ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਮੌਕੇ ਪੁੱਜੇ ਵੱਡੀ ਗਿਣਤੀ ਪ੍ਰਸੰਸਕ, ਗਾਇਕ ਤੇ ਸਿਆਸੀ ਆਗੂ
ਅਸ਼ੋਕ ਵਰਮਾ
ਮਾਨਸਾ, 29 ਮਈ 2025: ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੀ ਅੱਜ ਤੀਜੀ ਬਰਸੀ ਪਰਿਵਾਰ ਤੇ ਪ੍ਰਸੰਸਕਾਂ ਵੱਲੋਂ ਮਨਾਈ ਗਈ। ਇਸ ਮੌਕੇ ਪੰਜਾਬ, ਹਰਿਆਣਾ ਸਮੇਤ ਹੋਰ ਰਾਜਾਂ ’ਚੋਂ ਉਹਨਾਂ ਦੇ ਪ੍ਰਸੰਸਕ, ਗਾਇਕ ਤੇ ਸਿਆਸਤਦਾਨ ਵੀ ਪੁੱਜੇ । ਸਿੱਧੂ ਦਾ 29 ਮਈ 2022 ਨੂੰ ਅੰਨ੍ਹੇਵਾਹ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਸੀ। ਬਰਸੀ ਮੌਕੇ ਅੱਜ ਸਿੱਧੂ ਦੇ ਮਾਪੇ ਕਾਫੀ ਭਾਵੁਕ ਹੋਏ ।
ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਪੁੱਤਰ ਨੂੰ ਦੁਨੀਆਂ ਤੋਂ ਗਿਆ ਤਿੰਨ ਸਾਲ ਹੋ ਗਏ ਹਨ ਪਰ ਉਹਨਾਂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਪੰਜਾਬ ਦੀ ਅਮਨ ਕਾਨੂੰਨ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਇੱਥੇ ਗੁੰਡਾਗਰਦੀ ਵਧ ਰਹੀ ਹੈ ਜਿਸ ਕਾਰਨ ਰੋਜ਼ਾਨਾ ਕਤਲ ਹੋ ਰਹੇ ਹਨ। ਐਸਵਾਈਐਲ ਗੀਤ ਦਾ ਜ਼ਿਕਰ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਉਹਨਾਂ ਦਿਨਾਂ ’ਚ ਲਾਰੈਂਸ ਬਿਸ਼ਨੋਈ ਦੀ ਜ਼ੇਲ੍ਹ ’ਚੋਂ ਹੋਈ ਇੰਟਰਵਿਊ ਤਾਂ ਚਲਦੀ ਰਹੀ ਸਿੱਧੂ ਦਾ ਗੀਤ ਐਸਵਾਈਐਲ ਯੂ ਟਿਊਬ ਤੋਂ ਡਿਲੀਟ ਕਰਵਾ ਦਿੱਤਾ। ਉਹਨਾਂ ਕਿਹਾ ਕਿ ਅੱਜ ਦੀ ਬਰਸੀ ਮੌਕੇ ਉਹ ਆਪਣੇ ਪੁੱਤਰ ਦੇ ਇਨਸਾਫ਼ ਦੀ ਜਿੱਥੇ ਮੰਗ ਕਰਦੇ ਹਨ, ਉਥੇ ਹੀ ਪਹਿਲਗਾਮ ਵਿੱਚ ਹੋਏ ਨਿਹੱਥੇ ਲੋਕਾਂ ਦੇ ਕਤਲੇਆਮ ਦੀ ਨਿੰਦਾ ਕਰਦੇ ਹਨ। ਉਨ੍ਹਾਂ ਅੱਜ ਮੁੜ ਦੁਹਰਾਇਆ ਕਿ ਆਪਣੇ ਪੁੱਤ ਨੂੰ ਇਨਸਾਫ਼ ਦਿਵਾਉਣ ਲਈ ਚੋਣ ਲੜਨਗੇ।
ਇਸ ਮੌਕੇ ਸਿੱਧੂ ਮੂਸੇ ਵਾਲਾ ਦੇ ਤਾਇਆ ਚਮਕੌਰ ਸਿੰਘ ਵੱਲੋਂ ਵੀ ਸੰਬੋਧਨ ਕੀਤਾ ਗਿਆ। ਇਸ ਮੌਕੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਸਿੱਧੂ ਮੂਸੇਵਾਲਾ ਦੇ ਬੁੱਤ ਕੋਲ ਜਾ ਕੇ ਕਾਫੀ ਭਾਵੁਕ ਹੋ ਗਏ। ਇਸ ਮੌਕੇ ਖੂਨਦਾਨ ਕੈਂਪ ਵੀ ਲਗਾਇਆ ਗਿਆ। ਬਰਸੀ ’ਤੇ ਪੁੱਜੇ ਲੋਕਾਂ ਨੇ ਉੱਥੇ ਲੱਗੀਆਂ ਸਟਾਲਾਂ ਤੋਂ ਸਿੱਧੂ ਮੂਸੇ ਵਾਲਾ ਦੀਆਂ ਫੋਟੋਆਂ ਦੀ ਕਾਫੀ ਖ੍ਰੀਦਦਾਰੀ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ, ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਅਦਾਕਾਰ ਦੇਵ ਖਰੌੜ, ਗਾਇਕ ਗੁਲਾਬ ਸਿੱਧੂ ਅਤੇ ਜਸਵਿੰਦਰ ਬਰਾੜ ਆਦਿ ਸਮੇਤ ਪੰਜਾਬ-ਹਰਿਆਣਾ ’ਚੋਂ ਵੱਡੀ ਗਿਣਤੀ ’ਚ ਪ੍ਰਸੰਸਕ ਪੁੱਜੇ ।
ਪਰਿਵਾਰ ਐਨਆਈਏ ਜਾਂ ਸੀਬੀਆਈ ਜਾਂਚ ਦੀ ਕਰੇ ਮੰਗ : ਬਣਾਂਵਾਲੀ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਧੂ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਤਲ ਵਾਲੇ ਦਿਨ ਤੋਂ ਹੀ ਹਰ ਕੋਸ਼ਿਸ਼ ਕੀਤੀ ਗਈ, ਜਿਸ ਤਹਿਤ ਵੱਡੀ ਗਿਣਤੀ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਨਿੱਜੀ ਰਾਇ ਹੈ ਕਿ ਜੇਕਰ ਪਰਿਵਾਰ ਨੂੰ ਫਿਰ ਵੀ ਲੱਗਦਾ ਹੈ ਕਿ ਇਨਸਾਫ ਹਾਲੇ ਨਹੀਂ ਮਿਲਿਆ ਤਾਂ ਉਹ ਐਨਆਈਏ ਜਾਂ ਸੀਬੀਆਈ ਜਾਂਚ ਦੀ ਮੰਗ ਕਰ ਸਕਦੇ ਹਨ।