
ਸੁਖਜੀਤ ਯਾਦਗਾਰੀ ਲਾਇਬ੍ਰੇਰੀ ਦਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕੀਤਾ ਉਦਘਾਟਨ
ਨਵੀਨੀਕਰਨ ’ਤੇ 12 ਲੱਖ ਰੁਪਏ ਖਰਚੇ ਜਾਣਗੇ - ਕੁੰਦਰਾ
ਬਾਬੂਸ਼ਾਹੀ ਨੈਟਵਰਕ
ਮਾਛੀਵਾੜਾ ਸਾਹਿਬ, 16 ਸਤੰਬਰ, 2025: ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਪ੍ਰਸਿੱਧ ਕਹਾਣੀਕਾਰ ਤੇ ਸਾਹਿਤਕਾਰ ਸਵ. ਸੁਖਜੀਤ ਦੀ ਯਾਦ ਵਿਚ ਨਗਰ ਕੌਂਸਲ ਮਾਛੀਵਾੜਾ ਵਲੋਂ ਸੁਖਜੀਤ ਸ਼ਬਦ ਲਾਇਬ੍ਰੇਰੀ ਦਾ ਉਦਘਾਟਨ ਸਮਰਾਲਾ ਹਲਕੇ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵਲੋਂ ਕੀਤਾ ਗਿਆ। ਵਿਧਾਇਕ ਦਿਆਲਪੁਰਾ ਨੇ ਇਸ ਲਾਇਬ੍ਰੇਰੀ ਦੇ ਉਦਘਾਟਨੀ ਪੱਥਰ ਤੋਂ ਪਰਦਾ ਹਟਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿਰਕੱਢ ਲੇਖਕ ਸਵ. ਸੁਖਜੀਤ ਦੇ ਯਤਨਾਂ ਸਦਕਾ ਪਿਛਲੇ ਸਮੇਂ ਦੌਰਾਨ ਨਗਰ ਕੌਂਸਲ ਨੇ ਸ਼ਹਿਰ ਵਾਸੀਆਂ ਲਈ ਸ਼ਬਦ ਲਾਇਬ੍ਰੇਰੀ ਸਥਾਪਿਤ ਕੀਤੀ ਸੀ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਇਹ ਲਾਇਬ੍ਰੇਰੀ ਲਗਭਗ ਬੰਦ ਹੋ ਚੁੱਕੀ ਸੀ ਅਤੇ ਇੱਥੇ ਪਿਆ ਸਾਹਿਤਕ ਖ਼ਜਾਨਾ ਵੀ ਗੁੰਮ ਹੋ ਗਿਆ ਸੀ। ਹੁਣ ਨਗਰ ਕੌਂਸਲ ਦੇ ਪ੍ਰਧਾਨ ਮੋਹਿਤ ਕੁੰਦਰਾ ਵਲੋਂ ਇਹ ਉਪਰਾਲਾ ਕੀਤਾ ਗਿਆ ਅਤੇ ਲਾਇਬ੍ਰੇਰੀ ਦੇ ਨਵੀਨੀਕਰਨ ਲਈ 12 ਲੱਖ ਰੁਪਏ ਦਾ ਤਖਮੀਨਾ ਤਿਆਰ ਕੀਤਾ ਗਿਆ। ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਹੁਣ ਇਸ ਲਾਇਬ੍ਰੇਰੀ ਦਾ ਨਾਮ ਸਵ. ਸੁਖਜੀਤ ਸ਼ਬਦ ਲਾਇਬ੍ਰੇਰੀ ਹੋਵੇਗਾ। ਇਸ ਸਬੰਧੀ ਉਨ੍ਹਾਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਇਸ ਕਾਰਜ ਲਈ ਦਿੱਤੀ ਅਗਵਾਈ ਤੇ ਪ੍ਰੇਰਨਾ ਦਾ ਵੀ ਧੰਨਵਾਦ ਕੀਤਾ।
ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਦੱਸਿਆ ਕਿ ਇਸ ਲਾਇਬ੍ਰੇਰੀ ਦੇ ਨਵੀਨੀਕਰਨ ਲਈ 12 ਲੱਖ ਰੁਪਏ ਦਾ ਟੈਂਡਰ ਪਾਸ ਹੋ ਚੁੱਕਾ ਹੈ ਜਿਸ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਲਾਇਬ੍ਰੇਰੀ ਵਿਚ ਫਿਲਹਾਲ ਦੁਬਾਰਾ ਕੁਝ ਕੁ ਸਾਹਿਤਕ ਖ਼ਜਾਨਾ ਰੱਖ ਦਿੱਤਾ ਗਿਆ ਹੈ ਅਤੇ ਇੱਥੇ ਬਜ਼ੁਰਗਾਂ ਤੋਂ ਇਲਾਵਾ ਨੌਜਵਾਨ ਲੜਕੇ-ਲੜਕੀਆਂ ਵੀ ਕਿਤਾਬਾਂ ਪੜ੍ਹਨ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵਲੋਂ ਇੱਥੇ ਆਈ.ਏ.ਐੱਸ. ਤੇ ਪੀ.ਸੀ.ਐੱਸ. ਦੀ ਤਿਆਰੀ ਸਬੰਧੀ ਪੁਸਤਕਾਂ ਵੀ ਰੱਖੀਆਂ ਜਾਣਗੀਆਂ ਤਾਂ ਜੋ ਬੱਚੇ ਇੱਥੇ ਆ ਕੇ ਇਨ੍ਹਾਂ ਨੂੰ ਪੜ੍ਹ ਸਕਣ। ਸਵ. ਸੁਖਜੀਤ ਦੀ ਪਤਨੀ ਗੁਰਦੀਪ ਕੌਰ ਨੇ ਵਿਧਾਇਕ ਦਿਆਲਪੁਰਾ ਅਤੇ ਨਗਰ ਕੌਂਸਲ ਮਾਛੀਵਾਡ਼ਾ ਦੇ ਪ੍ਰਧਾਨ ਮੋਹਿਤ ਕੁੰਦਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਲਾਇਬ੍ਰੇਰੀ ਦੁਬਾਰਾ ਸ਼ੁਰੂ ਹੋਣ ਨਾਲ ਜਿੱਥੇ ਲੋਕਾਂ ਨੂੰ ਲਾਭ ਮਿਲੇਗਾ, ਉੱਥੇ ਸਵ. ਸੁਖਜੀਤ ਦਾ ਸੁਪਨਾ ਵੀ ਸਾਕਾਰ ਹੋਇਆ ਹੈ। ਇਸ ਮੌਕੇ ਚਿੱਤਰਕਾਰ ਜਗਦੀਸ਼ ਸਿੰਘ ਬਰਾੜ ਵਲੋਂ ਸ਼ਬਦ ਲਾਇਬ੍ਰੇਰੀ ਲਈ ਸਚਿੱਤਰ ਕੌਫ਼ੀ ਟੇਬਲ ਪੁਸਤਕ “ਗੁਰੂ ਗੋਬਿੰਦ ਸਿੰਘ ਮਾਰਗ” ਵੀ ਭੇਟ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਕਿਤਾਬ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਲੈ ਕੇ ਸ੍ਰੀ ਮੁਕਤਸਰ ਸਾਹਿਬ ਤੱਕ ਦੇ ਇਤਿਹਾਸ ਦਾ ਜ਼ਿਕਰ ਕੀਤਾ ਹੈ।
ਪਰਿਵਾਰ ਵੱਲੋਂ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਤੇ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੂੰ ਦਸਤਾਰ ਤੇ ਲੋਈਆਂ ਦਰਸ਼ਨ ਬੂੱਟਰ, ਨਰਿੰਦਰ ਸ਼ਰਮਾ ਐਡਵੋਕੇਟ ਸਮਰਾਲਾ, ਗੁਰਦੀਪ ਕੌਰ, ਸੁਖਜੀਤ ਦੀ ਬੇਟੀ ਪ੍ਰੋ. ਜਪੁਜੀ , ਨਿੱਕੇ ਵੀਰ ਊਧਮ ਸਿੰਘ ਤੇ ਸਨੇਹੀਆਂ ਵੱਲੋਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕਿਹਾ ਕਿ ਉਹ ਨਿੱਜੀ ਤੌਰ ’ਤੇ 250 ਪੁਸਤਕਾਂ ਇਸੇ ਮਹੀਨੇ ਦੇ ਅੰਤ ਤੱਕ ਇਸ ਲਾਇਬਰੇਰੀ ਲਈ ਭੇਂਟ ਕਰਨਗੇ ਅਤੇ ਬਾਕੀ ਸੰਸਥਾਵਾਂ ਤੇ ਲੇਖਕਾਂ ਨੂੰ ਵੀ ਪੁਸਤਕ ਦਾਨ ਲਈ ਪ੍ਰੇਰਤ ਕਰਨਗੇ ਜਿਸ ਨੂੰ ਪੜ੍ਹ ਕੇ ਨੌਜਵਾਨ ਸਾਹਿੱਤ ਤੋਂ ਜਾਣੂ ਹੋਣਗੇ।
ਮੰਚ ਸੰਚਾਲਨ ਪ੍ਰਸਿੱਧ ਲੇਖਕਾਂ ਜਤਿੰਦਰ ਕੌਰ ਮਾਹਲ ਨੇ ਕੀਤਾ।
ਇਸ ਮੌਕੇ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਜਗਮੀਤ ਸਿੰਘ ਮੱਕੜ, ਜਸਵੀਰ ਸਿੰਘ ਭੱਟੀਆਂ, ਨੀਰਜ ਕੁਮਾਰ, ਕਿਸ਼ੋਰ ਕੁਮਾਰ, ਨਿਰਮਲ ਰਾਜੂ (ਸਾਰੇ ਕੌਂਸਲਰ), ਸ਼ੈਲਰ ਐਸੋ. ਦੇ ਪ੍ਰਧਾਨ ਰੁਪਿੰਦਰ ਸਿੰਘ ਬੈਨੀਪਾਲ, ਟਰੱਕ ਯੂਨੀਅਨ ਦੇ ਪ੍ਰਧਾਨ ਬਲਪ੍ਰੀਤ ਸਿੰਘ ਸ਼ਾਮਗੜ੍ਹ, ਪੰਜਾਬੀ ਸਾਹਿੱਤ ਸਭਾ ਸਮਰਾਲਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ, ਬਲਜਿੰਦਰ ਸਿੰਘ ਰਿੰਕੂ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਸਾਹਿਤਕਾਰ ਡਾ. ਸੁਰਜੀਤ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ,ਕਹਾਣੀਕਾਰ ਬਲਵਿੰਦਰ ਗਰੇਵਾਲ ਖੰਨਾ ਤੇ ਅਜਾਇਬ ਸਿੰਘ, ਸਤਿੰਦਰ ਕੌਰ ਮਾਹਲ, ਰਘਬੀਰ ਸਿੰਘ ਭਰਤ, ਚਿੱਤਰਕਾਰ ਜਗਦੀਸ਼ ਸਿੰਘ ਬਰਾੜ੍ਹ, ਦੀਪ ਦਿਲਬਰ, ਪ੍ਰਵੀਨ ਮੱਕੜ, ਨਾਟਕਕਾਰ ਰਾਜਵਿੰਦਰ ਸਮਰਾਲਾ, ਅਦਾਕਾਰਾ ਕਮਲਜੀਤ,ਪੀ.ਏ. ਨਵਜੀਤ ਸਿੰਘ, ਜਗਦੀਪ ਸਿੰਘ, ਨਵਦੀਪ ਸਿੰਘ ਵੀ ਮੌਜੂਦ ਸਨ।