ਸਮਾਂ ਤਬਦੀਲੀ: ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਅੰਤਿਮ ਦਰਸ਼ਨਾਂ ਲਈ ਨਵਾਂ ਸਮਾਂ ਤੇ ਰੂਟ ਜਾਰੀ
ਰਵੀ ਜਖੂ
ਚੰਡੀਗੜ੍ਹ, 29 ਮਈ 2025:
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੀ ਮ੍ਰਿਤਕ ਦੇਹ ਫੋਰਟਿਸ ਹਸਪਤਾਲ, ਮੋਹਾਲੀ ਤੋਂ ਉਨ੍ਹਾਂ ਦੇ ਚੰਡੀਗੜ੍ਹ ਸੈਕਟਰ 2 ਸਥਿਤ ਨਿਵਾਸ ‘ਤੇ ਲਿਆਂਦੀ ਗਈ ਹੈ, ਜਿੱਥੇ ਉਨ੍ਹਾਂ ਦੇ ਅੰਤਿਮ ਦਰਸ਼ਨ ਲਈ ਸੰਗਤ ਪਹੁੰਚ ਰਹੀ ਹੈ।
30 ਮਈ (ਵੀਰਵਾਰ) ਸਵੇਰੇ 8 ਵਜੇ, ਢੀਂਡਸਾ ਸਾਹਿਬ ਦੀ ਮ੍ਰਿਤਕ ਦੇਹ ਚੰਡੀਗੜ੍ਹ ਤੋਂ ਰਾਜਪੁਰਾ, ਪਟਿਆਲਾ, ਭਵਾਨੀਗੜ੍ਹ ਰਾਹੀਂ ਲੰਘਦੀ ਹੋਈ ਲਗਭਗ 10:30 ਤੋਂ 11:00 ਵਜੇ ਤਕ ਸੰਗਰੂਰ ਸਥਿਤ ਪਰਿਵਾਰਕ ਨਿਵਾਸ ‘ਤੇ ਲਿਆਂਦੀ ਜਾਵੇਗੀ। ਇੱਥੇ ਸੰਗਤ ਉਨ੍ਹਾਂ ਦੇ ਅੰਤਿਮ ਦਰਸ਼ਨ ਕਰ ਸਕੇਗੀ।
ਬਾਅਦ ਵਿੱਚ, ਲਗਭਗ ਦੁਪਹਿਰ 3 ਵਜੇ, ਉਨ੍ਹਾਂ ਦੀ ਦੇਹ ਨੂੰ ਸੰਸਕਾਰ ਲਈ ਉਨ੍ਹਾਂ ਦੇ ਜੱਦੀ ਪਿੰਡ ਉਭਾਵਾਲ, ਜ਼ਿਲ੍ਹਾ ਸੰਗਰੂਰ ਵੱਲ ਲਿਜਾਇਆ ਜਾਵੇਗਾ।
ਬਾਬੂਸ਼ਾਹੀ ਟੀਮ ਅਤੇ ਇਸ ਦੇ ਸੰਪਾਦਕ ਬਲਜੀਤ ਬੱਲੀ ਵੱਲੋਂ ਢੀਂਡਸਾ ਦੇ ਅਕਾਲ ਚਲਾਣੇ ਤੇ ਡੂੰਘਾ ਦੁੱਖ ਜ਼ਾਹਿਰ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ।