ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਕੌਮੀ ਟੀ.ਬੀ. ਰੋਗ ਖ਼ਾਤਮਾ ਪ੍ਰੋਗਰਾਮ ਤਹਿਤ ਬੀ-ਪਾਲ ਰੈਜੀਮੈਨ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ
ਸੂਬੇ ਨੂੰ ਟੀਬੀ ਮੁਕਤ ਕਰਨ ’ਚ ਸਹਾਈ ਹੋਵੇਗੀ ਬੀ-ਪਾਲ ਰੈਜੀਮੈਨ ਤਕਨੀਕ : ਡਾ. ਬਲਬੀਰ ਸਿੰਘ
-ਕਿਹਾ, ਟੀ.ਬੀ. ਦਾ ਦੋ ਸਾਲ ਤੱਕ ਚੱਲਣ ਵਾਲਾ ਇਲਾਜ ਹੁਣ ਛੇ ਮਹੀਨੇ ’ਚ ਹੋ ਸਕੇਗਾ
- ਸਿਖਲਾਈ ਪ੍ਰੋਗਰਾਮ ਦੌਰਾਨ ਟੀ.ਬੀ. ਦੇ ਖ਼ਾਤਮੇ ਲਈ ਮਾਹਰਾਂ ਨੇ ਕੀਤੀ ਵਿਚਾਰ ਚਰਚਾ
ਪਟਿਆਲਾ, 26 ਮਈ:
ਸੂਬੇ ’ਚੋਂ ਟੀ.ਬੀ ਦੇ ਖ਼ਾਤਮੇ ਲਈ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਟੀ.ਬੀ ਹਸਪਤਾਲ, ਪਟਿਆਲਾ ਵਿਖੇ ਰਾਸ਼ਟਰੀ ਟੀ.ਬੀ ਏਲੀਮਿਨੇਸ਼ਨ ਪ੍ਰੋਗਰਾਮ (ਐਨਟੀਈਪੀ) ਤਹਿਤ ਬੀ-ਪਾਲ ਰੈਜੀਮੈਨ ਸਿਖਲਾਈ ਸੈਸ਼ਨ ਦਾ ਉਦਘਾਟਨ ਕੀਤਾ। ਸਿਖਲਾਈ ਪ੍ਰੋਗਰਾਮ ’ਚ ਸੂਬੇ ਭਰ ਦੇ ਟੀ.ਬੀ. ਨੋਡਲ ਅਫ਼ਸਰਾਂ ਨੇ ਸ਼ਮੂਲੀਅਤ ਕਰਕੇ ਬੀ-ਪਾਲ ਰੈਜੀਮੈਨ ਨਾਲ ਟੀ.ਬੀ. ਦੀ ਬਿਮਾਰੀ ਵਿੱਚ ਹੋਣ ਵਾਲੇ ਸੁਧਾਰਾਂ ’ਤੇ ਚਰਚਾ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਦਾ ਟੀਚਾ ਸੂਬੇ ਨੂੰ ਟੀ.ਬੀ. ਮੁਕਤ ਕਰਨ ਦਾ ਹੈ ਅਤੇ ਬੀ-ਪਾਲ ਰੈਜੀਮੈਨ ਇਸ ਟੀਚੇ ਦੀ ਪ੍ਰਾਪਤ ਵਿੱਚ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਸਿਖਲਾਈ ਨੂੰ ਦੁਵੱਲੀ ਵਾਰਤਾ ਅਤੇ ਹੱਲ-ਮੁਖੀ ਬਣਾਉਣ ਲਈ ਤਿਆਰ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਟੀ.ਬੀ ਅਧਿਕਾਰੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਲੋੜੀਂਦੇ ਗਿਆਨ ਅਤੇ ਸਾਧਨਾਂ ਨਾਲ ਲੈਸ ਕਰਨਾ ਹੈ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪਹਿਲਾਂ, ਮਲਟੀ ਡਰੱਗ-ਰੋਧਕ ਟੀ.ਬੀ , ਜਿਸ ਨੂੰ ਆਮ ਤੌਰ 'ਤੇ 'ਬੜੀ ਟੀਬੀ' ਕਿਹਾ ਜਾਂਦਾ ਹੈ, ਤੋਂ ਪੀੜਤ ਮਰੀਜ਼ਾਂ ਨੂੰ 18 ਤੋਂ 20 ਮਹੀਨਿਆਂ ਤੱਕ ਚੱਲਣ ਵਾਲਾ ਇੱਕ ਲੰਮਾ ਅਤੇ ਮੁਸ਼ਕਲ ਇਲਾਜ ਕੋਰਸ ਕਰਨਾ ਪੈਂਦਾ ਸੀ, ਲੰਮਾ ਇਲਾਜ ਹੋਣ ਕਾਰਨ ਕਈ ਵਾਰ ਮਰੀਜ਼ ਕੋਰਸ ਪੂਰਾ ਨਹੀਂ ਕਰਦਾ ਸੀ, ਜਿਸ ਕਾਰਨ ਮਰੀਜ਼ ’ਤੇ ਮਾੜੇ ਪ੍ਰਭਾਵ ਹੁੰਦੇ ਸਨ। ਉਨ੍ਹਾਂ ਦੱਸਿਆ ਕਿ ਨਵੀਂ ਬੀ-ਪਾਲ ਵਿਧੀ, ਜਿਸ ਵਿੱਚ ਬੇਡਾਕੁਲੀਨ, ਪ੍ਰੀਟੋਮੈਨਿਡ, ਲਾਈਨਜ਼ੋਲਿਡ, ਅਤੇ ਮੋਕਸੀਫਲੋਕਸਸੀਨ ਸ਼ਾਮਲ ਹਨ, ਇਹ ਇਲਾਜ ਦੀ ਮਿਆਦ ਸਿਰਫ ਛੇ ਮਹੀਨਿਆਂ ਤੱਕ ਕਰ ਦਿੰਦੀ ਹੈ, ਜਿਸ ਦੇ ਬਿਹਤਰ ਨਤੀਜੇ ਅਤੇ ਘੱਟ ਪੇਚੀਦਗੀਆਂ ਮਿਲਦੀਆਂ ਹਨ।
ਉਨ੍ਹਾਂ ਕਿਹਾ ਕਿ ਬੀ-ਪਾਲ ਤਕਨੀਕ ਦਾ ਲਾਭ ਸੂਬੇ ਦੇ ਐਮ.ਡੀ.ਆਰ. ਟੀ.ਬੀ. ਮਰੀਜ਼ਾਂ ਨੂੰ ਸਿੱਧਾ ਅਤੇ ਤੁਰੰਤ ਮਿਲੇਗਾ। ਉਨ੍ਹਾਂ ਟੀ.ਬੀ ਵਿਰੁੱਧ ਲੜਾਈ ਵਿੱਚ ਜਨ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਟੀ.ਬੀ ਮੁਕਤ ਭਾਰਤ ਮੁਹਿੰਮ ਵਰਗੇ ਰਾਸ਼ਟਰੀ ਪਲੇਟਫ਼ਾਰਮਾਂ ਨਾਲ ਤਾਲਮੇਲ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਡਾ. ਬਲਬੀਰ ਸਿੰਘ ਨੇ ਕਿਹਾ ਕਿ "ਟੀ.ਬੀ ਸਿਰਫ਼ ਫੇਫੜਿਆਂ ਨੂੰ ਪ੍ਰਭਾਵਿਤ ਨਹੀਂ ਕਰਦੀ - ਸਗੋਂ ਪੂਰੇ ਸਰੀਰ ਨੂੰ ਪ੍ਰਭਾਵਿਤ ਕਰਦੀ ਹੈ।" ਉਨ੍ਹਾਂ ਕਿਹਾ ਕਿ "ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਪੰਜਾਬ ਵਿੱਚ ਕੋਈ ਵੀ ਵਿਅਕਤੀ ਆਪਣਾ ਭਵਿੱਖ ਕਿਸੇ ਇਲਾਜ ਯੋਗ ਬਿਮਾਰੀ ਕਾਰਨ ਨਾ ਗੁਆਏ।
ਇਸ ਮੌਕੇ ਮੈਡੀਕਲ ਸੁਪਰਡੈਂਟ ਅਤੇ ਸਿਖਲਾਈ ਪ੍ਰਬੰਧਕ ਡਾ. ਵਿਸ਼ਾਲ ਚੋਪੜਾ ਨੇ ਭਾਗੀਦਾਰਾਂ ਨੂੰ ਸਿਖਲਾਈ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ, ਜਦੋਂ ਕਿ ਡਾਇਰੈਕਟਰ ਪਰਿਵਾਰ ਭਲਾਈ ਡਾ. ਜਗਮਿੰਦਰ ਨੇ ਰਾਜ ਟੀ.ਬੀ ਪ੍ਰੋਗਰਾਮ ਦੀ ਸੰਖੇਪ ਜਾਣਕਾਰੀ ਸਾਂਝੀ ਕੀਤੀ। ਰਾਜ ਟੀ.ਬੀ ਅਧਿਕਾਰੀ ਡਾ. ਰਾਜੇਸ਼ ਭਾਸਕਰ ਨੇ ਬੀ-ਪਾਲ ਪ੍ਰਣਾਲੀ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ।
ਇਸ ਦੌਰਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਟੀ.ਬੀ. ਦੇ ਦੋ ਮਰੀਜ਼ਾਂ ਨੂੰ ਬੀ-ਪਾਲ ਤਕਨੀਕ ਨਾਲ ਇਲਾਜ ਕਰਨ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਟੀ.ਬੀ. ਹਸਪਤਾਲ ਵਿਖੇ ਇਲਾਜ ਕਰਵਾਉਣ ਆਏ ਮਰੀਜ਼ਾਂ ਨਾਲ ਗੱਲਬਾਤ ਕੀਤੀ।
ਟਰੇਨਿੰਗ ਮੌਕੇ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ.ਆਰ.ਪੀ.ਐਸ ਸਿਬੀਆ, ਸਿਵਲ ਸਰਜਨ ਡਾ: ਜਗਪਾਲਇੰਦਰ ਸਿੰਘ, ਡਾ. ਸਾਰਿਤ ਸ਼ਰਮਾ, ਡਾ. ਵਿਧੂ ਮਿੱਤਲ, ਡਾ: ਕ੍ਰਾਂਤੀ ਗਰਗ, ਡਾ. ਪਰਿਤੋਸ਼ ਧਵਨ, ਡਾ. ਪੂਜਾ ਕਪੂਰ, ਡਾ. ਸੁਦੇਸ਼ ਕੁਮਾਰੀ, ਡਾ: ਕਿਰਨਜੀਤ ਕੌਰ ਵੀ ਹਾਜ਼ਰ ਸਨ |