150 ਤੋਂ ਵੱਧ ਇਤਿਹਾਸਕ ਕਿਤਾਬਾਂ ਦੀ ਰਚਨਾਂ ਕਰਨ ਵਾਲਾ ਕੌਮੀ ਵਿਦਵਾਨ ਪਦਮ ਸ਼੍ਰੀ ਡਾ. ਰਤਨ ਸਿੰਘ ਜੱਗੀ
ਨਮਿਤ ਭੋਗ ਅਤੇ ਅੰਤਿਮ ਅਰਦਾਸ 1 ਜੂਨ ਨੂੰ– ਪੜ੍ਹੋ ਜਿੰਦਗੀ ਦਾ ਸਫ਼ਰਨਾਮਾ
ਪਦਮ ਸ਼੍ਰੀ, ਸ਼੍ਰੋਮਣੀ ਵਿਦਵਾਨ ਡਾ. ਰਤਨ ਸਿੰਘ ਜੱਗੀ
ਡਾ. ਰਤਨ ਸਿੰਘ ਜੱਗੀ ਦਾ ਨਾਂ ਪੰਜਾਬੀ ਅਤੇ ਹਿੰਦੀ ਸਾਹਿਤ ਦੇ ਉੱਘੇ ਵਿਦਵਾਨਾਂ ਅਤੇ ਗੁਰਮਤਿ ਤੇ ਭਗਤੀ ਲਹਿਰ ਦੇ ਮਾਹਰਾਂ ਵਿੱਚ ਸ਼ੁਮਾਰ ਹੈ। ਡਾ. ਰਤਨ ਸਿੰਘ ਜੱਗੀ ਨੇ ਆਪਣਾ ਸਮੁੱਚਾ ਜੀਵਨ ਮੱਧਕਾਲੀਨ ਸਾਹਿਤ ਦਾ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਅਧਿਐਨ ਕਰਨ, ਲਿਖਣ ਤੇ ਆਲੋਚਨਾਤਮਕ ਵਿਸ਼ਲੇਸ਼ਣ ਕਰਨ ਅਤੇ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਅਤੇ ਭਗਤੀ ਲਹਿਰ ਸਬੰਧੀ ਵੱਖ-ਵੱਖ ਪਹਿਲੂਆਂ ਦੀ ਖੋਜ ਕਰਨ ਲਈ (ਪੰਜਾਬੀ ਅਤੇ ਹਿੰਦੀ ਦੋਵਾਂ ਭਾਸ਼ਾਵਾਂ ਵਿੱਚ) ਸਮਰਪਿਤ ਕੀਤਾ।
ਉਹਨਾਂ ਦਾ ਜਨਮ 27 ਜੁਲਾਈ, 1927 ਨੂੰ ਹੋਇਆ ਅਤੇ ਉਹਨਾਂ ਨੇ ਆਪਣੇ ਜੀਵਨ ਪੰਧ ਦੇ 6 ਤੋਂ ਵੱਧ ਦਹਾਕੇ ਪੂਰੀ ਤਨਦੇਹੀ ਅਤੇ ਸੁਹਿਰਦਤਾ ਨਾਲ ਮੱਧਕਾਲੀ ਸਾਹਿਤ ਦੇ ਲੇਖੇ ਲਾਏ ਹਨ। ਉਹ 1987 ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਵਜੋਂ ਸੇਵਾਮੁਕਤ ਹੋਏ।
ਉਹ ਅੰਗਰੇਜ਼ੀ, ਹਿੰਦੀ, ਪੰਜਾਬੀ, ਉਰਦੂ, ਫਾਰਸੀ ਅਤੇ ਸੰਸਕ੍ਰਿਤ ਦੀ ਗੂੜੀ ਸੂਝ ਤੇ ਮੁਹਾਰਤ ਰੱਖਣ ਵਾਲੀ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਹਨ। ਉਹਨਾਂ ਨੇ ਕਿਤਾਬਾਂ, ਟੀਕਾਕਾਰੀ ਅਤੇ ਵਿਸ਼ਵਕੋਸ਼ ਵਰਗੀਆਂ ਬੇਮਿਸਾਲ ਰਚਨਾਵਾਂ ਨਾਲ ਸਾਹਿਤ ਦੇ ਖੇਤਰ ਵਿੱਚ ਸ਼ਾਨਦਾਰ ਵਿਆਪਕ ਅਤੇ ਗਿਆਨ ਭਰਪੂਰ ਯੋਗਦਾਨ ਪਾਇਆ।
