Punjab Breaking: ਪਟਾਕਾ ਫੈਕਟਰੀ ’ਚ ਜਬਰਦਸਤ ਧਮਾਕਾ- ਪੰਜ ਮਜ਼ਦੂਰਾਂ ਦੀ ਮੌਤ-ਕਈ ਜਖਮੀ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 30 ਮਈ 2025: ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਲੰਬੀ ਵਿੱਚ ਬੀਤੀ ਦੇਰ ਰਾਤ ਪਿੰਡ ਸਿੰਘੇਵਾਲਾ-ਫ਼ਤੂਹੀਵਾਲਾ ਦੇ ਖੇਤਾਂ ’ਚ ਸਥਿਤ ਇੱਕ ਪਟਾਕਾ ਫੈਕਟਰੀ ਵਿੱਚ ਜਬਰਦਸਤ ਧਮਾਕੋ ਹੋਣ ਦੇ ਨਤੀਜੇ ਵਜੋਂ ਪੰਜ ਜਣਿਆਂ ਦੀ ਮੌਤ ਹੋ ਗਈ ਜਦੋਂਕਿ ਦੋ ਦਰਜਨ ਤੋਂ ਜਿਆਦਾ ਜਖਮੀ ਹੋਏ ਹਨ।
ਜਖਮੀਆਂ ਚੋ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਧਮਾਕਾ ਐਨਾ ਜੋਰਦਾਰ ਸੀ ਕਿ ਇਸ ਦੀ ਅਵਾਜ਼ ਦੂਰ ਦੁਰਾਡੇ ਤੱਕ ਸੁਣਾਈ ਦਿੱਤੀ। ਧਮਾਕੇ ਕਾਰਨ ਪਟਾਕਾ ਫੈਕਟਰੀ ਦੀ ਇਮਾਰਤ ਪੂਰੀ ਤਰਾਂ ਤਬਾਹ ਹੋ ਗਈ।
ਧਮਾਕੇ ਬਾਰੇ ਪਤਾ ਲੱਗਦਿਆਂ ਮੁਕਤਸਰ ਜਿਲ੍ਹੇ ਦੇ ਐਸਐਸਪੀ ਸਮੇਤ ਹੋਰ ਵੀ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਰਾਹਤ ਕਾਰਜਾਂ ਦੀ ਸ਼ੁਰੂਆਤ ਕਰਵਾਈ। ਸੂਚਨਾ ਮਿਲਣ ‘ਤੇ ਲੰਬੀ ਦੇ ਡੀਐਸਪੀ ਜਸਪਾਲ ਸਿੰਘ ਅਤੇ ਥਾਣਾ ਕਿੱਲਿਆਂਵਾਲੀ ਪੁਲਿਸ ਮੌਕੇ ‘ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਘਟਨਾ ਦੌਰਾਨ ਕੁਝ ਵਿਅਕਤੀਆਂ ਦੇ ਮਲਬੇ ਹੇਠ ਦੱਬੇ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ ਜਿੰਨ੍ਹਾਂ ਨੂੰ ਬਾਹਰ ਕੱਢਣ ਲਈ ਕੋਸ਼ਿਸ਼ ਵਜੋਂ ਵਲੰਟੀਅਰਾਂ ਦੇ ਸਹਿਯੋਗ ਅਤੇ ਮਸ਼ੀਨਾਂ ਦੀ ਸਹਾਇਤਾ ਰਾਹੀਂ ਮਲਬਾ ਹਟਾਇਆ ਜਾ ਰਿਹਾ ਹੈ। ਮੁਢਲੇ ਤੌਰ ਤੇ ਸਾਹਮਣੇ ਆਈ ਜਾਣਕਾਰੀ ਅਨੁਸਾਰ ਹਾਦਸਾ ਅੱਧੀ ਰਾਤ ਤੋਂ ਬਾਅਦ ਫੈਕਟਰੀ ਦੇ ਪਟਾਕਾ ਬਨਾਉਣ ਵਾਲੇ ਯੂਨਿਟ ਵਿਚ ਵਾਪਰਿਆ।
.jpg)
ਸੂਤਰ ਦੱਸਦੇ ਹਨ ਕਿ ਇਹ ਫੈਕਟਰੀ ਪਿੰਡ ਸਿੰਘੇਵਾਲਾ-ਫਤੂਹੀਵਾਲਾ ਦੇ ‘ਆਪ’ ਆਗੂ ਦੀ ਦੱਸੀ ਜਾ ਰਹੀ ਹੈ। ਫੈਕਟਰੀ ਵਿੱਚ ਪਟਾਕੇ ਬਣਾਉਣ ਦਾ ਕੰਮ ਉੱਤਰ ਪ੍ਰਦੇਸ਼ ਦੇ ਇੱਕ ਵਿਅਕਤੀ ਦੀ ਨਿਗਰਾਨੀ ਹੇਠ ਕੀਤਾ ਜਾਂਦਾ ਸੀ ਜੋ ਮੌਕੇ ਤੋਂ ਫਰਾਰ ਹੋ ਗਿਆ ਹੈ। ਪੁਲਿਸ ਨੂੰ ਮੌਕੇ ਤੋਂ ਕੁੱਝ ਪਟਾਕੇ ਵੀ ਮਿਲੇ ਹਨ ਅਤੇ ਹੋਰ ਵੀ ਸਮਾਨ ਮਿਲਿਆ ਜਿੰਨ੍ਹਾਂ ਬਾਰੇ ਜਾਂਚ ਦੀ ਗੱਲ ਆਖੀ ਜਾ ਰਹੀ ਹੈ।
