ਪੁਲ 'ਤੇ ਖੜਾ ਸੂਫ਼ੀ 'ਗੁਰਭਜਨ ਗਿੱਲ' - ਪਰਮਿੰਦਰ ਸੋਢੀ
ਉਹ ਸ਼ਬਦਾਂ ਦਾ
ਦਰਜੀ ਹੈ ਜਾਂ ਜੁਲਾਹਾ
ਜਾਂ ਫਿਰ ਮਿਸਤਰੀ ਕੋਈ
ਮੈਨੂੰ ਨਹੀਂ ਪਤਾ !
ਪਰ ਜੇ ਤੁਸੀਂ ਉਸ ਦੀਆਂ
ਜੇਬਾਂ ਫਰੋਲ ਬੈਠੋਗੇ
ਤਾਂ ਰੰਗ ਬਰੰਗੇ ਧਾਗਿਆਂ
ਅਤੇ ਤਰ੍ਹਾਂ ਤਰ੍ਹਾਂ ਦੀਆਂ
ਗੂੰਦਾਂ ਫੈਵੀਕੋਲਾਂ ਤੋਂ ਬਿਨਾਂ
ਕੁਝ ਨਹੀਂ ਮਿਲਣਾ
ਜ਼ਿੰਦਗੀ ਦੇ ਟੋਟੇ ਜੋੜਦਾ
ਰਿਸ਼ਤਿਆਂ ਦੇ ਤਾਣੇ ਬੁਣਦਾ
ਦੋਸਤੀ ਦੀਆਂ ਇੱਟਾਂ ਚਿਣਦਾ
ਮੁਹੱਬਤਾਂ ਦਾ ਪੁਲ ਬਣਦਾ
ਵਗਦੇ ਪਾਣੀਆਂ ਦੇ ਗੀਤ ਲਿਖਦਾ !
ਉਸ ਦੀ ਇਬਾਰਤ
ਪਿਆਰ ਦੀ ਇਮਾਰਤ ਹੈ
ਹੋਰ ਕੁਝ ਵੀ ਨਹੀਂ
ਉਸ ਦੀ ਆਵਾਜ਼ ਵਿਚ
ਜੋ ਬਿਰਹਾ ਰਾਗ ਸੁਣਦਾ ਹੈ
ਉਹ ਉਸ ਦਾ ਨਹੀਂ
ਉਸ ਨੂੰ ਅੱਧ-ਵਿਚਾਲੇ ਛੱਡਕੇ
ਤੁਰ ਗਈ ਕਿਸੇ ਦੇਵੀ ਦਾ ਹੈ
ਉਹ ਹਰ ਰੋਜ਼
ਲਫ਼ਜ਼ਾਂ ਸੰਗ ਉਗਮਦਾ
ਅਤੇ ਨਜ਼ਮਾਂ ਵਿਚ ਅਸਤ ਜਾਂਦਾ
ਪੰਜਾਬੀ ਪੰਜਾਬੀ ਜਪਦਾ
ਸ਼ਬਦ ਗੁਰੂ ਦਾ ਵਾਹਕ ਕੋਈ
ਕਿਸੇ ਆਦਿ ਕਾਲੀ ਨਦੀ ਨਾਲ਼
ਪਲ ਪਲ ਇਕ ਸੁਰ ਹੁੰਦਾ
ਸਾਧਕ ਕੋਈ ...
(ਪਰਮਿੰਦਰ ਸੋਢੀ)