ਉਹਨਾਂ ਨੇ 1962 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ “ਦਸਮ ਗ੍ਰੰਥ ਦਾ ਪੌਰਾਣਿਕ ਅਧਿਐਨ” (ਦਸਮ ਗ੍ਰੰਥ ਵਿਚਲੀਆਂ ਪੌਰਾਣਿਕ ਰਚਨਾਵਾਂ ਦਾ ਆਲੋਚਨਾਤਮਕ ਅਧਿਐਨ) ਵਿਸ਼ੇ ‘ਤੇ ਪੀ.ਐਚ.ਡੀ. ਕੀਤੀ ਅਤੇ “ਦਸਮ ਗ੍ਰੰਥ ਕੀ ਪੌਰਣਿਕ ਪਰਿਸ਼ਟਭੂਮੀ” ਨਾਮੀ ਪੁਸਤਕ ਸਾਹਿਤ ਜਗਤ ਦੀ ਝੋਲੀ ਪਾਈ, ਜਿਸ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਉੱਘੀਆਂ ਸਾਹਿਤਕ ਸ਼ਖ਼ਸੀਅਤਾਂ ਵੱਲੋਂ ਭਰਪੂਰ ਸ਼ਲਾਘਾ ਹਾਸਲ ਹੋਈ।
ਸਾਲ 2000 ਵਿੱਚ, ਉਹਨਾਂ ਨੇ ਪੰਜ ਜਿਲਦਾਂ ਵਿੱਚ “ਦਸਮ ਗ੍ਰੰਥ ਦਾ ਟੀਕਾ” ਪੇਸ਼ ਕੀਤਾ। ਉਹ ਦਸਮ ਗ੍ਰੰਥ ਦੇ ਗੂੜ੍ਹ ਗਿਆਤਾ ਹਨ ਅਤੇ ਇਸ ਵਿਸ਼ੇ ਤੇ ਅਥਾਰਟੀ ਵਜੋਂ ਜਾਣੇ ਜਾਂਦੇ ਹਨ। ਬਾਦ ਵਿੱਚ ਹਿੰਦੀ ਵਿੱਚ ਵੀ ਪੰਜ ਜਿਲਦਾਂ ਵਿੱਚ “ਦਸ਼ਮ ਗ੍ਰੰਥ ਦਾ ਟੀਕਾ” ਪੇਸ਼ ਕੀਤਾ।
ਡਾ. ਜੱਗੀ ਨੇ 1973 ਵਿੱਚ ਮਗਧ ਯੂਨੀਵਰਸਿਟੀ, ਬੋਧਗਯਾ ਤੋਂ ਹਿੰਦੀ ਵਿੱਚ “ਸ੍ਰੀ ਗੁਰੂ ਨਾਨਕ: ਵਿਅਕਤਿਤਵ, ਕ੍ਰਿਤਿਤਵ ਔਰ ਚਿੰਤਨ” (ਗੁਰੂ ਨਾਨਕ: ਸ਼ਖਸੀਅਤ, ਰਚਨਾ ਅਤੇ ਸਿੱਖਿਆਵਾਂ) ਵਿਸ਼ੇ ‘ਤੇ ਡੀ.ਲਿਟ. ਦੀ ਡਿਗਰੀ ਹਾਸਲ ਕੀਤੀ। ਸਮਾਜ ਪ੍ਰਤੀ ਆਪਣੇ ਸਾਹਿਤਕ ਯੋਗਦਾਨ ਨੂੰ ਜਾਰੀ ਰੱਖਦਿਆਂ ਉਹਨਾਂ ਨੇ ਸੇਵਾ ਅਤੇ ਨਿਮਰਤਾ ਦੇ ਪੁੰਜ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕਈ ਕਿਤਾਬਾਂ ਲਿਖੀਆਂ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਉਹਨਾਂ ਵੱਲੋਂ ਰਚਿਤ ਪੁਸਤਕ “ਗੁਰੂ ਨਾਨਕ ਬਾਣੀ: ਪਾਠ ਅਤੇ ਵਿਆਖਿਆ” ਨੂੰ ਪੰਜਾਬੀ ਅਤੇ ਹਿੰਦੀ ਵਿੱਚ ਪ੍ਰਕਾਸ਼ਿਤ ਕੀਤਾ ਗਿਆ। ਸਾਹਿਤ ਜਗਤ ਵਿੱਚ ਹੋਰ ਪੂਰਨੇ ਪਾਉਂਦਿਆਂ ਉਹਨਾਂ ਨੇ ਗੁਰੂ ਨਾਨਕ ਬਾਣੀ ਤੇ ਅਧਾਰਿਤ ਪਹਿਲੀ ਰਚਨਾ “ਗੁਰੂ ਨਾਨਕ:ਜੀਵਨੀ ਅਤੇ ਵਿਅਕਤੀਤਵ” ਅਤੇ ਦੂਜੀ ਪੁਸਤਕ “ਗੁਰੂ ਨਾਨਕ ਦੀ ਵਿਚਾਰਧਾਰਾ” ਵੀ ਪ੍ਰਕਾਸ਼ਿਤ ਕੀਤੀ ਅਤੇ ਇਹਨਾਂ ਦੋਵੇਂ ਰਚਨਾਵਾਂ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਨਮਾਨਿਤ ਕੀਤਾ ਗਿਆ।