ਜਾਂਚ ਤੋਂ ਬਾਅਦ ਕਾਰਵਾਈ
ਡੀਐਸਪੀ ਜਸਪਾਲ ਸਿੰਘ ਨੇ ਕਿਹਾ ਕਿ ਇਹ ਫੈਕਟਰੀ ਸਿੰਘੇ ਵਾਲਾ-ਫ਼ਤੂਹੀਵਾਲਾ ਦੇ ਤਰਸੇਮ ਸਿੰਘ ਨਾਮਕ ਵਿਅਕਤੀ ਦੀ ਹੈ, ਜੋ ਕਿ ਮਨਜ਼ੂਰਸ਼ੁਦਾ ਹੈ। ਉਨ੍ਹਾਂ ਦੱਸਿਆ ਕਿ ਮੁਢਲੇ ਤੌਰ ‘ਤੇ ਕਰੀਬ 27 ਜਣੇ ਜ਼ਖਮੀ ਅਤੇ ਪੰਜ ਜਣਿਆਂ ਦੀ ਮੌਤ ਦੀ ਸੂਚਨਾ ਹੈ। ਉਨ੍ਹਾਂ ਦੱਸਿਆ ਕਿ ਰਾਹਤ ਕਾਰਜ ਜੰਗੀ ਪੱਧਰ ‘ਤੇ ਜਾਰੀ ਹਨ ਅਤੇ ਘਟਨਾ ਦੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਡੇਰਾ ਪੈਰੋਕਾਰਾਂ ਵੱਲੋਂ ਸਹਿਯੋਗ
ਫੈਕਟਰੀ ਵਿੱਚ ਧਮਾਕਾ ਹੋਣ ਦੀ ਸੂਚਨਾ ਮਿਲਦਿਆਂ ਡੇਰਾ ਸੱਚਾ ਸੌਦਾ ਸਿਰਸਾ ਦੀ ਸਮਾਜਿਕ ਕਾਰਜਾਂ ਲਈ ਬਣਾਈ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਦੇ 10 ਤੋਂ ਜਿਆਦਾ ਵਲੰਟੀਅਰ ਮੌਕੇ ਤੇ ਪੁੱਜੇ ਜਿਨ੍ਹਾਂ ਵਿੱਚ ਹਰਿਆਣਾ ਦੇ ਵੀ ਕਾਫੀ ਡੇਰਾ ਪੈਰੋਕਾਰ ਸ਼ਾਮਲ ਸਨ।
.jpg)
ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਡੇਰਾ ਪ੍ਰੇਮੀਆਂ ਦੀ ਆਮਦ ਨਾਲ ਮਲਬਾ ਹਟਾਉਣ ’ਚ ਵੱਡੀ ਸਹਾਇਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ਜੇਕਰ ਡੇਰਾ ਪ੍ਰੇਮੀ ਸਹਿਯੋਗ ਨਾਂ ਕਰਦੇ ਤਾਂ ਇਸ ਕੰਮ ਨੂੰ ਲੰਮਾਂ ਸਮਾਂ ਲੱਗ ਜਾਣਾ ਸੀ।
ਡੂੰਘਾਈ ਨਾਲ ਜਾਂਚ: ਐਸਐਸਪੀ
ਸੀਨੀਅਰ ਪੁਲਿਸ ਕਪਤਾਨ ਸ੍ਰੀ ਮੁਕਤਸਰ ਸਾਹਿਬ ਅਖਿਲ ਚੌਧਰੀ ਹਸਪਤਾਲ ’ਚ ਦਾਖਲ ਜਖਮੀ ਮਜ਼ਦੂਰਾਂ ਦਾ ਹਾਲ ਚਾਲ ਜਾਨਣ ਲਈ ਪੁੱਜੇ। ਐਸਐਸਪੀ ਦਾ ਕਹਿਣਾ ਸੀ ਕਿ ਫੈਕਟਰੀ ਵਿੱਚ ਪਟਾਕੇ ਬਣਾਏ ਜਾ ਰਹੇ ਸਨ।
ਉਨ੍ਹਾਂ ਦੱਸਿਆ ਕਿ ਪਤਾ ਲੱਗਿਆ ਹੈ ਕਿ ਪਟਾਕਾ ਯੂਨਿਟ ਵਿੱਚ ’ਚ ਧਮਾਕਾ ਹੋਇਆ ਹੈ। ਉਨ੍ਹਾਂ ਕਿਹਾ ਕਿ ਫੌਰੈਂਸਿਕ ਟੀਮਾਂ ਮੌਕੇ ਤੇ ਪੁੱਜ ਗਈਆਂ ਹਨ ਜਿੰਨ੍ਹਾਂ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਇਸ ਹਾਦਸੇ ਕਾਰਨ ਘਬਰਾਉਣ ਅਤੇ ਦਹਿਸ਼ਤ ’ਚ ਨਾਂ ਆਉਣ ਦੀ ਅਪੀਲ ਵੀ ਕੀਤੀ ਹੈ।