ਸਿਵਲ ਸਰਜਨ ਕਪੂਰਥਲਾ ਵੱਲੋਂ ਢਿੱਲਵਾਂ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
- ਬਰਸਾਤੀ ਮੌਸਮ ਨੂੰ ਦੇਖਦਿਆਂ ਆਮ ਲੋਕਾਂ ਵਿੱਚ ਡੇਂਗੂ, ਮਲੇਰੀਆ ਅਤੇ ਡਾਇਰੀਆ ਆਦਿ ਬਿਮਾਰੀਆਂ ਪ੍ਰਤੀ ਹੋਰ ਜਾਗਰੂਕਤਾ ਵਧਾਉਣ ਦੇ ਦਿੱਤੇ ਨਿਰਦੇਸ਼ - ਡਾ. ਹਰਪਾਲ ਸਿੰਘ ਸਿਵਲ ਸਰਜਨ
ਬਲਵਿੰਦਰ ਸਿੰਘ ਧਾਲੀਵਾਲ
ਢਿੱਲਵਾਂ, 19 ਅਗਸਤ 2025- ਹੜਾਂ ਦੀ ਸਥਿਤੀ ਨੂੰ ਮਦਦੇਨਜਰ ਰੱਖਦਿਆਂ ਸਿਵਲ ਸਰਜਨ ਕਪੂਰਥਲਾ ਡਾਕਟਰ ਹਰਪਾਲ ਸਿੰਘ ਅਤੇ ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਭਰਮਿੰਦਰ ਬੈਂਸ ਵੱਲੋਂ ਅੱਜ ਬਲਾਕ ਢਿੱਲਵਾਂ ਅਧੀਨ ਆਉਂਦੇ ਹੜ ਪ੍ਰਭਾਵਿਤ ਪਿੰਡਾਂ, ਬੁਤਾਲਾ ਮੰਡ ਅਤੇ ਮੰਡ ਸਰਦਾਰ ਸਾਹਿਬ ਵਾਲਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਮੈਡੀਕਲ ਅਫਸਰ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਡਾ. ਪ੍ਰੇਮ ਕੁਮਾਰ ਵੀ ਹਾਜ਼ਰ ਸਨ। ਇਸ ਦੌਰਾਨ ਉਹਨਾਂ ਵੱਲੋਂ ਵਿਸ਼ੇਸ਼ ਤੌਰ ‘ਤੇ ਮੰਡ ਬੁਤਾਲਾ ਅਤੇ ਮੰਡ ਸਰਦਾਰ ਸਿੰਘ ਵਾਲਾ ਵਿਖੇ ਗੁਰਦੁਆਰੇ ਵਿੱਚ ਲਗੇ ਮੈਡੀਕਲ ਕੈਂਪ ਦਾ ਮੁਆਇਨਾ ਵੀ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਹਰਪਾਲ ਸਿੰਘ ਵੱਲੋਂ ਮੈਡੀਕਲ ਟੀਮ ਨਾਲ ਗੱਲਬਾਤ ਕੀਤੀ ਗਈ ਤੇ ਦਵਾਈਆਂ ਦਾ ਸਟਾਕ ਚੈਕ ਕੀਤਾ ਗਿਆ। ਉਨ੍ਹਾਂ ਇਸ ਮੌਕੇ ਨਿਰਦੇਸ਼ ਦਿੱਤੇ ਕਿ ਲੋਕਾਂ ‘ਤੇ ਮਰੀਜ਼ਾਂ ਨੂੰ ਦਵਾਈਆਂ ਤੇ ਇਲਾਜ ਦੇ ਸੰਬਧ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਕਮੀਂ ਨਹੀਂ ਆਉਣੀ ਚਾਹੀਦੀ ਤੇ ਜੇਕਰ ਕੋਈ ਦਵਾਈ ਲੋੜੀਂਦੀ ਹੈ ਤਾਂ ਤੁਰੰਤ ਸੰਬੰਧਤ ਅਧਿਕਾਰੀ ਨੂੰ ਸੂਚਿਤ ਕਰ ਦਵਾਈ ਨੂੰ ਪੁਰਾ ਕੀਤਾ ਜਾਵੇ।
ਉਨ੍ਹਾਂ ਇਸ ਦੌਰਾਨ ਮੌਜੂਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਨੂੰ ਉਬਾਲ ਕੇ ਪੀਣ, ਸਾਫ਼ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ, ਡਾਇਰੀਆ ,ਬੁਖਾਰ,ਚਮੜੀ ਰੋਗ ਜਾਂ ਅੱਖਾਂ ਸੰਬਧੀ ਸਮੱਸਿਆ ਹੋਣ ਤੇ ਤੁਰੰਤ ਨੇੜੇ ਦੇ ਸਿਹਤ ਕੇਂਦਰ ਜਾ ਕਿ ਆਪਣੀ ਸਿਹਤ ਜਾਂਚ ਕਰਵਾਉਣ। ਇਸ ਮੌਕੇ ਉਨ੍ਹਾਂ ਹੋਰ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਹੜਾਂ ਦੌਰਾਨ ਕਿੱਸੇ ਵੀ ਤਰਾਂ ਦੀ ਮੈਡੀਕਲ ਐਮਰਜੈਂਸੀ ਨਾਲ ਨਜਿੱਠਣ ਲਈ ਸਿਹਤ ਵਿਭਾਗ ਕੋਲ ਪੁਖਤਾ ਪ੍ਰਬੰਧ ਹਨ ਤੇ ਸਰਕਾਰੀ ਹਸਪਤਾਲਾਂ ਵਿਚ ਵਖਰੇ ਵਾਰਡ ਬਣਾਏ ਗਏ ਹਨ। ਇਸ ਮੌਕੇ ਉਨ੍ਹਾਂ ਹਦਾਇਤ ਕੀਤੀ ਕਿ ਬਰਸਾਤੀ ਮੌਸਮ ਨੂੰ ਦੇਖਦਿਆਂ ਸਿਹਤ ਵਿਭਾਗ ਦੀ ਟੀਮ ਵੱਲੋਂ ਆਮ ਲੋਕਾਂ ਨੂੰ ਡੇਂਗੂ, ਮਲੇਰੀਆ ਅਤੇ ਡਾਇਰੀਆ ਆਦਿ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾਵੇ ਤਾਂ ਜੋ ਜ਼ਮੀਨੀ ਪੱਧਰ ਤੇ ਆਮ ਲੋਕਾਂ ਵਿੱਚ ਇਸ ਸੰਬੰਧੀ ਵਧੇਰੇ ਜਾਗਰੂਕਤਾ ਲਿਆਈ ਜਾ ਸਕੇ। ਇਸ ਮੋਕੇ ਡਾ. ਰਮਨਦੀਪ ਸਿੰਘ, ਡਾ. ਨਵਦੀਪ ਕੌਰ, ਸ਼ੂਭ ਸ਼ਰਮਾ ਫਾਰਮਾਸਿਸਟ, ਬੀ.ਈ.ਈ ਮੋਨਿਕਾ, ਜਸਵਿੰਦਰ ਸਿੰਘ, ਸਰਬਜੀਤ ਸਿੰਘ, ਸੁਖਦੇਵ ਸਿੰਘ, ਬਲਜਿੰਦਰ ਸਿੰਘ, ਸਤਨਾਮ ਸਿੰਘ ਅਤੇ ਨਰਿੰਦਰ ਸਿੰਘ ਆਦਿ ਹਾਜ਼ਰ ਸਨ।