ਪਵਿੱਤਰ ਗ੍ਰੰਥ “ਤੁਲਸੀ ਰਾਮਾਇਣ” (ਰਾਮ ਚਰਿਤ ਮਾਨਸ) ਦਾ ਪੰਜਾਬੀ ਵਿੱਚ ਲਿਪੀਅੰਤਰਨ ਅਤੇ ਅਨੁਵਾਦ ਕਰਨਾ ਡਾ. ਰਤਨ ਸਿੰਘ ਜੱਗੀ ਵੱਲੋਂ ਸਾਹਿਤ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਹੈ। ਇਹ ਕਿਤਾਬ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸ ਕਿਤਾਬ ਨੂੰ 1989 ਵਿੱਚ ਸਾਹਿਤ ਅਕਾਦਮੀ, ਨਵੀਂ ਦਿੱਲੀ ਵੱਲੋਂ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਉਹਨਾਂ ਨੇ 1994 ਵਿੱਚ “ਪੰਜਾਬੀ ਸਾਹਿਤ ਸੰਦਰਭ ਕੋਸ਼” (ਪੰਜਾਬੀ ਸਾਹਿਤ ਦਾ ਹਵਾਲਾ ਕੋਸ਼) ਤਿਆਰ ਕੀਤਾ ਜਿਸ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ। ਸਾਲ 1998 ਤੋਂ 2002 ਤੱਕ ਡਾ. ਜੱਗੀ ਨੇ ਪੰਜ ਜਿਲਦਾਂ ਵਿੱਚ “ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ” ਤਿਆਰ ਕੀਤਾ ਜਿਸ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸਬੰਧਤ ਸਵਾਲਾਂ ਦੇ ਜਵਾਬ ਦੇਣ ਲਈ ਇੱਕ ਵਿਸ਼ਵਕੋਸ਼ ਦੀ ਲੋੜ ਨੂੰ ਸਮਝਦੇ ਹੋਏ, ਡਾ. ਜੱਗੀ ਨੇ ਸੰਖੇਪ ਪਰ ਪ੍ਰਮਾਣਿਤ ਢੰਗ ਨਾਲ ਸਾਲ 2002 ਵਿੱਚ “ਗੁਰੂ ਗ੍ਰੰਥ ਵਿਸ਼ਵਕੋਸ਼” ਦਾ ਸੰਕਲਨ ਕੀਤਾ ਜਿਸ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ।
