ਚੰਡੀਗੜ੍ਹ ਯੂਨੀਵਰਸਿਟੀ ’ਚ ਧੂਮ-ਧਾਮ ਨਾਲ ਹੋਈ 5ਵੇਂ ’’ਚੰਡੀਗੜ੍ਹ ਮਿਊਜ਼ਿਕ ਐਂਡ ਫਿਲਮ ਫੈਸਟੀਵਲ 2025’’ ਦੀ ਸ਼ੁਰੂਆਤ, ਉਘੇ ਬਾਲੀਵੁੱਡ, ਪਾਲੀਵੁੱਡ ਅਤੇ ਟੀਵੀ ਕਲਾਕਾਰਾਂ ਨੇ ਲਿਆ ਹਿੱਸਾ
ਹਰਜਿੰਦਰ ਸਿੰਘ ਭੱਟੀ
- ਚੰਡੀਗੜ੍ਹ ਯੂਨੀਵਰਸਿਟੀ ’ਚ 5ਵੇਂ’’ਚੰਡੀਗੜ੍ਹ ਮਿਊਜ਼ਿਕ ਐਂਡ ਫਿਲਮ ਫੈਸਟੀਵਲ 2025’’ ਵਿਚ ਪਹੁੰਚੇ ਫਿਲਮੀ ਸਿਤਾਰਿਆਂ ਅਤੇ ਨਿਰਦੇਸ਼ਕਾਂ ਨੇ ਸਿਨੇਮਾ ਜਗਤ ਨਾਲ ਜੁੜੇ ਆਪਣੇ ਖਾਸ ਅਨੁਭਵ ਕੀਤੇ ਸਾਂਝੇ
- ਚੰਡੀਗੜ੍ਹ ਯੂਨੀਵਰਸਿਟੀ ’ਚ 5ਵੇਂ ’’ਮਿਊਜ਼ਿਕ ਅਤੇ ਫਿਲਮ ਫੈਸਟੀਵਲ 2025’’ ਦੇ ਉਦਘਾਟਨ ਸਮਾਰੋਹ ’ਚ ਪ੍ਰੀਤੀ ਸਪਰੂ, ਅਨੰਗ ਦੇਸਾਈ, ਅਲੀ ਅਸਗਰ, ਦਿਬਯੇਂਦੂ ਭੱਟਾਚਾਰੀਆ ਜਿਹੇ ਉਘੇ ਫਿਲਮੀ ਸਿਤਾਰਿਆਂ ਨੇ ਕੀਤੀ ਸ਼ਿਰਕਤ
- ਚੰਗਾ ਕੰਮ ਅਤੇ ਕੰਟੈਂਟ ਹਮੇਸ਼ਾ ਲੋਕਾਂ ਤੱਕ ਪਹੁੰਚਦਾ ਹੈ, ਖਿਚੜੀ ਨਾਟਕ ਦੇ ਮਸ਼ਹੂਰ ਕਿਰਦਾਰ ਬਾਬੂਜੀ ਨਾਲ ਪ੍ਰਸਿੱਧ ਅਦਾਕਾਰ - ਅਨੰਗ ਦੇਸਾਈ
- ਪੰਜਾਬੀ ਸਿਨੇਮਾ ਨੂੰ ਕਾਮੇਡੀ ਤੋਂ ਇਲਾਵਾ ਵਿਲੱਖਣ ਕੰਟੈਂਟ ਵਾਲੀਆਂ ਫਿਲਮਾਂ ਬਣਾਉਣ ਦੀ ਲੋੜ- ਪ੍ਰੀਤੀ ਸਪਰੂ
- ਓਟੀਟੀ ਨੇ ਅਦਾਕਾਰਾਂ ਲਈ ਕੰਮ ਅਤੇ ਆਪਣੀ ਕਲ੍ਹਾ ਨੂੰ ਦਿਖਾਉਣ ਲਈ ਖੋਲੇ ਨਵੇ ਮੌਕਿਆਂ ਦੇ ਦੁਆਰ - ਦਿਬਯੇਂਦੂ ਭੱਟਾਚਾਰੀਆ
- ਫਿਲਮੀ ਦੁਨੀਆ ਵਿਚ ਜੋ ਦਿਖਦਾ ਹੈ ਉਹ ਹੀ ਵਿਕਦਾ ਹੈ- ਅਲੀ ਅਸਗਰ
- ਮੈ ਕਪਿਲ ਸ਼ਰਮਾ ਸ਼ੋਅ ’ਚ ਆਪਣੇ ਕਿਰਦਾਰ ਨੂੰ ਕਰਦਾ ਹਾਂ ਯਾਦ - ਅਲੀ ਅਸਗਰ
- ਸਿੰਗਲ ਸਕਰੀਨਾਂ ’ਤੇ ਫਿਲਮਾਂ ਦੇਖਣ ਵਾਲੇ ਜਮੀਨੀ ਪੱਧਰ ਦੇ ਦਰਸ਼ਕਾਂ ਨੇ ਮਲਟੀਪਲੈਕਸ ’ਚ ਫਿਲਮਾਂ ਦੇਖਣ ਤੋਂ ਬਣਾਈ ਦੂਰੀ - ਮੁਸ਼ਤਾਕ ਖਾਨ
- ਬਾਹਰੀ ਅਦਾਕਾਰਾਂ ਦੀਆਂ ਫਿਲਮਾਂ ’ਤੇ ਰੋਕ ਲਗਾਉਣ ਨੂੰ ਦੱਸਿਆ ਗਲਤ- ਅਦਾਕਾਰਾਂ ਅਤੇ ਕਲਾ ’ਤੇ ਰੋਕ ਲਗਾਉਣਾ ਕੁਦਰਤ ਦੇ ਖਿਲਾਫ਼ - ਮੁਸ਼ਤਾਕ ਖਾਨ
ਚੰਡੀਗੜ੍ਹ/ਮੋਹਾਲੀ, 28 ਅਪ੍ਰੈਲ 2025 - ਚੰਡੀਗੜ੍ਹ ਯੂਨੀਵਰਸਿਟੀ ’ਚ 5ਵੇਂ ’’ਚੰਡੀਗੜ੍ਹ ਮਿਊਜ਼ਿਕ ਅਤੇ ਫਿਲਮ ਫੈਸਟੀਵਲ 2025’’ ਦੀ ਧੂਮ-ਧਾਮ ਨਾਲ ਸ਼ੁਰੂਆਤ ਹੋਈ।ਚੰਡੀਗੜ੍ਹ ਯੂਨੀਵਰਸਿਟੀ ਵਲੋਂ ਰੀਅਲ ਐਸੋਸੀਏਸ਼ਨ ਨਾਲ ਮਿਲ ਕੇ ਇਸ ਫੈਸਟੀਵਲ ਦੀ ਅਗਵਾਈ ਕੀਤੀ ਗਈ ਜਿਸ ਦੇ ਸ਼ੁਰੂਆਤੀ ਦਿਨ ਬਾਲੀਵੁੱਡ ਤੇ ਪਾਲੀਵੁਡ ਦੇ ਉਘੇ ਫਿਲਮੀ ਸਿਤਾਰੇ, ਚੋਟੀ ਦੇ ਫਿਲਮ ਨਿਰਦੇਸ਼ਕ ਅਤੇ ਗਾਇਕ ਸ਼ਾਮਲ ਹੋਏ।ਇਸ ਤੋਂ ਪਹਿਲਾ ਤਿੰਨ ਦਿਨਾਂ ਇਸ ’’ਚੰਡੀਗੜ੍ਹ ਮਿਊਜ਼ਿਕ ਅਤੇ ਫਿਲਮ ਫੈਸਟੀਵਲ 2025’’ ਦਾ ਅਗਾਜ਼ ਚੰਡੀਗੜ੍ਹ ਸੈਕਟਰ 35 ਦੇ ਮਿਊਂਸੀਪਲ ਭਵਨ ਵਿਖੇ ਐਤਵਾਰ ਨੂੰ ਹੋਇਆ ਜਦ ਕਿ ਬਾਕੀ ਦੇ ਦੋ ਦਿਨ ਫੈਸਟੀਵਲ ਚੰਡੀਗੜ੍ਹ ਯੂਨੀਵਰਸਿਟੀ ’ਚ ਕਰਵਾਇਆ ਜਾ ਰਿਹਾ ਹੈ।
ਚੰਡੀਗੜ੍ਹ ਯੂਨੀਵਰਸਿਟੀ ’ਚ ’’ਚੰਡੀਗੜ੍ਹ ਮਿਊਜ਼ਿਕ ਐਂਡ ਫਿਲਮ ਫੈਸਟੀਵਲ 2025’’ ਦੇ ਉਦਘਾਟਨ ਮੌਕੇ ਉਘੇ ਕਲਾਕਾਰਾਂ ’ਚ ਅਦਾਕਾਰ ਅਨੰਗ ਦੇਸਾਈ, ਟੀਵੀ ਅਦਾਕਾਰ ਅਲੀ ਅਸਗਰ, ਮੁਸ਼ਤਾਕ ਖਾਨ, ਅਦਾਕਾਰ ਵਿਜੇ ਪਾਟਕਰ, ਨਿਰਦੇਸ਼ਕ ਜੈਪ੍ਰਕਾਸ਼ ਸ਼ਾਹ, ਪੰਜਾਬੀ ਫਿਲਮੀ ਅਦਾਕਾਰਾ ਪ੍ਰੀਤੀ ਸਪਰੂ, ਅਦਾਕਾਰ ਦਿਬਯੇਂਦੂ ਭੱਟਾਚਾਰੀਆ, ਵਿਸ਼ੇਸ਼ ਤੌਰ ’ਤੇ ਪੁੱਜੇੇ।ਇਸ ਦੇ ਇਲਾਵਾ ਅਦਾਕਾਰ ਇਨਾਮੁਲ ਹੱਕ, ਮਨੀਸ਼ ਵਾਧਵਾ ਅਤੇ ਪ੍ਰਸਿੱਧ ਸੂਫੀ ਗਾਇਕਾ ਸੁਲਤਾਨਾ ਨੂਰਾਂ ਵੀ ਸ਼ਾਮਲ ਹੋਈ।
ਚੰਡੀਗੜ੍ਹ ਯੂਨੀਵਰਸਿਟੀ ’ਚ ਆਯੋਜਿਤ ’’ਚੰਡੀਗੜ੍ਹ ਮਿਊਜ਼ਿਕ ਐਂਡ ਫਿਲਮ ਫੈਸਟੀਵਲ 2025’’ ਸੁਤੰਤਰ ਸਿਨੇਮਾ ਦੇ ਇਕ ਵੱਡੇ ਜਸ਼ਨ ਵਜੋਂ ਉਭਰਿਆ ਅਤੇ ਇਸ ਦੌਰਾਨ ਨਿਰਮਾਤਾਵਾਂ ਦੁਆਰਾ ਭਾਵਨਾਤਮਕ ਤਰੀਕੇ ਨਾਲ ਕਹਾਣੀ ਕਹਿਣ ਦੀ ਆਪਣੀ ਕਲਾ ਸਰੋਤਿਆਂ ਸਾਹਮਣੇ ਪੇਸ਼ ਕੀਤਾ ਗਿਆ।ਫਿਲਮੀ ਸਿਤਾਰਿਆਂ ਦੁਆਰਾ ਵੱਡੇ ਪਰਦੇ ਦੇ ਨਾਲ ਦਰਸ਼ਕਾਂ ਸਾਹਮਣੇ ਸੱਭਿਆਚਾਰਕ ਦਿ੍ਰਸ਼ਟੀਕੋਣਾਂ ਨੂੰ ਵੀ ਇਸ ਸਮਾਗਮ ਰਾਹੀ ਪੇਸ਼ ਕੀਤਾ ਗਿਆ ਜੋ ਪੁਰਾਤਨ ਪਰੰਪਰਾਵਾਂ ਅਤੇ ਅੱਜ ਦੀ ਨਵੀਨਤਾ ਨੂੰ ਜੋੜਦੇ ਹਨ। ਚੰਡੀਗੜ੍ਹ ਯੂਨੀਵਰਸਿਟੀ ’ਚ ਇਸ ਫੈਸਟੀਵਲ ਦੇ ਪਹਿਲੇ ਦਿਨ ਇਕ ਅਜਿਹੀ ਸਿਨੇਮੈਟਿਕ ਮੈਰਾਥਾਨ ਦੀ ਸ਼ੁਰੂਆਤ ਹੋਈ ਜਿਸ ਵਿਚ ਫੀਚਰ ਫਿਲਮਾਂ, ਲਘੂ ਫਿਲਮਾਂ, ਐਨੀਮੇਟਡ ਫਿਲਮਾਂ, ਸੰਗੀਤਕ ਐਲਬਮਾਂ, ਓਟੀਟੀ ਅਤੇ ਡਾਕੂਮੈਂਟਰੀਜ਼ ਦੇ ਵੱਖ-ਵੱਖ ਵਿਸ਼ਿਆਂ ’ਤੇ ਚਰਚਾ ਕੀਤੀ ਗਈ ਅਤੇ ਚਰਚਾ ਦੌਰਾਨ ਇਨ੍ਹਾਂ ਵਿਸ਼ਿਆਂ ਦੇ ਵਿਲੱਖਣ ਦਿ੍ਰਸ਼ਟੀਕੋਣ ਅਤੇ ਕਲਾਤਮਕ ਦਿ੍ਰਸ਼ਟੀਕੋਣਾਂ ਨੂੰ ਉੱਭਾਰ ਕੇ ਪੇਸ਼ ਕੀਤਾ ਗਿਆ।ਫੈਸਟੀਵਲ ’ਚ ਪਹੁੰਚੇ ਦਰਸ਼ਕਾਂ ਨੂੰ ਫਿਲਮੀ ਅਤੇ ਟੀਵੀ ਜਗਤ ਦੇ ਸਿਤਾਰਿਆਂ ਨਾਲ ਰੁਬਰੂ ਹੋਣ ਦਾ ਮੌਕਾ ਵੀ ਮਿਲਿਆ ਅਤੇ ਉਨ੍ਹਾਂ ਨੇ ਸਿਤਾਰਿਆਂ ਤੋਂ ਉਨ੍ਹਾਂ ਦੀ ਜਿੰਦਗੀ ਅਤੇ ਸਿਨੇਮਾ ਬਾਰੇ ਸਵਾਲ ਵੀ ਪੁੱਛੇ। ਫੈਸਟੀਵਲ ਦੇ ਪਹਿਲੇ ਦਿਨ ਚੰਡੀਗੜ੍ਹ ਯੂਨੀਵਰਸਿਟੀ ’ਚ ਪਹੁੰਚੇ ਫਿਲਮੀ ਸਿਤਾਰਿਆਂ ਵਿਚੋਂ ਵਧੀਆ ਕਹਾਣੀਕਾਰਾਂ, ਦੂਰਦਰਸ਼ੀ ਫਿਲਮ ਨਿਰਮਾਤਾਵਾਂ ਅਤੇ ਸੰਗੀਤਕ ਹਸਤੀਆਂ ਦਾ ਸਨਮਾਨ ਵੀ ਕੀਤਾ ਗਿਆ।
ਚੰਡੀਗੜ੍ਹ ਯੂਨੀਵਰਸਿਟੀ ’ਚ ਪਹੁੰਚੇ ਫਿਲਮੀ ਸਿਤਾਰਿਆਂ ਨਾਲ ਖਾਸ ਗੱਲਬਾਤ
ਫਿਲਮ ਫੈਸਟੀਵਲ ਨਵੇ ਨਿਰਮਾਤਾਵਾਂ ਲਈ ਆਪਣੇ ਕੰਮ ਨੂੰ ਦਿਖਾਉਣ ਦਾ ਵਧੀਆ ਪਲੇਟਫਾਰਮ- ਅਦਾਕਾਰ ਅਨੰਗ ਦੇਸਾਈ
ਚੰਗਾ ਕੰਮ ਅਤੇ ਕੰਟੈਂਟ ਹਮੇਸ਼ਾ ਲੋਕਾਂ ਤੱਕ ਪਹੁੰਚਦਾ ਹੈ- ਅਦਾਕਾਰ ਅਨੰਗ ਦੇਸਾਈ
ਚੰਡੀਗੜ੍ਹ ਯੂਨੀਵਰਸਿਟੀ ’ਚ 5ਵੇਂ ’’ਚੰਡੀਗੜ੍ਹ ਮਿਊਜ਼ਿਕ ਅਤੇ ਫਿਲਮ ਫੈਸਟੀਵਲ 2025’’ ਵਿਚ ਪਹੁੰਚੇ ਅਦਾਕਾਰ ਅਨੰਗ ਦੇਸਾਈ ਨੇ ਕਿਹਾ ਕਿ ਇਹ ਫੈਸਟੀਵਲ ਨਵੇ ਨਿਰਮਾਤਾਵਾਂ ਲਈ ਆਪਣਾ ਕੰਮ ਦਿਖਾਉਣ ਲਈ ਇਕ ਬਹੁਤ ਵਧੀਆ ਪਲੇਟਫਾਰਮ ਹੈ।ਉਨ੍ਹਾਂ ਕਿਹਾ ਕਿ ਅੱਜ ਫਿਲਮੀ ਜਗਤ ਵਿਚ ਬਹੁਤ ਕੁਝ ਵਧੀਆ ’ਤੇ ਬਹੁਤ ਕੁਝ ਵਧੀਆ ਨਹੀ ਵੀ ਹੋ ਰਿਹਾ ਹੈ, ਉਨ੍ਹਾਂ ਕਿਹਾ ਕਿ ਜੋ ਵੀ ਕਹਾਣੀ ਤੁਸੀ ਲੋਕਾਂ ਤੱਕ ਪਹੁੰਚਾ ਰਹੇ ਹੋ ਉਹ ਕਹਾਣੀ ਅਤੇ ਉਸ ਦੇ ਕਿਰਦਾਰ ਵਧੀਆ ਹੋਣੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਜਦ ਲੋਕ ਤੁਹਾਨੂੰ ਤੁਹਾਡੇ ਪਰਦੇ ਦੇ ਕਿਰਦਾਰ ਕਰਕੇ ਜਾਣਦੇ ਹਨ ਤਾਂ ਉਸ ਸਮੇਂ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ।