
ਗੁਰਨੀਰ ਸਾਹਨੀ ਵੱਲੋਂ ਸਾਹਿਤਕ ਸਮਾਰੋਹ ਦਾ ਪੋਸਟਰ ਰਿਲੀਜ਼
23 ਅਗਸਤ ਨੂੰ ਪਟਿਆਲਾ ਆਉਣਗੇ ਅਦਾਰਾਰ ਕਰਮਜੀਤ ਅਨਮੋਲ
ਬਾਬੂਸ਼ਾਹੀ ਨੈਟਵਰਕ
ਪਟਿਆਲਾ, 19 ਅਗਸਤ, 2025: ਯੁਵਾ ਲੇਖਕ ਸਤਦੀਪ ਗਿੱਲ ਦੀ ਪਲੇਠੀ ਪੁਸਤਕ ‘ਫ਼ੰਤਾਸੀਆ’ ਦੇ ਲੋਕ ਅਰਪਣ ਸਮਾਰੋਹ ਸਬੰਧੀ ਪੋਸਟਰ ਜਾਰੀ ਕੀਤਾ ਗਿਆ। ਪੋਸਟਰ ਜਾਰੀ ਕਰਨ ਦੀ ਰਸਮ ਪ੍ਰਸਿੱਧ ਸਮਾਜ ਸੇਵਿਕਾ ਅਤੇ ਬਜ਼ੁਰਗ ਸਾਹਿਤਕਾਰਾ ਗੁਰਨੀਰ ਕੌਰ ਸਾਹਨੀ ਨੇ ਅਦਾ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬੀ ਵਿਕੀਮੀਡੀਅਨਜ਼ ਯੂਜ਼ਰ ਗਰੁੱਪ ਦੇ ਵਲੰਟੀਅਰ ਮੀਡੀਆ ਇੰਚਾਰਜ ਅਮਨ ਅਰੋੜਾ ਨੇ ਦੱਸਿਆ ਕਿ ਪੁਸਤਕ ਦਾ ਲੋਕ ਅਰਪਣ ਸਮਾਰੋਹ 23 ਅਗਸਤ ਨੂੰ ਭਾਸ਼ਾ ਭਵਨ ਦੇ ਸੈਮੀਨਾਰ ਹਾਲ ਵਿਖੇ ਸ਼ਾਮ ਚਾਰ ਵਜੇ ਕਰਵਾਇਆ ਜਾ ਰਿਹਾ ਹੈ। ਇਹ ਪੁਸਤਕ ਲੇਖਕ ਦੀ ਸੱਤ ਲਾਤੀਨੀ ਅਮਰੀਕੀ ਦੇਸ਼ਾਂ ਦੀ ਯਾਤਰਾ ਅਤੇ ਭਾਸ਼ਾਵਾਂ ਸਿੱਖਣ ਦੇ ਸਫ਼ਰ ਬਾਰੇ ਹੈ। ਨਾਲ ਹੀ ਲੇਖਕ ਨੇ ਪਹਿਲੀ ਵਾਰ ਤਿੰਨ ਸਪੇਨੀ ਕਹਾਣੀਆਂ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਪੇਸ਼ ਕੀਤਾ ਹੈ। ਲੋਕ ਅਰਪਣ ਸਮਾਰੋਹ ਮਾਤ ਭਾਸ਼ਾ ਜਾਗਰੂਕਤਾ ਮੰਚ ਪੰਜਾਬ, ਪਬਲਿਕ ਹੈਲਪ ਫਾਉਂਡੇਸ਼ਨ ਪੰਜਾਬ, ਕਥੋ ਪ੍ਰਕਾਸ਼ਨ, ਪੰਜਾਬੀ ਵਿਕੀਮੀਡੀਅਨਜ਼ ਯੂਜਰ ਗਰੁੱਪ ਦੇ ਸਾਂਝੇ ਉੱਦਮ ਨਾਲ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਸਮਾਰੋਹ ਵਿੱਚ ਪ੍ਰਸਿੱਧ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ, ਜਦਕਿ ਭਾਸ਼ਾ ਵਿਭਾਗ ਦੇ ਡਾਇਰੈਕਟਰ ਅਤੇ ਪ੍ਰਸਿੱਧ ਕਵੀ ਜਸਵੰਤ ਸਿੰਘ ਜ਼ਫ਼ਰ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਸਿੱਖਿਆ ਮਾਹਿਰ ਅਤੇ ਸਮਾਜ ਸੇਵੀ ਕੰਵਲਜੀਤ ਸਿੰਘ ਢੀਂਡਸਾ ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਹੋਣਗੇ। ਇਸ ਤੋਂ ਇਲਾਵਾ ਚਿਕਿਤਸਾ ਮਾਹਿਰ ਅਤੇ ਵੂਮਨ ਬੁੱਕ ਕਲੱਬ ਦੇ ਸੀਨੀਅਰ ਮੈਂਬਰ ਡਾ. ਕਿਰਨਜੋਤ ਕੌਰ ਉੱਪਲ, ਚਿੰਤਕ ਪ੍ਰੋਫੈਸਰ ਬਾਵਾ ਸਿੰਘ, ਲੇਖ ਬਲਰਾਮ ਬੋਧੀ, ਅਨੁਵਾਦਕ ਚਰਨ ਗਿੱਲ, ਆਲੋਚਕ ਉਜਾਗਰ ਸਿੰਘ, ਸੀਨੀਅਰ ਐਡਵੋਕੇਟ ਜੋਗਿੰਦਰ ਸਿੰਘ ਜਿੰਦੂ, ਸਮਾਜ ਸੇਵੀ ਰਾਜੀਵ ਚੋਪੜਾ, ਪੰਜਾਬੀ ਫਿਲਮ ਨਿਰਦੇਸ਼ਕ ਹਰੀਸ਼ ਗਾਰਗੀ, ਫਿਲਮ ਲੇਖਕ ਉਪਿੰਦਰ ਵੜੈਚ, ਫਿਲਮ ਨਿਰਮਾਤਾ ਗੁਰਪ੍ਰੀਤ ਬਾਬਾ, ਕਹਿਕਸ਼ਾਂ ਇੰਟੀਰੀਅਰਜ਼ ਦੇ ਐਮਡੀ ਨੀਤੂ ਚੋਪੜਾ, ਅਦਾਕਾਰ ਸਹਿਜ ਅਜ਼ੀਜ਼, ਫਿਲਮ ਲੇਖਕ ਜਸਦੀਪ ਸਿੰਘ, ਗਾਇਕਾ ਨਦਰ ਨੂਰ, ਅਦਾਕਾਰ ਸ਼ਹਿਬਾਜ਼ ਬਾਜਵਾ ਅਤੇ ਹੋਰ ਸ਼ਖਸੀਅਤਾਂ ਵੀ ਸਮਾਰੋਹ ਵਿੱਚ ਭਾਗ ਲੈਣਗੀਆਂ।
ਸਮਾਰੋਹ ਦਾ ਪੋਸਟਰ ਰਿਲੀਜ਼ ਕਰਦਿਆਂ ਸਾਹਨੀ ਨੇ ਲੇਖਕ ਸਤਦੀਪ ਨੂੰ ਆਸ਼ੀਰਵਾਦ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਤੇ ਕਥੋ ਪ੍ਰਕਾਸ਼ਨ ਦੇ ਐਮਡੀ ਅਰਸ਼ ਰੰਡਿਆਲਾ, ਮਾਤ ਭਾਸ਼ਾ ਜਾਗਰੂਕਤਾ ਮੰਚ ਦੇ ਸੰਯੋਜਕ ਗੁਰਮਿੰਦਰ ਸਿੰਘ ਸਮਦ, ਪਬਲਿਕ ਹੈਲਪ ਫਾਉਂਡੇਸ਼ਨ ਦੇ ਰਵਿੰਦਰ ਰਵੀ, ਰਾਜੀਵ ਚੋਪੜਾ, ਡਾ. ਕਿਰਨਜੋਤ ਉੱਪਲ, ਨੀਤੂ ਚੋਪੜਾ, ਅਮਨ ਅਰੋੜਾ ਅਤੇ ਹੋਰ ਪਤਵੰਤੇ ਲੋਕ ਹਾਜ਼ਰ ਸਨ।