ਉਹਨਾਂ ਦੀਆਂ ਹੋਰ ਮਹੱਤਵਪੂਰਨ ਰਚਨਾਵਾਂ ਵਿੱਚ ਸਾਲ 2005 ਵਿੱਚ “ਸਿੱਖ ਪੰਥ ਵਿਸ਼ਵਕੋਸ਼” ਸ਼ਾਮਲ ਹੈ ਜਿਸ ਵਿੱਚ ਸਿੱਖ ਧਰਮ ਨਾਲ ਸਬੰਧਤ ਮੁੱਖ ਮੁੱਦਿਆਂ, ਸੰਸਕਰਣਾਂ ਅਤੇ ਤੱਥਾਂ ਬਾਰੇ ਐਂਟਰੀਆਂ ਸ਼ਾਮਲ ਹਨ ਅਤੇ ਸਾਲ 2007 ਵਿੱਚ “ਅਰਥਬੋਧ ਸ੍ਰੀ ਗੁਰੂ ਗ੍ਰੰਥ ਸਾਹਿਬ” ਸਿਰਲੇਖ ਵਾਲੀ ਰਚਨਾ ਤਿਆਰ ਕੀਤੀ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੰਜ ਜਿਲਦਾਂ ਵਿੱਚ ਉਪ-ਟੀਕਾ ਸ਼ਾਮਲ ਹੈ ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤਾ ਗਿਆ। ਉਹਨਾਂ ਦੀਆਂ ਇਹ ਰਚਨਾਵਾਂ ਬਹੁਤ ਮਾਨਤਾ ਪ੍ਰਾਪਤ ਹਨ।
ਸਾਲ 2013 ਵਿੱਚ ਡਾ. ਜੱਗੀ ਨੇ 8 ਜਿਲਦਾਂ ਵਿੱਚ ਪ੍ਰਕਾਸ਼ਿਤ “ਭਾਵ ਪ੍ਰਬੋਧਨੀ ਟੀਕਾ-ਸ੍ਰੀ ਗੁਰੂ ਗ੍ਰੰਥ ਸਾਹਿਬ” ਨਾਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਆਪਕ ਟੀਕਾ ਤਿਆਰ ਕਰਕੇ ਸਿੱਖ ਧਰਮ ਲਈ ਆਪਣੀ ਸਭ ਤੋਂ ਵੱਡੀ ਸੇਵਾ ਨਿਭਾਈ। ਇਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਸਤ੍ਰਿਤ ਵਿਆਖਿਆ ਹੈ ਅਤੇ ਜੋ ਕਿ ਮਾਨਵਤਾ ਲਈ ਬੇਹੱਦ ਅਹਿਮ ਸਿੱਧ ਹੋ ਰਿਹਾ ਹੈ। ਸਾਲ 2017 ਵਿੱਚ ਡਾ. ਜੱਗੀ ਨੇ ਇਸ ਟੀਕੇ ਦੀਆਂ ਪੰਜ ਜਿਲਦਾਂ ਨੂੰ ਹਿੰਦੀ ਵਿੱਚ ਵੀ ਪ੍ਰਕਾਸ਼ਿਤ ਕੀਤਾ ਗਿਆ। ਉਹਨਾਂ ਦੀਆਂ ਪੁਸਤਕਾਂ ਨੂੰ ਅੱਠ ਵਾਰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪਹਿਲਾ ਇਨਾਮ ਹਾਸਲ ਹੋਇਆ।
ਹਰਿਆਣਾ ਸਰਕਾਰ ਨੇ ਵੀ ਉਹਨਾਂ ਨੂੰ ਸਾਲ 1968 ਵਿਚ ਉਹਨਾਂ ਦੀ ਪੁਸਤਕ ਲਈ ਪਹਿਲੇ ਇਨਾਮ ਨਾਲ ਸਨਮਾਨਿਤ ਕੀਤਾ। ਦਿੱਲੀ ਸਰਕਾਰ ਦੀ ਸਰਪ੍ਰਸਤੀ ਹੇਠ ਪੰਜਾਬੀ ਅਕਾਦਮੀ ਨੇ ਸਾਲ 2010 ਵਿੱਚ ਉਹਨਾਂ ਨੂੰ “ਪਰਮ ਸਾਹਿਤ ਸਤਿਕਾਰ ਸਨਮਾਨ” ਨਾਲ ਸਨਮਾਨਿਤ ਕੀਤਾ ਅਤੇ ਉੱਤਰ ਪ੍ਰਦੇਸ਼ ਸਰਕਾਰ ਨੇ ਉਹਨਾਂ ਨੂੰ ਸਾਲ 1996 ਵਿੱਚ “ਸੌਹਰਦ ਸਨਮਾਨ” ਨਾਲ ਸਨਮਾਨਿਤ ਕੀਤਾ।