ਓਟੀਟੀ ’ਤੇ ਸੈਨਸਰਸਿਪ ਹੋਣੀ ਚਾਹੀਦੀ ਹੈ ਜਾਂ ਨਹੀ ਇਸ ਦੇ ਜਵਾਬ ਵਿਚ ਅਨੰਗ ਦੇਸਾਈ ਨੇ ਕਿਹਾ ਕਿ ਇਕ ਲੈਵਲ ਤੱਕ ਖੁਦ ਹੀ ਓਟੀਟੀ ਪਲੇਟਫਾਰਮ ’ਤੇ ਕੰਮ ਕਰਨ ਵਾਲਿਆਂ ਨੂੰ ਧਿਆਨ ਦੇਣਾ ਚਾਹੀਦਾ ਹੈ ਪਰ ਜੇਕਰ ਇਕ ਰੈਗੁਲੇਟਰੀ ਬਾਡੀ ਵੀ ਬਣਦੀ ਹੈ ਤਾਂ ਇਸ ਵਿਚ ਕੋਈ ਬੁਰਾਈ ਨਹੀ ਹੈ।ਉਨ੍ਹਾਂ ਕਿਹਾ ਕਿ ਓਟੀਟੀ ਦੇ ਨਾਮ ’ਤੇ ਕੁਝ ਵੀ ਲੋਕਾਂ ਸਾਹਮਣੇ ਪੇਸ਼ ਨਹੀ ਕੀਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ’ਖਿਚੜੀ’ ਨੂੰ ਹਰ ਵਰਗ ਦੇ ਲੋਕਾਂ ਨੇ ਪਸੰਦ ਕੀਤਾ ਹੈ।ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ ਟੀ.ਵੀ. ਇੰਡਸਟਰੀ ’ਚ ਬਹੁਤ ਗ੍ਰੋਥ ਹੋਈ ਹੈ।ਉਨ੍ਹਾਂ ਨੇ ਕਿਹਾ ਕਿ ਜੋ ਨਵੇ ਅਦਾਕਾਰ ਬਨਣ ਦੀ ਇੱਛਾ ਰੱਖਦੇ ਹਨ ਉਹ ਸਿੱਖਣ ਤੋਂ ਬਾਅਦ ਇੰਡਸਟਰੀ ਵਿਚ ਆਉਣ ਸਿਰਫ਼ ਗਲੈਮਰ ਦੇ ਚੱਕਰ ਵਿਚ ਇੰਡਸਟਰੀ ਵਿਚ ਨਾ ਆਉਣ।ਉਨ੍ਹਾਂ ਕਿਹਾ ਕਿ ਓਟੀਟੀ ਦੇ ਆਉਣ ਦੇ ਨਾਲ ਸਿਨੇਮਾ ’ਤੇ ਜਿਆਦਾ ਪ੍ਰਭਾਵ ਨਹੀ ਪਵੇਗਾ, ਕਿਉਕਿ ਸਮੇਂ ਦੇ ਨਾਲ ਨਵੇ ਮਾਧਿਅਮ ਆਉਂਦੇ ਰਹਿੰਦੇ ਹਨ।ਉਨ੍ਹਾਂ ਕਿਹਾ ਕਿ ਓਟੀਟੀ ਦਾ ਇਕ ਇਹ ਫਾਇਦਾ ਜਰੂਰ ਹੈ ਕਿ ਤੁਸੀ ਕਦੇ ਵੀ ਅਤੇ ਕਿਤੇ ਵੀ ਇਸ ’ਤੇ ਪ੍ਰੋਗਰਾਮ ਦੇਖ ਸਕਦੇ ਹੋ ਅਤੇ ਨਵੇ ਕਲਾਕਾਰਾਂ ਨੂੰ ਵੀ ਇਸ ਨੇ ਮੌਕੇ ਪ੍ਰਦਾਨ ਕੀਤੇ ਹਨ।
ਪੰਜਾਬੀ ਸਿਨੇਮਾ ਨੂੰ ਕਮੇਡੀ ਦੇ ਇਲਾਵਾ ਵਿਲੱਖਣ ਕੰਟੈਂਟ ਵਾਲੀਆਂ ਫਿਲਮਾਂ ਬਣਾਉਣ ਦੀ ਲੋੜ- ਪ੍ਰੀਤੀ ਸਪਰੂ
ਕਮੇਡੀ ਤੋਂ ਅਲੱਗ ਵਿਸ਼ਵ ਪੱਧਰ ਦੀਆਂ ਫਿਲਮਾਂ ਬਨਾਉਣ ਲਈ ਪੰਜਾਬੀ ਸਿਨੇਮਾ ਨੂੰ ਦਰਸ਼ਕਾਂ ਦੇ ਸਿਹਯੋਗ ਦੀ ਲੋੜ - ਪ੍ਰੀਤੀ ਸਪਰੂ
ਚੰਡੀਗੜ੍ਹ ਯੂਨੀਵਰਸਿਟੀ ’ਚ 5ਵੇਂ ’’ਚੰਡੀਗੜ੍ਹ ਮਿਊਜ਼ਿਕ ਅਤੇ ਫਿਲਮ ਫੈਸਟੀਵਲ 2025’’ ਵਿਚ ਪਹੁੰਚੀ ਪੰਜਾਬੀ ਅਦਕਾਰਾ ਪ੍ਰੀਤੀ ਸਪਰੂ ਨੇ ਪੰਜਾਬੀ ਫਿਲਮਾਂ ਬਾਰੇ ਗੱਲ ਕਰਦਿਆ ਕਿਹਾ ਕਿ ਜੋ ਪੰਜਾਬੀ ਫਿਲਮਾਂ ਪਹਿਲਾ ਬਣਦੀਆਂ ਸਨ ਉਹ ਸਾਰੀਆਂ ਫੈਮਲੀ ਡਰਾਮਾ ਅਤੇ ਉਸ ਵਿਚ ਹੀ ਪ੍ਰੇਮ ਕਹਾਣੀਆਂ ਦਾ ਸੰਗਰਹਿ ਹੁੰਦੀਆਂ ਸਨ।