸਿੰਘ ਡਰੋਲੀ, ਕੁਲਬੀਰ ਸਿੰਘ ਬਹਿਨੀਵਾਲ, ਅਵਤਾਰ ਸਿੰਘ ਗਿੱਲ, ਮਨਜੀਤ ਸਿੰਘ ਸੋਹੀ, ਬਲਵੀਰ ਸਿੰਘ ਸੰਘਾ, ਕੇਸਰ ਸਿੰਘ ਕੂਨਰ, ਜਗਤਾਰ ਸਿੰਘ ਸੰਧੂ, ਅਰਸ਼ਬੀਰ ਸਿੰਘ ਮਾਨ, ਅਨੂਪ ਸਿੰਘ ਲੁੱਡੂ, ਕੁਲਵੰਤ ਸਿੰਘ ਜੌਹਲ ਡਾਕਟਰ ਅਵਲੀਨ ਕੌਰ ਤੇ ਅਨੇਕਾਂ ਹੋਰ ਸ਼ਾਮਿਲ ਸਨ, ਜਦ ਕਿ ਸਿੱਖ ਮੋਟਰ ਸਾਈਕਲ ਸਵਾਰਾਂ ਦੇ ਕਲੱਬਾਂ ਦੇ ਮੋਢੀ ਅਵਤਾਰ ਸਿੰਘ ਢਿੱਲੋ ਨੇ ਸਮਾਗਮ ਵਿੱਚ ਵਿਸ਼ੇਸ਼ ਹਾਜਰੀ ਲਵਾਈ। ਪ੍ਰੋਗਰਾਮ ਦੀ ਸਫਲਤਾ ਲਈ ਪੰਜਾਬੀ ਮੀਡੀਆ ਦੇ ਅਖਬਾਰਾਂ, ਰੇਡੀਓ ਅਤੇ ਟੈਲੀਵਿਜ਼ਨਾਂ ਦਾ ਭਰਪੂਰ ਸਹਿਯੋਗ ਰਿਹਾ।
ਸਮਾਗਮ ਵਿਚ ਬੀਸੀ ਖਾਲਸਾ ਦਰਬਾਰ ਵੈਨਕੂਵਰ ਅਤੇ ਵਣਜਾਰਾ ਨੋਮੈਡ ਕਲੈਕਸ਼ਨਜ਼ ਨੇ ਅਹਿਮ ਭੂਮਿਕਾ ਨਿਭਾਈ। ਡਾਕਟਰ ਮਾਨ ਸਮੂਹ ਸੰਗਤਾਂ, ਸਹਿਯੋਗੀਆਂ ਅਤੇ ਵਿਸ਼ੇਸ਼ਕਰ ਮੀਡੀਏ ਦਾ ਧੰਨਵਾਦ ਕੀਤਾ। ਸਮਾਗਮ ਦਾ ਸੰਚਾਲਨ ਸਾਹਿਬ ਕੌਰ ਧਾਲੀਵਾਲ ਨੇ ਭਾਵਪੂਰਤ ਢੰਗ ਨਾਲ ਕੀਤਾ।