ਪੁਲਿਸ ਨਾਲ਼ ਮੁਕਾਬਲੇ ਉਪਰੰਤ ਤਰਨ ਤਾਰਨ ਵਿਖੇ ਦਿਨ-ਦਿਹਾੜੇ ਹੋਏ ਕਤਲ ਕੇਸ ਦਾ ਮੁੱਖ ਦੋਸ਼ੀ ਗ੍ਰਿਫ਼ਤਾਰ ; ਪਿਸਤੌਲ ਬਰਾਮਦ
- ਜਗਦੀਪ ਮੋਲਾ ਕਤਲ ਕੇਸ ਦਾ ਮੁੱਖ ਸ਼ੂਟਰ ਹੈ ਰਾਹੁਲ ਸਿੰਘ, ਏਜੀਟੀਐਫ ਅਤੇ ਤਰਨ ਤਾਰਨ ਪੁਲਿਸ ਨੇ ਸਾਂਝੀ ਕਾਰਵਾਈ ‘ਚ ਕੀਤਾ ਗ੍ਰਿਫ਼ਤਾਰ: ਡੀਜੀਪੀ ਗੌਰਵ ਯਾਦਵ
- ਮੁਲਜ਼ਮ ਨੇ ਪੁਲਿਸ ਟੀਮ 'ਤੇ ਖੁਲ੍ਹੇਆਮ ਗੋਲੀਆਂ ਚਲਾਈਆਂ, ਗ੍ਰਿਫ਼ਤਾਰੀ ਤੋਂ ਪਹਿਲਾਂ ਜਵਾਬੀ ਕਾਰਵਾਈ ‘ਚ ਹੋਇਆ ਜ਼ਖਮੀ: ਏਡੀਜੀਪੀ ਏਜੀਟੀਐਫ ਪ੍ਰਮੋਦ ਬਾਨ
- ਮੁਲਜ਼ਮ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਹੋਰ ਜਾਂਚ ਜਾਰੀ: ਐਸਐਸਪੀ ਤਰਨ ਤਾਰਨ ਅਭਿਮਨਿਊ ਰਾਣਾ
ਚੰਡੀਗੜ੍ਹ/ਤਰਨ ਤਾਰਨ, 26 ਮਈ 2025 - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਹੇਠ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦਰਮਿਆਨ ਵੱਡੀ ਸਫਲਤਾ ਹਾਸਲ ਕਰਦਿਆਂ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਨੇ ਤਰਨ ਤਾਰਨ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਤਰਨ ਤਾਰਨ ਵਿਖੇ ਦਿਨ-ਦਿਹਾੜੇ ਹੋਏ ਜਗਦੀਪ ਮੋਲਾ ਦੇ ਸਨਸਨੀਖੇਜ਼ ਕਤਲ ਵਿੱਚ ਸ਼ਾਮਲ ਮੁੱਖ ਸ਼ੂਟਰ ਰਾਹੁਲ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ‘ਚੋਂ ਤਿੰਨ ਜ਼ਿੰਦਾ ਕਾਰਤੂਸ ਸਮੇਤ .30 ਬੋਰ ਪਿਸਤੌਲ ਬਰਾਮਦ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ।
ਜ਼ਿਕਰਯੋਗ ਹੈ ਕਿ ਜਗਦੀਪ ਮੋਲਾ ਨੂੰ ਤਰਨਤਾਰਨ ਵਿਖੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਵੇਲੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ, ਜਦੋਂ ਉਹ 5 ਮਾਰਚ, 2025 ਨੂੰ ਦੁਪਹਿਰ 2 ਵਜੇ ਦੇ ਕਰੀਬ ਆਪਣੀ ਰਾਇਲ ਐਨਫੀਲਡ ਮੋਟਰਸਾਈਕਲ 'ਤੇ ਕਿਤੇ ਜਾ ਰਿਹਾ ਸੀ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਰਾਹੁਲ ਸਿੰਘ ਇਸ ਕੇਸ ‘ਚ ਮੁੱਖ ਸ਼ੂਟਰ ਹੈ, ਜੋ ਹੀਰੋ ਸਪਲੈਂਡਰ ਮੋਟਰਸਾਈਕਲ 'ਤੇ ਪਿੱਛੇ ਬੈਠਾ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਰਾਹੁਲ ਸਿੰਘ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ ਅਤੇ ਉਹ ਕਈ ਮਾਮਲਿਆਂ ਵਿੱਚ ਮੁੱਖ ਅਪਰਾਧੀ ਵਜੋਂ ਸ਼ਾਮਲ ਰਿਹਾ ਹੈ।