ਅੱਜ ਦੱਖਣੀ ਭਾਰਤੀ ਸਿਨੇਮਾ ਨੇ ਬਾਲੀਵੁੱਡ ਨੂੰ ਟੱਕਰ ਦਿੱਤੀ ਹੈ ਅਤੇ ਪੰਜਾਬੀ ਸਿਨੇਮਾ ਵੀ ਪਹਿਲੇ ਨਾਲੋ ਬੇਹਤਰ ਕਰ ਰਿਹਾ ਹੈ ਪਰ ਅੱਜ ਜਿਆਦਾਤਰ ਪੰਜਾਬੀ ਫਿਲਮਾਂ ਇਕੋ ਹੀ ਵਿਸ਼ੇ ’ਤੇ ਬਣ ਰਹੀਆਂ ਹਨ। ਅੱਜ ਪੰਜਾਬੀ ਸਿਨੇਮਾ ਦਾ ਕਮੇਡੀ ਫਿਲਮਾਂ ਵੱਲ ਵਧੇਰੇ ਧਿਆਨ ਹੈ।ਉਨ੍ਹਾਂ ਕਿਹਾ ਕਿ ਜਦ ਕੋਈ ਫਿਲਮ ਫੈਸਟੀਵਲ ਹੁੰਦਾ ਹੈ ਤਾਂ ਤੁਸੀ ਉਸ ਵਿਚ ਕਮੇਡੀ ਫਿਲਮਾਂ ਨਹੀ ਭੇਜ਼ ਸਕਦੇ ਹੋ ਤੁਹਾਨੂੰ ਸਮਾਜਿਕ ਸੁਨੇਹਾ ਦੇਣ ਵਾਲੀਆਂ ਅਤੇ ਕਿਸੇ ਵਿਸ਼ੇਸ਼ ਮਤਲਬ ਵਾਲੀਆਂ ਫਿਲਮਾਂ ਉਥੇ ਭੇਜਣੀਆਂ ਪੈਣਗੀਆ।ਅਜਿਹੀਆਂ ਫਿਲਮਾਂ ਬਨਾਉਣ ਲਈ ਪੰਜਾਬੀਆਂ ਦੇ ਸਹਿਯੋਗ ਦੀ ਵੀ ਜਰੂਰਤ ਹੈ ਕਿਉਕਿ ਜੇਕਰ ਉਹ ਅਜਿਹੀਆਂ ਫਿਲਮਾਂ ਦੇਖਣਗੇ ਤਾਂ ਹੀ ਪੰਜਾਬੀ ਸਿਨੇਮਾ ’ਚ ਹੋਰ ਸੁਧਾਰ ਹੋ ਸਕੇਗਾ।
ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕਰਦਿਆ ਪ੍ਰੀਤੀ ਸਪਰੂ ਨੇ ਕਿਹਾ ਕਿ ਉਹ ਹਰ ਸਾਲ ਜੰਮੂ-ਕਸ਼ਮੀਰ ਜਾਂਦੇ ਹਨ ਅਤੇ ਉਨ੍ਹਾਂ ਨੂੰ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਬਹੁਤ ਹਮਦਰਦੀ ਹੈ।ਉਨ੍ਹਾਂ ਕਿਹਾ ਕਿ ਹਾਲੇ ਕਸ਼ਮੀਰ ਉਭਰ ਹੀ ਰਿਹਾ ਸੀ, ਵੱਡੀ ਗਿਣਤੀ ’ਚ ਸੈਲਾਨੀ ਉਥੇ ਜਾ ਰਹੇ ਸਨ, ਪਰ ਮੈਨੂ ਲਗਦਾ ਹੈ ਕਿ ਜੰਮੂ-ਕਸ਼ਮੀਰ ਨੂੰ ਨਜ਼ਰ ਹੀ ਲੱਗ ਗਈ ਹੈ।ਉਥੇ ਦੇ ਲੋਕਾਂ ਦੀ ਰੋਜ਼ੀ ਰੋਟੀ ਜੋ ਸ਼ਿਕਾਰਿਆਂ, ਘੋੜਿਆਂ, ਪਿੱਠੂਆਂ ਅਤੇ ਸੈਲਾਨੀਆਂ ਦੇ ਸਿਰ ’ਤੇ ਚਲਦੀ ਸੀ, ਉਸ ਨੂੰ ਖਤਮ ਕਰ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਅੱਜ ਪੂਰਾ ਦੇਸ਼ ਕਹਿ ਰਿਹਾ ਹੈ ਕਿ ਅੱਤਵਾਦ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਖ਼ਤਮ ਕਰਨ ਲਈ ਜੋ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਹਨ ਅਸੀਂ ਉਨ੍ਹਾਂ ਦੇ ਨਾਲ ਹਾ। ਜੇਕਰ ਪ੍ਰਧਾਨ ਮੰਤਰੀ ਮੈਨੂ ਕਹਿਣ ਕਿ ਬੰਦੂਕ ਚੁੱਕ ਕੇ ਚੱਲੋ ਤਾਂ ਮੈ ਅੱਤਵਾਦ ਖਿਲਾਫ਼ ਇਸ ਲੜਾਈ ਨੂੰ ਲੜਨ ਲਈ ਚੱਲ ਪਵਾਗੀ।
