← ਪਿਛੇ ਪਰਤੋ
Babushahi Special ਮਾਪਿਆਂ ਦੀ ਕੂਕ ਚੰਦਰਾ ਹਨੇਰਾ ਖਾ ਗਿਆ ਬੱਗੇ ਸ਼ੇਰ ਨੂੰ: ਥਾਣੇਦਾਰ ਸਣੇ ਤਿੰਨ ਖਿਲਾਫ ਮੁਕੱਦਮਾ ਦਰਜ ਅਸ਼ੋਕ ਵਰਮਾ ਬਠਿੰਡਾ, 26 ਮਈ 2025: ਗੋਨਿਆਣਾ ਮੰਡੀ ਦੀ ਓਮੈਕਸ ਕਲੋਨੀ ਵਾਸੀ ਨਰਿੰਦਰਜੀਤ ਸਿੰਘ ਦੀ ਹੋਈ ਮੌਤ ਦੇ ਮਾਮਲੇ ਵਿੱਚ ਦੁਖਿਆਰੀ ਮਾਂ ਦੀ ਫਰਿਆਦ ਹੈ ਕਿ ਉਸ ਦੇ ਪੁੱਤ ਦੀ ਹੱਤਿਆ ਕਰਨ ਵਾਲਿਆਂ ਨੂੰ ਸਰਕਾਰ ਫਾਹੇ ਲਾਵੇ। ਮਾਂ ਦਾ ਦਰਦ ਹੈ ਕਿ ਉਸ ਦੇ ਕੜੀ ਵਰਗੇ ਗੱਭਰੂ ਪੁੱਤਰ ਨੂੰ ਚੰਦਰਾ ਸਰਕਾਰੀ ਹਨੇਰਾ ਖਾ ਗਿਆ ਹੈ ਜਿਸ ਕਰਕੇ ਹੁਣ ਭਵਿੱਖ ਲਈ ਉਸ ਕੋਲ ਕੁੱਝ ਵੀ ਨਹੀਂ ਬਚਿਆ ਹੈ। ਨਰਿੰਦਰਜੀਤ ਦੀ ਹਿਰਾਸਤੀ ਮੌਤ ਨੂੰ ਲੈਕ ਥਾਣਾ ਕੈਨਾਲ ਕਲੋਨੀ ਪੁਲਿਸ ਨੇ ਮ੍ਰਿਤਕ ਦੇ ਪਿਤਾ ਰਣਜੀਤ ਸਿੰਘ ਵੱਲੋਂ ਦਿੱਤੇ ਬਿਆਂਨਾਂ ਤਹਿਤ ਸੀਆਈਏ 2 ਦੇ ਸਹਾਇਕ ਥਾਣੇਦਾਰ ਅਵਤਾਰ ਸਿੰਘ ਤਾਰੀ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਨਗਰ ਨਿਵਾਸੀ ਗਗਨਦੀਪ ਸਿੰਘ ਤੇ ਹੈਪੀ ਲੂਥਰਾ ਖਿਲਾਫ ਬੀਐਨਐਸ ਦੀ ਧਾਰਾ 105 (ਗੈਰਇਰਾਦਤਨ ਕਤਲ) ਤਹਿਤ ਮੁਕੱਦਮਾ ਦਰਜ ਕੀਤਾ ਹੈ ਜਿਸ ਤੋੲ ਬਾਅਦ ਮਾਪਿਆਂ ਅਤੇ ਮ੍ਰਿਤਕ ਦੀ ਪਤਨੀ ਨੇ ਇਹ ਕੂਕ ਪੁਕਾਰ ਕੀਤੀ ਹੈ। ਮਾਪਿਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਕਾਲੇ ਦਿਨਾਂ ਦੌਰਾਨ ਤਾਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਸਨ ਪਰ ਹੁਣ ਜਦੋਂ ਸਰਕਾਰ ਪੁਲਿਸ ਵਿਹਾਰ ’ਚ ਤਬਦੀਲੀ ਲਿਆਉਣ ਦਾ ਦਾਅਵਾ ਕਰਦੀ ਹੈ ਤਾਂ ਇਸ ਹਿਰਾਸਤੀ ਮੌਤ ਨੇ ਦਰਸਾ ਦਿੱਤਾ ਹੈ ਕਿ ਚੱਕ ਥੱਲ ਦੇ ਮਾਮਲੇ ’ਚ ਬਠਿੰਡਾ ਪੁਲਿਸ ਅਜੇ ਵੀ ਕਿਸੇ ਤੋਂ ਘੱਟ ਨਹੀਂ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਸੀਆਈਏ 2 ਵਿੱਚ ਨਰਿੰਦਰਜੀਤ ਸਿੰਘ ਤੇ ਜਬਰਦਸਤ ਤਸ਼ੱਦਦ ਕੀਤਾ ਗਿਆ ਜਿਸ ਦੇ ਸਿੱਟੇ ਵਜੋਂ ਉਸ ਦੀ ਮੌਤ ਹੋ ਗਈ ਜਿਸ ਨੂੰ ਹਾਦਸੇ ਦਾ ਰੂਪ ਦੇਣ ’ਚ ਗਗਨਦੀਪ ਸਿੰਘ ਅਤੇ ਹੈਪੀ ਲੂਥਰਾ ਨੇ ਸਾਥ ਦਿੱਤਾ ਹੈ। ਪੀੜਤ ਰਣਜੀਤ ਸਿੰਘ ਅਨੁਸਾਰ ਉਸ ਦਾ ਲੜਕਾ ਅਜੀਤ ਰੋਡ ਗਲੀ ਨੰਬਰ 11 ਵਿੱਚ ਇੱਕ ਨਿੱਜੀ ਕੰਪਨੀ ’ਚ ਨੌਕਰੀ ਕਰਦਾ ਸੀ। ਨਰਿੰਦਰ 23 ਮਈ ਨੂੰ ਰੋਜ਼ ਵਾਂਗ ਆਪਣੀ ਗੱਡੀ ਲੈਕੇ ਘਰੋਂ ਗਿਆ ਸੀ ਜਿਸ ਨੂੰ ਗਗਨਦੀਪ ਅਤੇ ਹੈਪੀ ਲੂਥਰਾ ਕਿਧਰੇ ਲੈ ਗਏ ਸਨ। ਉਨ੍ਹਾਂ ਦੀ ਸ਼ਾਮ ਸਾਢੇ ਪੰਜ ਵਜੇ ਨਰਿੰਦਰ ਨਾਲ ਗੱਲ ਹੋਈ ਤਾਂ ਉਸ ਨੇ ਕਿਹਾ ਸੀ ਕਿ ਉਹ ਜਲਦੀ ਹੀ ਘਰ ਵਾਪਿਸ ਆ ਰਿਹਾ ਹੈ ਪਰ ਇਸ ਪਿੱਛੋਂ ਉਸ ਦਾ ਮੋਬਾਇਲ ਫੋਨ ਬੰਦ ਆਉਣ ਲੱਗ ਪਿਆ। ਉਨ੍ਹਾਂ ਪੁਲਿਸ ਨੂੰ ਦੱਸਿਆ ਕਿ ਰਾਤ ਸਾਢੇ 8 ਵਜੇ ਜਦੋਂ ਉਨ੍ਹਾਂ ਨੇ ਨਰਿੰਦਰ ਦੋ ਫੋਨ ਦੁਬਾਰਾ ਮਿਲਾਇਆ ਜਿਸ ਨੂੰ ਗਗਨਦੀਪ ਸਿੰਘ ਨੇ ਚੁੱਕਿਆ ਅਤੇ ਦੱਸਿਆ ਕਿ ਨਰਿੰਦਰਜੀਤ ਦਾ ਐਕਸੀਡੈਂਟ ਹੋ ਗਿਆ ਹੈ ਜਿਸ ਨੂੰ ਉਹ ਹਸਪਤਾਲ ਲੈਕੇ ਆਇਆ ਹੈ। ਜਦੋਂ ਉਹ ਹਸਪਤਾਲ ਪੁੱਜੇ ਤਾਂ ਪਤਾ ਲੱਗਿਆ ਕਿ ਨਰਿੰਦਰ ਦੀ ਮੌਤ ਹੋ ਚੁੱਕੀ ਹੈ। ਹਸਪਤਾਲ ’ਚ ਉਨ੍ਹਾਂ ਦੇਖਿਆ ਕਿ ਨਰਿੰਦਰ ਦੇ ਸ਼ਰੀਰ ਤੇ ਨਿਸ਼ਾਨ ਸਨ ਅਤੇ ਖੂਨ ਜੰਮਿਆ ਹੋਇਆ ਸੀ ਜੋ ਤਸ਼ੱਦਦ ਵੱਲ ਇਸ਼ਾਰਾ ਕਰਦਾ ਸੀ। ਵੀਡੀਓ ਨੇ ਉਨ੍ਹਾਂ ਦਾ ਸ਼ੱਕ ਯਕੀਨ ਵਿੱਚ ਬਦਲ ਦਿੱਤਾ ਕਿ ਸੀਆਈਏ 2 ਦੀ ਹਿਰਾਸਤ ਵਿੱਚ ਨਰਿੰਦਰ ਤੇ ਤਸ਼ੱਦਦ ਕੀਤਾ ਹੈ ਜਿਸ ਕਾਰਨ ਉਸ ਦੀ ਮੌਤ ਹੋਈ ਹੈ। ਬੁੁੱਚੜਾਂ ਵਾਂਗ ਮਾਰਿਆ ਪੁੱਤ-ਮਾਪੇ ਮ੍ਰਿਤਕ ਨਰਿੰਦਰਜੀਤ ਦੇ ਪਿਤਾ ਰਣਜੀਤ ਸਿੰਘ ਨੇ ਆਪਣੇ ਪੁੱਤ ਦੀ ਮੌਤ ਦੇ ਮਾਮਲੇ ਵਿੱਚ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਉਨ੍ਹਾਂ ਦੇ ਪੁੱਤ ਨੂੰ ਬੁੱਚੜਾਂ ਵਾਂਗ ਮਾਰਿਅ ਗਿਆ ਹੈ। ਭੁੱਬਾਂ ਮਾਰਦੀ ਮਾਂ ਨੇ ਕਿਹਾ ਕਿ ਨਰਿੰਦਰ ਉਨ੍ਹਾਂ ਦਾ ਇਕਲੌਤਾ ਪੁੱਤ ਸੀ ਜਿਸ ਦੀ ਮੌਤ ਨੇ ਉਨ੍ਹਾਂ ਦੀ ਝੋਲੀ ਸਦਾ ਲਈ ਦੁੱਖ ਪਾ ਦਿੱਤੇ ਹਨ। ਹੋਵੇਗੀ ਸਖਤ ਕਾਰਵਾਈ :ਐਸਪੀ ਐਸ ਪੀ ਨਰਿੰਦਰ ਸਿੰਘ ਦਾ ਕਹਿਣਾ ਸੀ ਕਿ ਮ੍ਰਿਤਕ ਨਰਿੰਦਰਜੀਤ ਸਿੰਘ ਦੇ ਪਿਤਾ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ਤੇ ਅਵਤਾਰ ਸਿੰਘ ਤਾਰੀ, ਗਗਨਦੀਪ ਸਿੰਘ ਅਤੇ ਹੈਪੀ ਲੂਥਰਾ ਖਿਲਾਫ ਮੁਕੱਦਮਾ ਦਰਜ ਕਰਨ ਉਪਰੰਤ ਮੁਲਜਮਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪੋਸਟਮਾਰਟਮ ਰਿਪੋਰਟ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ ਉਨ੍ਹਾਂ ਦੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾਏਗੀ। ਵੀਡੀਓ ਨੇ ਫਸਾਏ ਮੁਲਜਮ ਦਰਅਸਲ ਇਸ ਕਤਲਕਾਂਡ ਵਿੱਚ ਮ੍ਰਿਤਕ ਨਰਿੰਦਰਜੀਤ ਦੇ ਦੋਸਤ ਗਗਨਦੀਪ ਸਿੰੰਘ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਦੀ ਮਹੱਤਵਪੂਰਨ ਭੂਮਿਕਾ ਸਾਹਮਣੇ ਆਈ ਹੈ। ਗਗਨਦੀਪ ਸਿੰਘ ਨੇ ਵੀਡੀਓ ਬਣਾਕੇ ਖੁਲਾਸਾ ਕੀਤਾ ਸੀ ਕਿ ਸੀਆਈਏ 2 ਵਿੱਚ ਸਹਾਇਕ ਥਾਣੇਦਾਰ ਅਵਤਾਰ ਸਿੰਘ ਤਾਰੀ ਦੀ ਟੀਮ ਨੇ ਨਰਿੰਦਰਜੀਤ ਸਿੰਘ ਤੇ ਥਰਡ ਡਿਗਰੀ ਤਸ਼ੱਦਦ ਕੀਤਾ ਹੈ। ਵਾਇਰਲ ਵੀਡੀਓ ’ਚ ਗਗਨਦੀਪ ਨੇ ਸੀਆਈਏ ਸਟਾਫ ਪੁਲਿਸ ਨੇ ਤਸ਼ੱਦਦ ਕਰਨ ਦੇ ਦੋਸ਼ ਲਾਏ ਸਨ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ ਵੱਲੋਂ ਕਰਵਾਈ ਜਾਂਚ ਦੌਰਾਨ ਹਕੀਕਤ ਸਾਹਮਣੇ ਆ ਗਈ ਅਤੇ ਮੁਕੱਦਮਾ ਦਰਜ ਕਰ ਲਿਆ। ਬਦਨਾਮ ਰਿਹਾ ਸੀਆਈਏ ਸਟਾਫ ਇਸ ਤੋਂ ਪਹਿਲਾਂ 17 ਅਕਤੂਬਰ 2024 ਨੂੰ ਭਿੰਦਰ ਨਾਮੀ ਵਿਅਕਤੀ ਦੀ ਸੀਆੲਏ ਵਨ ਦੀ ਹਿਰਾਸਤ ਵਿੱਚ ਮੌਤ ਹੋ ਗਈ ਸੀ। ਇਸ ਮਾਮਲੇ ਦੀ ਜਾਂਚ ਉਪਰੰਤ ਅਦਾਲਤ ਨੇ ਸੀਆਈਏ ਸਟਾਫ ਦੇ ਤੱਤਕਾਲੀ ਇੰਸਪੈਕਟਰ ਅਤੇ ਕਰੀਬ ਅੱਧੀ ਦਰਜਨ ਹੋਰ ਪੁਲਿਸ ਕਰਮਚਾਰੀਆਂ ਤੇ ਭਿੰਦਰ ਸਿੰਘ ਦੀ ਹੱਤਿਆ ਅਤੇ ਸੂਬਤ ਖੁਰਦ ਬੁਰਦ ਕਰਨ ਦਾ ਮੁਕੱਦਮਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਸਨ। ਜੱਜ ਨੇ ਆਪਣੀ ਰਿਪੋਰਟ ’ਚ ਲਿਖਿਆ ਸੀ ਕਿ ਭਿੰਦਰ ਤੇ ਥਾਣੇ ’ਚ ਡੁਬੋਕੇ ਤਸ਼ੱਦਦ ਕੀਤਾ ਗਿਆ ਹੈ ਜਿਸ ਨਾਲ ਉਸਦੀ ਮੌਤ ਹੋ ਗਈ। ਹੁਣ ਇਹ ਮਾਮਲਾ ਹਾਈਕੋਰਟ ਵਿੱਚ ਚੱਲ ਰਿਹਾ ਹੈ। ਇਸ ਤੋਂ ਬਿਨਾਂ ਵੀ ਸੀਆਈਏ ਸਟਾਫ ਨੇ ਕਈ ਵਾਰ ਪੁਲਿਸ ਨੂੰ ਬਦਨਾਮੀ ਦਿਵਾਈ ਹੈ।
Total Responses : 1168