ਆਰ ਪੀ ਸਿੰਘ ਵੱਲੋਂ ਰੇਖਾ ਗੁਪਤਾ ਨੂੰ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਅ ਕਰਨ ਦੀ ਅਪੀਲ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 14 ਅਕਤੂਬਰ, 2025: ਭਾਜਪਾ ਦੇ ਕੌਮੀ ਬੁਲਾਰੇ ਆਰ ਪੀ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਅਪੀਲ ਕੀਤੀ ਹੈ ਕਿ ਬੰਦੀ ਸਿੰਘ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਅ ਕੀਤਾ ਜਾਵੇ।
ਮੁੱਖ ਮੰਤਰੀ ਨਾਲ ਹੋਈ ਮੀਟਿੰਗ ਦੇ ਵੇਰਵੇ ਦਿੰਦਿਆਂ ਆਰ ਪੀ ਸਿੰਘ ਨੇ ਇਕ ਟਵੀਟ ਵਿਚ ਦੱਸਿਆ ਕਿ ਉਹਨਾਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਕੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਨਿੱਜੀ ਅਪੀਲ ਕੀਤੀ। ਉਹਨਾਂ ਕਿਹਾ ਕਿ ਉਹਨਾਂ ਨੇ ਨਿਰੋਲ ਮਨੁੱਖਤਾ ਦੇ ਆਧਾਰ ’ਤੇ ਇਹ ਅਪੀਲ ਕੀਤੀ ਹੈ। ਭੁੱਲਰ ਪਿਛਲੇ 28 ਸਾਲਾਂ ਤੋਂ ਜੇਲ੍ਹ ਵਿਚ ਹਨ। ਪਿਛਲੇ 14 ਸਾਲਾਂ ਤੋਂ ਉਹਨਾਂ ਦਾ ਗੰਭੀਰ ਬਿਮਾਰੀ ਲਈ ਇਨਾਜ ਚਲ ਰਿਹਾ ਹੈ। ਸੁਪਰੀਮ ਕੋਰਟ ਨੇ 2014 ਵਿਚ ਬਹੁਤ ਦੇਰੀ ਕਾਰਨ ਅਤੇ ਉਹਨਾਂ ਦੀ ਸਿਹਤ ਕਾਰਨ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰ ਦਿੱਤਾ ਸੀ।
2019 ਵਿਚ ਕੇਂਦਰ ਸਰਕਾਰ ਨੇ ਉਹਨਾਂ ਦੀ ਸਜ਼ਾ ਮੁਆਫੀ ਦੀ ਹਦਾਇਤ ਕੀਤੀ ਪਰ ਫਿਰ ਵੀ ਉਹ ਜੇਲ੍ਹ ਵਿਚ ਹਨ। ਦਿੱਲੀ ਸਜ਼ਾ ਸਮੀਖਿਆ ਬੋਰਡ ਵਾਰ-ਵਾਰ ਉਹਨਾਂ ਦੀ ਰਿਹਾਈ ਤੋਂ ਨਾਂਹ ਕਰ ਚੁੱਕਾ ਹੈ ਪਰ ਹਾਲਾਤ ਮੰਗ ਕਰਦੇ ਹਨ ਕਿ ਤਰਸ ਤੇ ਮਨੁੱਖੀ ਮਾਣ ਸਨਮਾਨ ਦੇ ਆਧਾਰ ’ਤੇ ਉਹਨਾਂ ਦੇ ਕੇਸ ਦੀ ਸਮੀਖਿਆ ਕੀਤੀ ਜਾਵੇ। ਇਕ ਮਾਨਸਿਕ ਰੋਗੀ ਨੂੰ ਤਰਸ ਦੇ ਆਧਾਰ ’ਤੇ ਰਿਹਾਈ ਮਿਲਣੀ ਚਾਹੀਦੀ ਹੈ।