ਆਪਣੇ ਵਿਲੱਖਣ ਕੰਟੈਂਟ ਰਾਹੀ ’’ਹੋਮ ਬਾਕਸ ਆਫਿਸ’’ ਬਣ ਉਭਰਿਆ ਹੈ ਓਟੀਟੀ, ਓਟੀਟੀ ਨੇ ਅਦਾਕਾਰਾਂ ਲਈ ਕੰਮ ਅਤੇ ਆਪਣੀ ਕਲ੍ਹਾ ਨੂੰ ਦਿਖਾਉਣ ਦੇ ਨਵੇਂ ਮੌਕੇ ਖੋਲੇ - ਅਦਾਕਾਰ ਦਿਬਯੇਂਦੂ ਭੱਟਾਚਾਰੀਆ
ਚੰਡੀਗੜ੍ਹ ਯੂਨੀਵਰਸਿਟੀ ’ਚ 5ਵੇਂ ’’ਚੰਡੀਗੜ੍ਹ ਮਿਊਜ਼ਿਕ ਅਤੇ ਫਿਲਮ ਫੈਸਟੀਵਲ 2025’’ ਵਿਚ ਪਹੁੰਚੇ ਉਘੇ ਅਦਾਕਾਰ ਦਿਬਯੇਂਦੂ ਭੱਟਾਚਾਰੀਆ ਨੇ ਕਿਹਾ ਕਿ ਜਦ ਉਹ ਫਿਲਮਾਂ ਵਿਚ ਕੰਮ ਕਰ ਰਹੇ ਸਨ, ਉਸ ਸਮੇਂ ਫਿਲਮਾਂ ਘੱਟ ਬਣ ਰਹੀਆਂ ਸੀ ਅਤੇ ਬਾਲੀਵੁੱਡ ਵਿਚ ਲੰਮੇ ਸਮੇਂ ਤੱਕ ਇਕੋ ਜਿਹੀਆਂ ਫਿਲਮਾਂ ਹੀ ਬਣਦੀਆਂ ਰਹੀਆਂ।ਉਸ ਸਮੇਂ ਫਿਲਮਾਂ ਵਿਚ ਉਨ੍ਹਾਂ ਦਾ ਕੰਮ ਬਹੁਤ ਸੀਮਤ ਸੀ ਪਰ ਓਟੀਟੀ ਦੇ ਆਉਣ ਨਾਲ ਕੰਮ ਕਰਨ ਦੀਆਂ ਵਧੇਰੇ ਸੰਭਾਵਨਾਵਾਂ ਪੈਦਾ ਹੋ ਗਈਆਂ।ਨਵੇ ਅਦਾਕਾਰਾਂ ਨੂੰ ਆਪਣੀ ਕਲ੍ਹਾ ਦਿਖਾਉਣ ਦੇ ਮੌਕੇ ਮਿਲੇ।ਲੋਕਾਂ ਨੂੰ ਓਟੀਟੀ ਦਾ ਕੰਟੈਂਟ ਵੀ ਪਸੰਦ ਆਇਆ ਅਤੇ ਕੋਰੋਨਾ ਦੇ ਸਮੇਂ ਓਟੀਟੀ ’’ਹੋਮ ਬਾਕਸ ਆਫਿਸ’’ ਬਣ ਗਿਆ।ਓਟੀਟੀ ਕਾਰਨ ਲੋਕਾਂ ਦਾ ਸਿਨੇਮਾ ਵੇਖਣ ਜਾਣਾ ਵੀ ਘੱਟ ਹੋ ਗਿਆ, ਕਿਉਕਿ ਸਿਨੇਮਾ ਜਾਣ ਦਾ ਖਰਚ ਵੀ ਵਧੇਰੇ ਹੈ, ਜੇਕਰ ਇਕ ਜੋੜਾ ਫਿਲਮ ਦੇਖਣ ਸਿਨੇਮਾ ਘਰ ਜਾਂਦਾ ਹੈ ਤਾਂ ਦੋ ਹਜ਼ਾਰ ਰੁਪਏ ਦਾ ਖਰਚਾ ਆ ਜਾਂਦਾ ਹੈ ਪਰ 600 ਰੁਪਏ ਭਰ ਕੇ ਤੁਸੀ ਪੂਰਾ ਸਾਲ ਓਟੀਟੀ ਦੇਖ ਸਕਦੇ ਹੋ। ਲੋਕ ਅੱਜ ਇੰਤਜਾਰ ਕਰਦੇ ਹਨ ਕਿ ਸਿਨੇਮਾ ’ਤੇ ਜ਼ੋ ਫਿਲਮ ਰਲੀਜ਼ ਹੋਈ ਹੈ ਉਹ ਕੁਝ ਦਿਨਾਂ ਬਾਅਦ ਓਟੀਟੀ ’ਤੇ ਆ ਜਾਵੇਗੀ। ਜੇਕਰ ਸਿਨੇਮਾ ਨੇ ਓਟੀਟੀ ਨੂੰ ਟੱਕਰ ਦੇਣੀ ਹੈ ਤਾਂ ਉਸ ਤਰ੍ਹਾ ਦਾ ਕੰਟੈਂਟ ਵੀ ਲੈ ਕੇ ਆਉਣਾ ਪਵੇਗਾ।ਹੌਲੀਵੁੱਡ ’ਚ ਮਾਰਵਲ ਕਾਮਿਕਸ ’ਤੇ ਅਧਾਰਿਤ ਫਿਲਮਾਂ ਬਣਦੀਆਂ ਹਨ ਪਰ ਸਾਡੇ ਇਥੇ ਹਰ ਇਕ ਫਿਲਮ ਕਾਮਿਕਸ ’ਤੇ ਅਧਾਰਿਤ ਲਗਦੀ ਹੈ ਜਦਕਿ ਓਟੀਟੀ ਦਾ ਕੰਟੈਂਟ ਬਹੁਤ ਹੀ ਵਧੀਆ ਅਤੇ ਵਿਲੱਖਣ ਹੈ।ਸਿਨੇਮਾ ਨੂੰ ਵੀ ਚਾਹੀਦਾ ਹੈ ਕਿ ਅਜਿਹਾ ਵਿਲੱਖਣ ਕੰਟੈਂਟ ਲਿਆਂਦਾ ਜਾਵੇ।
ਫਿਲਮੀ ਦੁਨੀਆ ’ਚ ਜੋ ਦਿਖਦਾ ਹੈ ਉਹ ਵਿਕਦਾ ਹੈ - ਅਦਾਕਾਰ ਅਲੀ ਅਸਗਰ
