ਜੂਡੋ ਮੈਟਾਂ ਲਈ ਐਮ ਪੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਦਿੱਤਾ ਮੰਗ ਪੱਤਰ
ਐਮ ਪੀ ਸਾਹਿਬ ਵਲੋਂ ਫੰਡ ਰਿਲੀਜ਼ ਕਰਨ ਦਾ ਦਿੱਤਾ ਭਰੋਸਾ
ਰੋਹਿਤ ਗੁਪਤਾ
ਗੁਰਦਾਸਪੁਰ 30 ਜ਼ਿਲ੍ਹਾ ਜੂਡੋਕਾ ਵੈਲਫੇਅਰ ਸੁਸਾਇਟੀ ਗੁਰਦਾਸਪੁਰ ਵਲੋਂ ਅਮਰਜੀਤ ਸ਼ਾਸਤਰੀ ਜੂਡੋ ਕੋਚ ਦੀ ਅਗਵਾਈ ਹੇਠ ਗੁਰਦਾਸਪੁਰ ਦੇ ਪਾਰਲੀਮੈਂਟ ਹਲਕੇ ਦੇ ਐਮ ਪੀ ਸ੍ਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਜੂਡੋ ਖਿਡਾਰੀਆਂ ਲਈ ਨਵੇਂ ਜੂਡੋ ਮੈਟ ਖਰੀਦ ਕੇ ਦੇਣ ਲਈ ਆਪਣੇ ਅਖਿਤਿਆਰੀ ਫੰਡ ਵਿੱਚੋਂ ਗਰਾਂਟ ਦੇਣ ਲਈ ਮੰਗ ਪੱਤਰ ਸੌਂਪਿਆ।
ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਵਿਖੇ ਪਿਛਲੇ ਪੰਜਤਾਲੀ ਸਾਲਾਂ ਤੋਂ ਚੱਲ ਰਹੇ ਜੂਡੋ ਸੈਂਟਰ ਦੇ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਜੂਡੋ ਮੈਟਾਂ ਦੀ ਸਖ਼ਤ ਜ਼ਰੂਰਤ ਹੈ ਜੋ ਕਿ ਘੱਟੋ ਘੱਟ 15 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣੇ ਹਨ। ਕਿਉਂਕਿ ਪਹਿਲੇ ਜੂਡੋ ਮੈਟ ਖਰਾਬ ਹੋ ਚੁੱਕੇ ਹਨ।ਗੁਰਦਾਸਪੁਰ ਜਿਲ੍ਹੇ ਦੇ 150 ਤੋਂ ਵਧੇਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਇਥੇ ਪ੍ਰੈਕਟਿਸ ਕਰਦੇ ਹਨ। ਇਸ ਮੌਕੇ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਐਮ ਐਲ ਏ ਸ੍ਰ ਵਰਿੰਦਰ ਮੀਤ ਸਿੰਘ ਪਾਹੜਾ ਨੇ ਸੈਂਟਰ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਕਿ ਇਹ ਸੈਂਟਰ ਦੇਸ਼ ਦਾ ਇੱਕ ਨੰਬਰ ਸੈਂਟਰ ਹੈ ਜਿਸ ਨੇ 40 ਤੋਂ ਵਧੇਰੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ। ਪਹਿਲਾਂ ਵੀ ਉਨ੍ਹਾਂ ਵੱਲੋਂ ਜੂਡੋ ਖਿਡਾਰੀਆਂ ਲਈ 6 ਲੱਖ ਰੁਪਏ ਦੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਜਿੰਮ ਮਸ਼ੀਨਾਂ ਲੈਣ ਕੇ ਦਿੱਤੀਆਂ ਹਨ। ਖਿਡਾਰੀਆਂ ਕੋਲ 12 ਸਾਲ ਪੁਰਾਣਾ ਜੂਡੋ ਮੈਟ ਹਨ ਜੋ ਕਿ ਘੱਟੋ ਘੱਟ 15 ਲੱਖ ਰੁਪਏ ਦੇ ਆਉਣੇ ਹਨ। ਐਮ ਪੀ ਸਾਹਿਬ ਵਲੋਂ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਖਿਡਾਰੀਆਂ ਲਈ ਨਵੇਂ ਜੂਡੋ ਮੈਟ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਨਗਰ ਪਾਲਿਕਾ ਗੁਰਦਾਸਪੁਰ ਦੇ ਪ੍ਰਧਾਨ ਸ੍ਰ ਬਲਜੀਤ ਸਿੰਘ ਪਾਹੜਾ, ਰਵਿੰਦਰ ਕੁਮਾਰ ਖੰਨਾ, ਜੂਡੋ ਕੋਚ ਰਵੀ ਕੁਮਾਰ, ਅਤੇ ਅੰਤਰਰਾਸ਼ਟਰੀ ਪੱਧਰ ਦੇ ਜੂਡੋ ਖਿਡਾਰੀ ਮਾਨਵ ਸ਼ਰਮਾ ਅਤੇ ਰਜਨੀਸ਼ ਕੁਮਾਰ ਹਾਜ਼ਰ ਸਨ।