Babushahi Special: ਬਰਸੀ ਤੇ ਵਿਸ਼ੇਸ਼: ਕੌਮਾਂਤਰੀ ਸਟੇਜ਼ਾਂ ਦਾ ਬੇਤਾਜ ਬਾਦਸ਼ਾਹ ਸੀ ਗਾਇਕ ਸਿੱਧੂ ਮੂਸੇਵਾਲਾ
ਅਸ਼ੋਕ ਵਰਮਾ
ਬਠਿੰਡਾ,29 ਮਈ 2025: ਮਾਨਸਾ ਜਿਲ੍ਹੇ ਦੇ ਪਿੰਡ ਮੂਸਾ ’ਚ ਜੰਮਿਆ ਪਲਿਆ ਅਤੇ ਵੱਡਾ ਹੋਇਆ ਨਾਮਵਰ ਗਾਇਕ ਸ਼ਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਕੌਮੀ ਅਤੇ ਕੌਮਾਂਤਰੀ ਸਟੇਜ਼ਾਂ ਦਾ ਬਾਦਸ਼ਾਹ ਸੀ। ਸਿੱਧੂ ਮੂਸੇਵਾਲਾ ਨੂੰ ਗਏ ਤਿੰਨ ਸਾਲ ਹੋ ਗਏ ਹਨ ਪਰ ਉਸ ਵਰਗੀ ਥਾਂ ਹਾਸਲ ਕਰਨ ਵਿੱਚ ਕੋਈ ਵੀ ਗਾਇਕ ਸਫਲ ਨਹੀਂ ਹੋ ਸਕਿਆ ਹੈ। ਸਿੱਧੂ ਮੂਸੇਵਾਲਾ ਦੇ ਜਾਣ ਤੋਂ ਬਾਅਦ ਅੱਜ ਵੀ ਉਸ ਦੇ ਗੀਤ ਲੱਖਾਂ ਲੋਕਾਂ ਕਦੀ ਪਹਿਲੀ ਪਸੰਦ ਬਣੇ ਹੋਏ ਹਨ। ਇਹ ਸਿੱਧੂ ਮੂਸੇਵਾਲਾ ਹੀ ਸੀ ਜਿਸ ਦੇ ਸਿਰ ਤੇ ਮੂਸਾ ਪਿੰਡ ਨੇ ਉਦੋਂ ਚੜ੍ਹਦਾ ਸੂਰਜ ਵੀ ਦੇਖਿਆ ਸੀ, ਜਦੋਂ ਕੌਮਾਂਤਰੀ ਸਫਾ ਤੱਕ ਪਿੰਡ ਦੀ ਗੂੰਜ ਪਈ ਸੀ। ਹਾਲਾਂਕਿ ਜਿੰਨਾ ਮਾਣ ਇਸ ਪਿੰਡ ਦੇ ਹਿੱਸੇ ਆਇਆ, ਉਨੇ ਹੀ ਗਮ ਤਿੰਨ ਸਾਲ ਪਹਿਲਾਂ ਇਸ ਪਿੰਡ ਦੀ ਝੋਲੀ ਵਿੱਚ ਪਏ ਹਨ ਜਿੰਨ੍ਹਾਂ ਦੀ ਟੀਸ ਮੂਸਾ ਦੀਆਂ ਗਲੀਆਂ ਵਿੱਚ ਅੱਜ ਵੀ ਰੜਕਦੀ ਸੁਣਾਈ ਦਿੰਦੀ ਹੈ।
ਤਕਰੀਬਨ 29 ਸਾਲ ਪਹਿਲਾਂ17 ਜੂਨ, 1993 ਨੂੰ ਜਨਮੇ ਸਿੱਧੂ ਮੂਸੇਵਾਲਾ ਦੇ ਸਿਰਫ ਸੋਸ਼ਲ ਮੀਡੀਆ ਤੇ ਹੀ ਨਹੀਂ ਆਮ ਜਿੰਦਗੀ ਵਿੱਚ ਵੀ ਲੱਖਾਂ ਪ੍ਰਸੰਸਕ ਹਨ। ਪਤਾ ਲੱਗਿਆ ਹੈ ਕਿ ਸਿੱਧੂ ਮੂਸੇਵਾਲਾ ਨੂੰ ਪਹਿਲੋਂ ਪਹਿਲ ਗੀਤ ਲਿਖਣ ਦਾ ਸ਼ੌਕ ਸੀ ਜੋ ਹੌਲੀ ਹੌਲੀ ਉਸ ਨੂੰ ਗਾਇਕੀ ਵੱਲ ਲੈ ਗਿਆ। ਲੋਕਾਂ ਦਾ ਕਹਿਣਾ ਹੈ ਕਿ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਸਿੱਧ-ਪੱਧਰੇ ਸੁਭਾਅ ਵਾਲਾ ਸੀ, ਨਾ ਕੋਈ ਵਿੰਗ ਤੇ ਨਾ ਵਲ ਸੀ। ਦਿਲੋਂ ਦਲੇਰ ਅਤੇ ਜੁਬਾਨ ਦਾ ਖਰਾ ਤੇ ਪੱਕਾ ਸੀ। ਪਿੰਡ ਵਾਸੀਆਂ ਮੁਤਾਬਕ ਸਿੱਧੂ ਮੁੂਸੇਵਾਲਾ ਦੀ ਇੰਜ ਹੱਤਿਆ ਹੋ ਜਾਏਗੀ ,ਚੇਤਿਆਂ ਵਿੱਚ ਵੀ ਨਹੀਂ ਸੀ। ਪ੍ਰਸੰਸਕਾਂ ਨੂੰ ਤਾਂ ਅੱਜ ਵੀ ਯਕੀਨ ਨਹੀਂ ਬੱਝ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੀ ਐਲਬਮ ‘ ਦੀ ਲਾਸਟ ਰਾਈਡ’ ਉਸ ਦਾ ਅੰਤਮ ਸਫਰ ਹੋ ਨਿੱਬੜੀ ਜਿਸ ਦੇ ਗੀਤ ’ਚ ਉਸ ਨੇ ਆਪਣੇ ਜੋਬਨ ਰੁੱਤੇ ਤੁਰ ਜਾਣ ਦਾ ਜਿਕਰ ਕੀਤਾ ਸੀ।
ਐਲਬਮ ‘ਦਿ ਲਾਸਟ ਰਾਈਡ’ ਨਾਂ ਦੇ ਆਪਣੇ ਗੀਤ ਵਿਚ ਮੂਸੇਵਾਲਾ ਦੇ ਬੋਲ ਹਨ ‘ਚੋਬਰ ਦੇ ਚਿਹਰੇ ਉਤੇ ਨੂਰ ਦੱਸਦਾ ਨੀ ਇਹਦਾ ਉੱਠੂਗਾ ਜਵਾਨੀ ’ਚ ਜਨਾਜਾ ਮਿੱਠੀਏ’। ਇਸੇ ਤਰਾਂ ਹੀ ਉਸ ਦੇ ਇੱਕ ਗੀਤ ਵਿੱਚ ਖੁਦਕਸ਼ੀ ਦਾ ਸਾਰ ਤੱਤ ਵੀ ਦਿਸਦਾ ਹੈ। ਪਿੰਡ ਮੂਸਾ ’ਚ ਯਾਦਗਾਰ ਤੇ ਸਿਜ਼ਦਾ ਕਰਨ ਆਏ ਪ੍ਰਸੰਸਕ ਅਵਤਾਰ ਸਿੰਘ ਦਾ ਕਹਿਣਾ ਸੀ ਕਿ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਵੱਲੋਂ ਆਖੀਆਂ ਇਹ ਲਾਈਨਾਂ ਸੱਚਮੁੱਚ ਹੀ ਸੱਚੀਆਂ ਹੋ ਜਾਣਗੀਆਂ। ਭਾਵੇਂ ਹੁਣ ਇਸ ਮਾਮਲਾ ਅਦਾਲਤ ਵਿੱਚ ਸੁਣਵਾਈ ਅਧੀਨ ਹੈ ਫਿਰ ਵੀ ਸਿੱਧੂ ਮੂਸੇਵਾਲਾ ਦੀ ਮੌਤ ਕਈ ਅਣਸੁਲਝੇ ਸਵਾਲ ਪਿੱਛੇ ਛੱਡ ਗਈ ਹੈ ਜਿੰਨ੍ਹਾਂ ਦੇ ਜਵਾਬ ਤਲਾਸ਼ਣੇ ਬਾਕੀ ਹਨ। ਹਾਲਾਂਕਿ ਇਸ ਫਾਨੀ ਜਹਾਨ ’ਚ ਕੋਈ ਵੀ ਸਦਾ ਨਹੀਂ ਰਹਿੰਦਾ ਫਿਰ ਵੀ ਇੱਕ ਮੌਤ ਤੇ ਜਮਾਨੇ ਦੀ ਅੱਖ ਰੋਵੇ ਇਹ ਸਿਰਫ ਸ਼ੁਭਦੀਪ ਦੇ ਹਿੱਸੇ ਹੀ ਆਇਆ ਹੈ।
ਤਿੰਨ ਸਾਲ ਮਗਰੋਂ ਵੀ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲਿਆਂ ਦੀ ਲੜੀ ਟੁੱਟਣ ਦਾ ਨਾਮ ਨਹੀਂ ਲੈ ਰਹੀ ਹੈ ਜਿਸ ਦੀ ਗਵਾਹੀ ਉਸ ਦੀ ਯਾਦਗਾਰ ਤੇ ਲਗਾਤਾਰ ਹੋਣ ਵਾਲਾ ਇਕੱਠ ਭਰਦਾ ਹੈ। ਸਿੱਧੂ ਮੂਸੇਵਾਲਾ ਦੇ ਗੀਤਾਂ ਨਾਲ ਕਈ ਤਰਾਂ ਦੇ ਵਿਵਾਦ ਵੀ ਜੁੜਦੇ ਰਹੇ ਪਰ ਇਹ ਵੀ ਹਕੀਕਤ ਹੈ ਕਿ ਉਸ ਨੇ ਹਿੰਦੀ ਫਿਲਮਾਂ ਦੇ ਮਹਾਂਨਾਇਕ ਅਮਿਤਾਬ ਬਚਨ ਵਾਂਗ ਪੰਜਾਬੀ ਮਾਂ ਬੋਲੀ ਦੇ ਸਿਰ ਤੇ ‘ਸਟਾਰਡਮ’ ਮਾਣਿਆ ਹੈ ਜੋ ਹੁਣ ਤੱਕ ਕਿਸੇ ਵੀ ਗਾਇਕ ਦੇ ਹਿੱਸੇ ਨਹੀਂ ਆਇਆ ਹੈ। ਇੱਕ ਸਧਾਰਨ ਪੇਂਡੂ ਨੌਜਵਾਨ ਵੱਲੋਂ ਪਿੰਡਾਂ ਵਾਲੀ ਸ਼ੈਲੀ ’ਚ ਗਾਏ ਗੀਤਾਂ ਨੂੰ ਆਲੋਚਨਾ ਦਾ ਸ਼ਿਕਾਰ ਵੀ ਹੋਣਾ ਪਿਆ ਸੀ। ਉਸ ਨੇ ਕਿਸੇ ਨਾਲ ਨਰਾਜ਼ਗੀ ਨਹੀਂ ਜਤਾਈ ਅਤੇ ਇਸ ਨੁਕਤਾਚੀਨੀ ਦਾ ਜਵਾਬ ‘ਜਸਟ ਲਿਸਨ’ ਐਲਬਮ ਰਾਹੀਂ ਦਿੱਤਾ ਜਿਸ ’ਚ ਉਸ ਨੇ ਦੱਸਿਆ ਕਿ ਸੜਨ ਦੇ ਬਾਵਜੂਦ ਲੋਕ ਕਿਸ ਤਰਾਂ ਉਸ ਦੀ ਨਕਲ ਕਰਦੇ ਹਨ।