ਸਾਲ 2014 ਵਿੱਚ ਪੰਜਾਬੀ ਯੂਨੀਵਰਸਿਟੀ ਨੇ ਸਾਹਿਤ ਦੇ ਖੇਤਰ ਵਿੱਚ ਡਾ. ਰਤਨ ਸਿੰਘ ਜੱਗੀ ਦੀਆਂ ਪ੍ਰਾਪਤੀਆਂ ਦੇਖਦੇ ਹੋਏ ਉਹਨਾਂ ਨੂੰ ਆਨਰੇਰੀ ਡੀ. ਲਿਟ. ਦੀ ਡਿਗਰੀ ਨਾਲ ਸਨਮਾਨਿਤ ਕੀਤਾ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਵੀ ਉਹਨਾਂ ਨੂੰ 2015 ਵਿੱਚ ਆਨਰੇਰੀ ਡੀ. ਲਿਟ ਦੀ ਡਿਗਰੀ ਪ੍ਰਦਾਨ ਕੀਤੀ।
ਸ੍ਰ. ਜੱਗੀ ਨੂੰ ਉਹਨਾਂ ਦੀਆਂ ਸੁਹਿਰਦ, ਸ਼ਾਨਦਾਰ ਸੇਵਾਵਾਂ ਦੇ ਸਨਮਾਨ ਵਜੋਂ ਕਈ ਸਾਹਿਤਕ ਗੈਰ-ਸਰਕਾਰੀ ਸੰਸਥਾਵਾਂ ਅਤੇ ਧਾਰਮਿਕ ਸੰਸਥਾਵਾਂ ਨੇ ਵੀ ਸਨਮਾਨਿਤ ਕੀਤਾ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ 2008 ਵਿੱਚ ਸਾਹਿਤਕ ਪਿੜ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਲਈ ਸ੍ਰ. ਰਤਨ ਸਿੰਘ ਜੱਗੀ ਨੂੰ ਸਨਮਾਨਿਤ ਕੀਤਾ।
ਉਹਨਾਂ ਨੂੰ 2012 ਵਿੱਚ ਪੰਜਾਬੀ ਯੂਨੀਵਰਸਿਟੀ ਵੱਲੋਂ ਲਾਈਫ ਫੈਲੋਸ਼ਿਪ ਅਤੇ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਫੈਲੋਸ਼ਿਪ ਪ੍ਰਾਪਤ ਕਰਨ ਦਾ ਫ਼ਖ਼ਰ ਵੀ ਹਾਸਲ ਹੈ।
97 ਸਾਲ ਦੀ ਉਮਰ ਦੇ ਬਾਵਜੂਦ, ਮਹਾਨ ਸਾਹਿਤਕਾਰ, ਡਾ. ਰਤਨ ਸਿੰਘ ਜੱਗੀ ਨੇ ਹੁਣ ਤੱਕ 150 ਤੋਂ ਵੱਧ ਕਿਤਾਬਾਂ ਲਿਖੀਆਂ ਤੇ ਅੱਜ ਵੀ ਸਮਾਜ ਨੂੰ ਸੇਧਪੂਰਨ, ਮਿਸਾਲੀ ਸਾਹਿਤਕ ਸੇਵਾਵਾਂ ਦੇ ਸਮਰਪਿਤ ਕਰਨ ਦੇ ਆਪਣੇ ਮਿਸ਼ਨ ਨੂੰ ਪੂਰੀ ਸੁਹਿਰਦਤਾ, ਤਨਦੇਹੀ ਅਤੇ ਅਣਥੱਕ ਲਗਨ ਨਾਲ ਜਾਰੀ ਰੱਖਿਆ ਹੈ।
ਸਾਲ 2023 ਵਿੱਚ ਡਾ. ਰਤਨ ਸਿੰਘ ਜੱਗੀ ਨੂੰ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਭਾਰਤ ਦੇ ਰਾਸ਼ਟਰਪਤੀ ਵਲੋਂ “ਪਦਮ ਸ਼੍ਰੀ” ਸਨਮਾਨ ਨਾਲ ਨਵਾਜਿਆ ਗਿਆ।
