ਪਾਸ਼ ਯਾਦਗਾਰੀ ਸਾਹਿਤਕ ਸਮਾਗਮ 6 ਸਤੰਬਰ ਨੂੰ
* ਹਰਵਿੰਦਰ ਭੰਡਾਲ ਹੋਣਗੇ ਮੁੱਖ ਵਕਤਾ
* "ਤੂੰ ਚਰਖਾ ਘੁਕਦਾ ਰੱਖ ਜਿੰਦੇ" ਨਾਟਕ ਹੋਏਗਾ
ਕਪੂਰਥਲਾ, 16 ਅਗਸਤ 2025 - ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਵੱਲੋਂ ਚੋਟੀ ਦੇ ਕਵੀ ਪਾਸ਼ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਾਸ਼ ਯਾਦਗਾਰੀ ਸੂਬਾਈ ਸਾਹਿਤਕ ਸਮਾਗਮ ਇਸ ਵਾਰ 6 ਸਤੰਬਰ ਸ਼ਨਿਚਰਵਾਰ ਦਿਨੇ 11 ਵਜੇ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਸਹਿਯੋਗ ਨਾਲ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਹੋਏਗਾ।
ਇਸ ਸਮਾਗਮ 'ਚ 'ਅਜੋਕੇ ਸਮੇਂ ਲੇਖਕ ਦੀ ਪ੍ਰਤੀਬੱਧਤਾ' ਵਿਸੇ ਉੱਪਰ ਵਿਚਾਰ ਚਰਚਾ ਹੋਏਗੀ, ਜਿਸ ਦੇ ਮੁੱਖ ਵਕਤਾ ਵਿਦਵਾਨ ਲੇਖਕ ਹਰਵਿੰਦਰ ਭੰਡਾਲ ਹੋਣਗੇ।

ਇਸ ਸਮਾਗਮ ਚ ਗ਼ਦਰੀ ਗੁਲਾਬ ਕੌਰ ਦੀ ਸ਼ਤਾਬਦੀ ਨੂੰ ਸਜਦਾ ਕਰਦਿਆਂ ਉਹਨਾਂ ਦੇ ਸੰਗਰਾਮੀ ਜੀਵਨ ਬਾਰੇ ਨਾਟਕ ਹੋਏਗਾ 'ਤੂੰ ਚਰਖਾ ਘੁਕਦਾ ਰੱਖ ਜਿੰਦੇ'।
ਪ੍ਰੋ. ਅਜਮੇਰ ਔਲਖ ਦਾ ਲਿਖਿਆ ਡਾ. ਅਜਮੀਤ ਕੌਰ ਔਲਖ ਦੁਆਰਾ ਨਿਰਦੇਸ਼ਤ ਇਹ ਨਾਟਕ ਲੋਕ ਕਲਾ ਮੰਚ ਮਾਨਸਾ ਦੀ ਟੀਮ( ਸਰਪਰਸਤ ਮਨਜੀਤ ਕੌਰ ਔਲਖ ) ਵੱਲੋਂ ਹੋਏਗਾ। ਸਮਾਗਮ ਦਾ ਆਗਾਜ਼ ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਦੇ ਮੈਂਬਰ ਡਾਕਟਰ ਪਰਮਿੰਦਰ ਦੇ ਚੰਦ ਸ਼ਬਦਾਂ ਨਾਲ ਹੋਏਗਾ ।
ਪ੍ਰੈਸ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਦੇ ਕਨਵੀਨਰ ਸੁਰਿੰਦਰ ਧੰਜਲ, ਕਵੀ ਜਗੀਰ ਜੋਸਣ, ਡਾ. ਪਰਮਿੰਦਰ, ਅਮੋਲਕ ਸਿੰਘ, ਕਹਾਣੀਕਾਰ ਅਤਰਜੀਤ, ਹਰਮੇਸ਼ ਮਾਲੜੀ, ਮੋਹਣ ਸਿੰਘ ਬੱਲ ਗੁਰਮੀਤ, ਇਕਬਾਲ ਉਦਾਸੀ ਜਸਬੀਰ ਸਮਰ, ਡਾ. ਅਰੀਤ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਆਰ ਸੀ ਐੱਫ ਕਪੂਰਥਲਾ ਤੋਂ ਧਰਮਪਾਲ ਅਤੇ ਚੰਦਰਭਾਨ ਨੇ ਦੱਸਿਆ ਕਿ ਇਹ ਯਾਦਗਾਰੀ ਸਮਾਗਮ ਮੁਲਕ ਦੇ ਸਿਰ ਤੇ ਕੂਕਦੇ ਮਹੱਤਵਪੂਰਨ ਸਵਾਲਾਂ ਨੂੰ ਸਾਹਿਤਕ ਸਭਿਆਚਾਰਕ ਮਾਧਿਅਮ ਰਾਹੀਂ ਸੰਬੋਧਿਤ ਹੋਏਗਾ।