ਆਪਣੀ ਐਲਬਮ 295 ਵਿੱਚ ਉਸ ਦੇ ਬੇਬਾਕੀ ਵਾਲੇ ਬੋਲਾਂ ਨੇ ਉਸ ਦੇ ਚਾਹੁਣ ਵਾਲਿਆਂ ਦੀ ਗਿਣਤੀ ਵਧਾਈ। ਉਮਰ ਦੇ ਮਸਾਂ 22ਵੇਂ ਸਾਲ ਵਿੱਚ ‘ਕਸੂਰ’ ਨਾਲ ਕੌਮੀ ਅਤੇ ਕੌਮਾਂਤਰੀ ਪੰਜਾਬੀ ਸਫਾਂ ’ਚ ਪ੍ਰਸਿੱਧੀ ਹਾਸਲ ਕਰਨ ਵਾਲੇ ਸਿੱਧੂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ । ਉਸ ਨੇ ‘ਤੇਰੀ ਮੇਰੀ ਜੋੜੀ’ ,‘ਯੈੱਸ ਆਈ ਐਮ ਸਟੂਡੈਂਟ’ ਅਤੇ ‘ਮੂਸਾ ਜੱਟ’ ਫਿਲਮਾਂ ਨਾਲ ਨਾਮ ਕਮਾਇਆ। ਸਾਲ 2018 ’ਚ ਸਿੱਧੂ ਦੀ ਐਲਬਮ ‘ਪੀਬੀਐਕਸ 1’ ਆਈ ਜਿਸ ਨੂੰ ਅੰਤਰਰਾਸ਼ਟਰੀ ਐਲਬਮਾਂ ਦੀ ਕਤਾਰ ’ਚ ਸ਼ਾਮਲ ਹੋਣ ਦਾ ਮਾਣ ਮਿਲਿਆ । ਸਿੱਧੂ ਮੂਸੇਵਾਲਾ ਨੂੰ ‘ਬੰਬੀਹਾ ਬੋਲੇ ਵਰਗੇ ਗੰਨ ਕਲਚਰ ਵਾਲੇ ਗੀਤ ਗਾਉਣ ਕਾਰਨ ਤਿੱਖੀ ਅਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ। ਸਤੰਬਰ 2019 ’ਚ ਉਸ ਦੇ ਗੀਤ ‘ਜੱਟੀ ਜਿਊਣੇ ਮੌੜ ਦੀ ਬੰਦੂਕ ਵਰਗੀ’ ਨਾਲ ਵੀ ਇੱਕ ਵਿਵਾਦ ਜੁੜਿਆ ਸੀ ਜਿਸ ਦੇ ਇੱਕ ਗੀਤ ਨੂੰ ਲੈਕੇ ਉਸ ਨੇ ਮੁਆਫੀ ਵੀ ਮੰਗਣ ਪਈ ਸੀ।
ਪਿੰਡ ਨਾਲ ਅੰਤ ਤੱਕ ਪਿਆਰ
ਉਸ ਦੀ ‘ਲੀਜੈਂਡ’, ‘ਸ਼ੈਤਾਨ’, ‘ਜਰਾ ਸੁਣੋ’, ‘ਜੱਟ ਦਾ ਮੁਕਾਬਲਾ’ ਅਤੇ ‘ਹਥਿਆਰ’ ਵਰਗੇ ਸੁਪਰ ਹਿੱਟ ਪੰਜਾਬੀ ਟਰੈਕਾਂ ਲਈ ਪਛਾਣ ਬਣਾਈ । ਵਿਧਾਨ ਸਭਾ ਚੋਣ ਵੀ ਲੜੀ ਪਰ ਹਾਰ ਹੋਈ। ਮੂਸੇਵਾਲਾ ਨੇ ਲੁਧਿਆਣਾ ’ਚ ਇਲੈਕਟ੍ਰੀਕਲ ਇੰਜਨੀਅਰਿੰਗ ਦੀ ਡਿਗਰੀ ਕੀਤੀ ਅਤੇ ਕਾਲਜ ਦੇ ਦਿਨਾਂ ’ਚ ਹੀ ਸੰਗੀਤ ਸਿੱਖਿਆ । ਇਸੇ ਦੌਰਾਨ ਉਹ ਕੈਨੇਡਾ ਚਲਾ ਗਿਆ ਪਰ ਮਿੱਟੀ ਦਾ ਮੋਹ ਉਸ ਨੂੰ ਪਿੰਡ ਖਿੱਚ੍ਹ ਲਿਆਇਆ ਜਿਸ ਨਾਲ ਉਹ ਆਖਰੀ ਸਾਹ ਤੱਕ ਜੁੜਿਆ ਰਿਹਾ।