ਇਸ ਤੋਂ ਇਲਾਵਾ ਡਾ. ਜੱਗੀ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਸਾਹਿਤਕ ਸੇਵਾਵਾਂ ਦੀ ਮਾਨਤਾ ਵਜੋਂ, ਉਹਨਾਂ ਨੂੰ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।ਉਹਨਾਂ ਨੂੰ ਸਾਲ 1989 ਵਿੱਚ ਸਾਹਿਤ ਅਕਾਦਮੀ, ਨਵੀਂ ਦਿੱਲੀ ਵੱਲੋਂ ਰਾਸ਼ਟਰੀ ਪੁਰਸਕਾਰ ਨਾਲ,
ਸਾਲ 1996 ਵਿੱਚ ਪੰਜਾਬ ਸਰਕਾਰ ਵੱਲੋਂ “ਪੰਜਾਬੀ ਸਾਹਿਤ ਸ਼੍ਰੋਮਣੀ” ਦੇ ਸਰਵਉੱਚ ਸੂਬਾਈ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਉਹਨਾਂ ਦੀਆਂ ਪੁਸਤਕਾਂ ਨੂੰ ਅੱਠ ਵਾਰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪਹਿਲਾ ਇਨਾਮ ਹਾਸਲ ਹੋਇਆ।
ਸਾਲ 2014 ਵਿੱਚ ਪੰਜਾਬੀ ਯੂਨੀਵਰਸਿਟੀ ਨੇ ਸਾਹਿਤ ਦੇ ਖੇਤਰ ਵਿੱਚ ਡਾ. ਰਤਨ ਸਿੰਘ ਜੱਗੀ ਦੀਆਂ ਪ੍ਰਾਪਤੀਆਂ ਦੇਖਦੇ ਹੋਏ ਉਹਨਾਂ ਨੂੰ ਆਨਰੇਰੀ ਡੀ. ਲਿਟ. ਦੀ ਡਿਗਰੀ ਨਾਲ ਸਨਮਾਨਿਤ ਕੀਤਾ।
ਇਸੇ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਵੀ ਉਹਨਾਂ ਨੂੰ 2015 ਵਿੱਚ ਆਨਰੇਰੀ ਡੀ. ਲਿਟ ਦੀ ਡਿਗਰੀ ਪ੍ਰਦਾਨ ਕੀਤੀ।
ਉਹਨਾਂ ਨੂੰ 2012 ਵਿੱਚ ਪੰਜਾਬੀ ਯੂਨੀਵਰਸਿਟੀ ਵੱਲੋਂ ਲਾਈਫ ਫੈਲੋਸ਼ਿਪ ਅਤੇ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਫੈਲੋਸ਼ਿਪ ਪ੍ਰਾਪਤ ਕਰਨ ਦਾ ਫ਼ਖ਼ਰ ਵੀ ਹਾਸਲ ਹੈ।
97 ਸਾਲ ਦੀ ਉਮਰ ਦੇ ਬਾਵਜੂਦ, ਮਹਾਨ ਸਾਹਿਤਕਾਰ, ਡਾ. ਰਤਨ ਸਿੰਘ ਜੱਗੀ ਨੇ ਹੁਣ ਤੱਕ 150 ਕਿਤਾਬਾਂ ਲਿਖੀਆਂ ਤੇ ਅੱਜ ਵੀ ਸਮਾਜ ਨੂੰ ਸੇਧਪੂਰਨ, ਮਿਸਾਲੀ ਸਾਹਿਤਕ ਸੇਵਾਵਾਂ ਦੇ ਸਮਰਪਿਤ ਕਰਨ ਦੇ ਆਪਣੇ ਮਿਸ਼ਨ ਨੂੰ ਪੂਰੀ ਸੁਹਿਰਦਤਾ, ਤਨਦੇਹੀ ਅਤੇ ਅਣਥੱਕ ਲਗਨ ਨਾਲ ਜਾਰੀ ਰੱਖਿਆ ਹੈ।

-
ਬਾਬੂਸ਼ਾਹੀ ਨੈੱਟਵਰਕ, ਡੈਸਕ ਐਡੀਟਰ
............
.................
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.