ਡੀਜੀਪੀ ਨੇ ਕਿਹਾ ਕਿ ਉਸ ਦੇ ਸਾਥੀਆਂ ਜੋ ਇਸ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਨਾਲ ਜੁੜੇ ਹੋ ਸਕਦੇ ਹਨ, ਦੀ ਪਛਾਣ ਕਰਨ ਅਤੇ ਗ੍ਰਿਫ਼ਤਾਰ ਕਰਨ ਲਈ ਜਾਂਚ ਜਾਰੀ ਹੈ।
ਇਸ ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦੇ ਹੋਏ, ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਏਜੀਟੀਐਫ ਪ੍ਰਮੋਦ ਬਾਨ ਨੇ ਕਿਹਾ ਕਿ ਏਆਈਜੀ ਏਜੀਟੀਐਫ ਸੰਦੀਪ ਗੋਇਲ ਦੀ ਨਿਗਰਾਨੀ ਹੇਠ ਅਤੇ ਇੰਚਾਰਜ ਏਜੀਟੀਐਫ ਐਸਆਈ ਚੰਦਰ ਮੋਹਨ ਅਤੇ ਐਸਐਚਓ ਸਿਟੀ ਤਰਨਤਾਰਨ ਰਣਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਵੱਲੋਂ ਤਰਨਤਾਰਨ ਦੇ ਪਿੰਡ ਬਾਠ ਵਿਖੇ ਦੋਸ਼ੀ ਨੂੰ ਹਿਰਾਸਤ ਵਿੱਚ ਲੈਣ ਦੀ ਕੀਤੀ ਕੋਸ਼ਿਸ਼ ਦੌਰਾਨ ਹੋਈ ਦੋ-ਤਰਫਾ ਗੋਲੀਬਾਰੀ ਉਪਰੰਤ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਭੱਜਣ ਦੀ ਕੋਸ਼ਿਸ਼ ਕਰਦਿਆਂ ਰਾਹੁਲ ਸਿੰਘ ਨੇ ਪੁਲਿਸ ਪਾਰਟੀ 'ਤੇ ਗੋਲੀਬਾਰੀ ਕਰ ਕੀਤੀ ਜਿਸ ਦੀ ਜਵਾਬੀ ਕਾਰਵਾਈ ਵਿੱਚ ਉਹ ਜ਼ਖਮੀ ਹੋ ਗਿਆ ਅਤੇ ਬਾਅਦ ਵਿੱਚ ਉਸਨੂੰ ਕਾਬੂ ਕਰ ਲਿਆ ਗਿਆ।
ਏਆਈਜੀ ਸੰਦੀਪ ਗੋਇਲ ਨੇ ਕਿਹਾ ਕਿ ਪੁਲਿਸ ਟੀਮਾਂ ਨੇ ਉਸਦੇ ਕਬਜ਼ੇ ਵਿੱਚੋਂ ਇੱਕ .30 ਬੋਰ ਦਾ ਪਿਸਤੌਲ ਸਮੇਤ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਤਰਨਤਾਰਨ ਅਭਿਮਨਿਊ ਰਾਣਾ ਨੇ ਕਿਹਾ ਕਿ ਇਸ ਕਤਲ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਉਸਦੇ ਸਾਥੀਆਂ ਨੂੰ ਕਾਬੂ ਕਰਨ ਲਈ ਜਾਂਚ ਜਾਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਦੋਸ਼ੀ ਕਈ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਸਫਲਤਾਵਾਂ ਮਿਲਣ ਦੀ ਉਮੀਦ ਹੈ।
ਇਸ ਸਬੰਧੀ ਐਫਆਈਆਰ ਨੰ. 48 ਮਿਤੀ 05/03/2025 ਨੂੰ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 103 ਅਤੇ 11 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25(6) ਅਤੇ 25(7) ਤਹਿਤ ਥਾਣਾ ਸਿਟੀ ਤਰਨਤਾਰਨ ਵਿਖੇ ਪਹਿਲਾਂ ਹੀ ਦਰਜ ਕੀਤੀ ਜਾ ਚੁੱਕੀ ਹੈ।