ਮੈ ਕਪਿਲ ਸ਼ਰਮਾ ਸੋਅ ’ਚ ਆਪਣੇ ਕਿਰਦਾਰ ਨੂੰ ਕਰਦਾ ਹਾਂ ਮਿਸ - ਅਲੀ ਅਸਗਰ
ਚੰਡੀਗੜ੍ਹ ਯੂਨੀਵਰਸਿਟੀ ’ਚ 5ਵੇਂ ’’ਚੰਡੀਗੜ੍ਹ ਮਿਊਜ਼ਿਕ ਅਤੇ ਫਿਲਮ ਫੈਸਟੀਵਲ 2025’’ ਵਿਚ ਪਹੁੰਚੇ ਅਦਾਕਾਗ ਅਲੀ ਅਸਗਰ ਨੇ ਕਪਿਲ ਸ਼ਰਮਾ ਸੋਅ ਵਿਚ ਆਪਣੇ ਕਿਰਦਾਰ ਦੀ ਗੱਲ ਕਰਦਿਆ ਕਿਹਾ ਕਿ ਅੱਜ ਵੀ ਉਹ ਜਦ ਕਿਤੇ ਸੋਅ ਕਰਦੇ ਹਨ ਤਾਂ ਉਸ ਕਿਰਦਾਰ ਨੂੰ ਨਿਭਾਉਂਦੇ ਹਨ।ਉਨ੍ਹਾਂ ਕਿਹਾ ਕਿ ਫਿਲਮੀ ਜਗਤ ਵਿਚ ਜੋ ਦਿਖਦਾ ਹੈ ਉਹੀ ਵਿਕਦਾ ਹੈ, ਜੇਕਰ ਕੋਈ ਅਦਾਕਾਰ ਕਿਸੇ ਕਾਰਨ ਕਰਕੇ ਕੁਝ ਸਮਾ ਦਿਖਾਈ ਨਹੀ ਦਿੰਦਾ ਤਾਂ ਅਜਿਹਾ ਕਹਿ ਦਿੱਤਾ ਜਾਂਦਾ ਹੈ ਕਿ ਉਸ ਦਾ ਭਵਿੱਖ ਖਤਮ ਹੋ ਚੁੱਕਾ ਹੈ।ਲੋਕ ਇਹ ਇੰਜ਼ਾਰ ਕਰ ਰਹੇ ਹੁੰਦੇ ਹਨ ਕਿ ਤੁਸੀ ਕਦੋਂ ਡਿੱਗੋ, ਬਹੁਤ ਘੱਟ ਉਹ ਲੋਕ ਮਿਲਣਗੇ ਜੋ ਤੁਹਾਡੇ ਲਈ ਚੰਗਾ ਸੋਚਦੇ ਹਨ।ਉਨ੍ਹਾਂ ਕਿਹਾ ਕਿ ਜੋ ਵੀ ਕਿਰਦਾਰ ਉਨ੍ਹਾਂ ਨੇ ਕੀਤਾ ਉਸ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ। ਕਪਿਲ ਸ਼ਰਮਾ ਸ਼ੋਅ ਵਿਚ ਆਪਣੇ ਕਿਰਦਾਰ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਉਸ ਨੂੰ ਕਰਦੇ ਹੋਏ ਮੈਨੂ ਖੁਦ ਹੀ ਸਹੀ ਨਹੀ ਲੱਗ ਰਿਹਾ ਸੀ ਕਿਉਕਿ ਉਸ ਕਿਰਦਾਰ ਵਿੱਚ ਅੱਗੇ ਕੁਝ ਖਾਸ ਕਰਨ ਨੂੰ ਬਚਿਆ ਨਹੀ ਸੀ ਅਤੇ ਜਦ ਕਿਸੇ ਅਦਾਕਾਰ ਨੂੰ ਹੀ ਕਿਸੇ ਕੰਮ ਨੂੰ ਕਰਨ ਵਿਚ ਮਜਾ ਨਾ ਆਵੇ ਤਾਂ ਦਰਸ਼ਕਾਂ ਨੂੰ ਕਿਵੇ ਉਹ ਵਧੀਆ ਲੱਗ ਸਕਦਾ ਹੈ।ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਅੱਜ ਦਰਸ਼ਕਾਂ ਕੋਲ ਦੇਖਣ ਨੂੰ ਬਹੁਤ ਕੁਝ ਹੈ, ਉਨ੍ਹਾਂ ਦੇ ਹਿਸਾਬ ਨਾਲ ਸਾਨੂ ਕੰਮ ਕਰਨਾ ਹੈ ਕਿਉਕਿ ਲੋਕ ਹੀ ਅਸਲੀ ਬੌਸ ਹਨ।
ਸਿੰਗਲ ਸਕਰੀਨਾਂ ’ਤੇ ਫਿਲਮਾਂ ਦੇਖਣ ਵਾਲੇ ਜਮੀਨੀ ਪੱਧਰ ਦੇ ਦਰਸ਼ਕਾਂ ਨੇ ਮਲਟੀਪਲੈਕਸ ’ਚ ਫਿਲਮਾਂ ਦੇਖਣ ਤੋਂ ਬਣਾਈ ਦੂਰੀ - ਮੁਸ਼ਤਾਕ ਖਾਨ
ਚੰਡੀਗੜ੍ਹ ਯੂਨੀਵਰਸਿਟੀ ’ਚ 5ਵੇਂ ’’ਚੰਡੀਗੜ੍ਹ ਮਿਊਜ਼ਿਕ ਅਤੇ ਫਿਲਮ ਫੈਸਟੀਵਲ 2025’’ ਵਿਚ ਪਹੁੰਚ ਅਦਾਕਾਰ ਮੁਸ਼ਤਾਕ ਖਾਨ ਨੇ ਕਿਹਾ ਕਿ ਉਹ ਫਿਲਮੀ ਜਗਤ ਤੋਂ ਆਏ ਹਨ ਅਤੇ ਪਹਿਲਾ ਜੋ ਫਿਲਮਾਂ ਬਣਦੀਆਂ ਸਨ ਉਨ੍ਹਾਂ ਵਿਚ ਕੰਮ ਕਰਨ ਦਾ ਮਜ੍ਹਾ ਅਲੱਗ ਹੁੰਦਾ ਸੀ। ਜੇਕਰ ਕੋਈ ਸੀਨ ਸਹੀ ਤਰ੍ਹਾ ਨਹੀ ਹੁੰਦਾ ਸੀ ਤਾਂ ਕਈ ਵਾਰ ਰੀਟੇਕ ਹੁੰਦੇ ਸਨ ਪਰ ਅੱਜ ਸਭ ਕੁਝ ਬਹੁਤ ਤੇਜ਼ ਹੋ ਗਿਆ ਹੈ।ਓਟੀਟੀ ਜਾਂ ਵੈਬ ਸੀਰੀਜ਼ ਦੀ ਗੱਲ ਕਰੀਏ ਤਾਂ ਸਭ ਕੁਝ ਤੇਜ਼ ਹੋ ਗਿਆ ਹੈ।ਬਾਲੀਵੁੱਡ ਫਿਲਮਾਂ ’ਤੇ ਓਟੀਟੀ ਦੇ ਪੈ ਰਹੇ ਅਸਰ ਬਾਰੇ ਗੱਲ ਕਰਦਿਆ ਉਨ੍ਹਾਂ ਕਿਹਾ ਕਿ ਲੋਕ ਜਿਸ ਚੀਜ਼ ਨੂੰ ਪਸੰਦ ਕਰਨਗੇ ਨਿਰਦੇਸ਼ਕਾਂ ਨੂੰ ਵੀ ਉਸ ਪਾਸੇ ਹੀ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ’ਚ ਸਿੰਗਲ ਸਕਰੀਨਾਂ ਦੀ ਜਗ੍ਹਾ ਮਲਟੀਪਲੈਕਸਾਂ ਨੇ ਲੈ ਲਈ ਹੈ ਅਤੇ ਜੋ ਰਿਕਸ਼ਾ ਵਾਲੇ, ਚਾਹ ਵਾਲੇ ਅਤੇ ਜਮੀਨੀ ਪੱਧਰ ਵਾਲੇ ਦਰਸ਼ਕ ਸਨ ਜਿਨ੍ਹਾਂ ਨੂੰ ਸਿਰਫ਼ ਫਿਲਮ ਦੇਖਣ ਨਾਲ ਮਤਲਬ ਸੀ ਉਨ੍ਹਾਂ ਦਾ ਫਿਲਮਾਂ ਦੇਖਣ ਜਾਣਾ ਘੱਟ ਹੋ ਗਿਆ ਹੈ।ਉਨ੍ਹਾਂ ਨੂੰ ਮਲਟੀਪਲੈਕਸ ਦੇ ਅੰਦਰ ਮਿਲਣ ਵਾਲੀਆਂ ਸੁਵਿਧਾਵਾਂ ਨਾਲ ਮਤਲਬ ਨਹੀ ਹੈ, ਉਹ ਚਣੇ ਖਾ ਕੇ ਵੀ ਫਿਲਮ ਦਾ ਮਜਾ ਲੈ ਲੈਂਦੇ ਸਨ। ਮੁਸ਼ਤਾਕ ਖਾਨ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਨਿੰਦਾ ਕਰਦਿਆ ਕਿਹਾ ਕਿ ਅਜਿਹਾ ਕਸ਼ਮੀਰ ਹੀ ਨਹੀ ਦੇਸ਼ ਦੇ ਕਿੱਸੇ ਹਿੱਸੇ ਵਿਚ ਵੀ ਨਹੀ ਹੋਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਫਿਲਮੀ ਜਗਤ ਦੇ ਲੋਕ ਵੀ ਕਸ਼ਮੀਰ ਵਿਚ ਸੂਟਿੰਗ ਕਰਨ ਤੋਂ ਡਰਦੇ ਹਨ।ਪਾਕਿਸਤਾਨੀ ਅਦਾਕਾਰ ਫਵਾਦ ਖਾਨ ਦੀ ਫਿਲਮ ’ਤੇ ਰੋਕ ਲਗਾਉਣ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਮੈਨੂ ਲਗਦਾ ਹੈ ਕਿ ਅਜਿਹਾ ਨਹੀ ਹੋਣਾ ਚਾਹੀਦਾ ਹੈ। ਅਸੀਂ ਸਰਹੱਦਾਂ ’ਤੇ ਰੋਕ ਲਗਾ ਸਕਦੇ ਹਾ ਪਰ ਹਵਾਵਾਂ ’ਤੇ ਨਹੀ, ਅਦਾਕਾਰ ਕਿਸੇ ਵੀ ਜਗ੍ਹਾ ਦੇ ਹੋਣ ਅਦਾਕਾਰ ਸਿਰਫ਼ ਅਦਾਕਾਰ ਹੁੰਦੇ ਹਨ।ਅਦਾਕਾਰਾਂ ਅਤੇ ਕਲਾ ’ਤੇ ਰੋਕ ਲਗਾਉਣਾ ਕੁਦਰਤ ਦੇ ਖਿਲਾਫ਼ ਹੈ।