← ਪਿਛੇ ਪਰਤੋ
Babushahi Exclusive ਰਿੰਗ ਰੋਡ ਤੋਂ ਬਰਨਾਲਾ ਜਾਣ ਵਾਲੀਆਂ ਗੱਡੀਆਂ ਨੇ ਘੁਮਾਈ ਬੀਬੀ ਵਾਲਾ ਚੌਂਕ ’ਚ ਟਰੈਫਿਕ ਦੀ ਭੰਬੀਰੀ ਅਸ਼ੋਕ ਵਰਮਾ ਬਠਿੰਡਾ,14ਅਕਤੂਬਰ 2025: ਡੱਬਵਾਲੀ ਮਾਨਸਾ ਤਰਫੋਂ ਰਿੰਗ ਰੋਡ ਫੇਜ਼ ਵਨ ਰਾਹੀਂ ਗੱਡੀਆਂ ਦੇ ਚੰਡੀਗੜ੍ਹ ਬਰਨਾਲਾ ਵੱਲ ਜਾਣ ਲਈ ਕੌਮੀ ਮਾਰਗ ਤੇ ਚੜ੍ਹਨ ਦੇ ਚੱਕਰ ’ਚ ਬੀਬੀ ਵਾਲਾ ਚੌਂਕ ਘੜਮੱਸ ਦਾ ਹੌਟ ਸਪਾਟ ਬਣ ਗਿਆ ਹੈ। ਖਾਸ ਤੌਰ ਤੇ ਸਵੇਰ ਅਤੇ ਸ਼ਾਮ ਤਾਂ ਘੰਟਿਆਂ ਬੱਧੀ ਸਥਿਤੀ ਵੱਸੋਂ ਬਾਹਰ ਹੋਈ ਰਹਿੰਦੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਇਸ ਚੌਂਕ ਹੇਠਾਂ ਪੀਸੀਆਰ ਪੋਸਟ ਤਾਂ ਬਣੀ ਹੋਈ ਹੈ ਪਰ ਟਰੈਫਿਕ ਪੁਲਿਸ ਦੇ ਕਦੇ ਦਰਸ਼ਨ ਨਹੀਂ ਹੁੰਦੇ ਹਨ। ਕਈ ਵਾਰ ਤਾਂ ਗੱਡੀਆਂ ਦੀ ਬਹੁਤਾਤ ਕਾਰਨ ਇੱਥੋਂ ਦੀ ਲੰਘਣ ਮੌਕੇ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਪਰੋਂ ਰਿੰਗ ਰੋਡ ਤੇ ਜਾਣ ਲਈ ਜਦੋਂ ਗੱਡੀਆਂ ਗਲ੍ਹਤ ਪਾਸਿਓਂ ਲੰਘਾਈਆਂ ਜਾਂਦੀਆਂ ਹਨ ਤਾਂ ਸਲਿੱਪ ਰੋਡ ਤੇ ਵੀ ਜਾਮ ਲੱਗਿਆ ਰਹਿੰਦਾ ਹੈ। ਅਜਿਹੇ ਹਾਲਾਤਾਂ ਦਰਮਿਆਨ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ ਅਤੇ ਵੱਡਾ ਆਰਥਿਕ ਅਤੇ ਜਿਸਮਾਨੀ ਨੁਕਸਾਨ ਹੋਣ ਦੇ ਬਾਵਜੂਦ ਕੋਈ ਸਮਝਣ ਨੂੰ ਤਿਆਰ ਨਹੀਂ ਹੈ। ਨੈਸ਼ਨਲ ਹਾਈਵੇਅ ਤੇ ਖਲੋਕੇ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਰਿੰਗ ਰੋਡ ਤੋਂ ਆਵਾਜਾਈ ਖੱਬੇ ਹੱਥ ਨੂੰ ਮੁੜਦੀ ਹੈ। ਭਾਵੇਂ ਕੋਨੇ ਤੇ ਜਗ੍ਹਾ ਖੁੱਲ੍ਹੀ ਹੈ ਪਰ ਸ਼ਹਿਰ ਵੱਲ ਜਾਂਦੀ ਸਲਿੱਪ ਰੋਡ ਟਰੈਫਿਕ ਦੇ ਮੁਕਾਬਲੇ ਤੰਗ ਹੈ ਜੋ ਸਮੱਸਿਆ ਦੀ ਜੜ੍ਹ ਹੈ। ਬਰਨਾਲਾ ਵਾਲੇ ਪਾਸਿਓਂ ਆਉਣ ਵਾਲੀ ਸਮੁੱਚੀ ਆਵਾਜਾਈ ਵੀ ਸ਼ਹਿਰ ਵਿੱਚ ਦਾਖਲ ਹੋਣ ਲਈ ਇਸੇ ਸਲਿੱਪ ਰੋਡ ਦੀ ਵਰਤੋਂ ਕਰਦੀ ਹੈ। ਜਦੋਂ ਸਾਰੇ ਪਾਸਿਆਂ ਤੋਂ ਗੱਡੀਆਂ ਦੀ ਭਰਮਾਰ ਹੁੰਦੀ ਹੈ ਤਾਂ ਸਲਿੱਪ ਰੋਡ ਤੋਂ ਦੀ ਲੰਘਣਾ ਮੁਸ਼ਕਲਾਂ ਦਾ ਸਬੱਬ ਬਣਦਾ ਹੈ। ਖਾਸ ਤੌਰ ਤੇ ਵੱਡੀਆਂ ਗੱਡੀਆਂ ਲੰਘਾਉਣ ਵੇਲੇ ਦਿੱਕਤਾਂ ਆਉਂਦੀਆਂ ਹਨ ਤੇ ਇਹੋ ਜਿਹੀ ਹਰ ਗੱਡੀ ਹੋਰਨਾਂ ਲਈ ਸਮੱਸਿਆ ਖੜ੍ਹੀ ਕਰਦੀ ਹੈ। ਸਲਿੱਪ ਰੋਡ ਦੇ ਬਿਲਕੁਲ ਨਾਲ ਪਾਣੀ ਦੇ ਨਿਕਾਸ ਲਈ ਨਾਲਾ ਬਣਿਆ ਹੋਣ ਕਰਕੇ ਸੜਕ ਹੋਰ ਚੌੜਾ ਕਰਨੀ ਮੁਸ਼ਕਲ ਹੈ ਜਿਸ ਦੇ ਚੱਲਦਿਆਂ ਆਵਾਜਾਈ ਦੇ ਸੰਕਟ ਨਾਲ ਜੂਝਣਾ ਲੋਕਾਂ ਦਾ ਨਸੀਬ ਬਣਿਆ ਹੋਇਆ ਹੈ। ਉਂਜ ਰਾਹਤ ਇਹੋ ਹੈ ਕਿ ਬਰਨਾਲਾ ਤਰਫ ਤੋਂ ਮਾਨਸਾ ਜਾਂ ਡੱਬਵਾਲੀ ਵੱਲ ਜਾਣ ਵਾਲੇ ਵਾਹਨਾਂ ਲਈ ਸਫਰ ਅਰਾਮਦਾਇਕ ਤੇ ਘੱਟ ਸਮੇਂ ਵਾਲਾ ਬਣ ਗਿਆ ਹੈ। ਸੂਤਰ ਦੱਸਦੇ ਹਨ ਕਿ ਜਦੋਂ ਬਠਿੰਡਾ ਜੀਰਕਪੁਰ ਸੜਕ ਦੀ ਉਸਾਰੀ ਸ਼ੁਰੂ ਨਹੀਂ ਹੋਈ ਸੀ ਤਾਂ ਇੰਪਰੂਵਮੈਂਟ ਟਰੱਸਟ ਨੇ ਪਟੇਲ ਨਗਰ ’ਚ ਨਵਾਂ ਬੱਸ ਅੱਡਾ ਬਨਾਉਣ ਦੇ ਮੱਦੇਨਜ਼ਰ ਐਨਐਚਏਆਈ ਨੂੰ ਪੱਤਰ ਲਿਖਕੇ ਸੜਕ ਦੇ ਡਿਜ਼ਾਇਨ ’ਚ ਬਦਲਾਅ ਕਰਨ ਲਈ ਕਿਹਾ ਸੀ ਤਾਂ ਜੋ ਬੱਸਾਂ ਨਿਰਵਿਘਨ ਸੜਕ ਤੇ ਚੜ੍ਹ ਸਕਣ। ਕੇਂਦਰੀ ਸੜਕ ਮੰਤਰਾਲੇ ਵੱਲੋਂ ਇਹ ਮੰਗ ਪ੍ਰਵਾਨ ਨਾਂ ਕਰਨ ਕਰਕੇ ਰਿੰਗ ਰੋਡ ਦੀ ਆਵਾਜਾਈ ਨੂੰ ਲੰਘਾਉਣ ਦਾ ਸੰਕਟ ਤਾਂ ਬਣਿਆ ਹੀ ਬਲਕਿ ਬੱਸ ਅੱਡਾ ਪ੍ਰਜੈਕਟ ਵੀ ਅਜਿਹਾ ਲਟਕਿਆ ਕਿ ਬਣ ਨਹੀਂ ਸਕਿਆ ਹੈ। ਬਠਿੰਡਾ ਜੀਰਕਪੁਰ ਸੜਕ ਕਾਰਨ ਤਬਦੀਲੀ ਦੀ ਗੁੰਜਾਇਸ਼ ਵੀ ਨਹੀਂ ਹੈ। ਜਦੋਂ ਦੀ ਰਿੰਗ ਰੋਡ ਚੱਲੀ ਹੈ ਤਾਂ ਟਰੈਫਿਕਸੰਕਟ ਨੇ ਬੀਬੀ ਵਾਲਾ ਚੌਂਕ ਆਪਣੀ ਲਪੇਟ ਵਿੱਚ ਲੈ ਲਿਆ ਹੈ। ਦੱਸਣਯੋਗ ਹੈ ਕਿ ਨਗਰ ਸੁਧਾਰ ਟਰੱਸਟ ਬਠਿੰਡਾ ਵੱਲੋਂ ਸਾਲ 2000 ਦੌਰਾਨ ਬਠਿੰਡਾ ਸ਼ਹਿਰ ਚੋਂ ਆਵਾਜਾਈ ਦੇ ਬੋਝ ਨੂੰ ਘੱਟ ਕਰਨ ਲਈ ਰਿੰਗ ਰੋਡ ਪ੍ਰਜੈਕਟ ਤਿਆਰ ਕੀਤਾ ਗਿਆ ਸੀ। ਸਾਲ 2001’ਚ ਕੇਦਰ ਤੋਂ ਪ੍ਰਵਾਨਗੀ ਮਿਲਣ ’ਤੇ ਤੱਤਕਾਲੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਰਾਮ ਜੀ ਦਾਸ ਟੰਡਨ ਨੇ ਰਿੰਗ ਰੋਡ ਪ੍ਰਜੈਕਟ ਦਾ ਨੀਂਹ ਪੱਥਰ ਰੱਖਿਆ ਸੀ। ਉਸ ਮਗਰੋਂ ਰਿੰਗ ਰੋਡ ਲਈ ਜਮੀਨ ਐਕਵਾਇਰ ਕੀਤੀ ਜੋਕਿ ਕਾਨੂੰਨੀ ਚੱਕਰਾਂ ’ਚ ਅਜਿਹੀ ਫਸੀ ਕਿ ਇਹ ਪ੍ਰਜੈਕਟ ਲਟਕ ਗਿਆ। ਤਕਰੀਬਨ ਛੇ ਸਾਲ ਪਹਿਲਾਂ ਸੁਪਰੀਮ ਕੋਰਟ ਨੇ ਡਿਪਟੀ ਕਮਿਸ਼ਨਰ ਨੂੰ ਮਾਮਲੇ ਦਾ ਨਿਪਟਾਰਾ ਕਰਨ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ ਵੀ ਪੰਜ ਸਾਲ ਮਗਰੋਂ ਪ੍ਰਜੈਕਟ ਦੀ ਉਸਾਰੀ ਸ਼ੁਰੂ ਹੋਈ ਸੀ। ਰਿੰਗ ਰੋਡ ਮੁੱਖ ਸੜਕ ਤੋਂ ਛਾਉਣੀ ਦੇ ਨਾਲ ਨਾਲ ਆਈਟੀਆਈ ਤੱਕ ਬਣੀ ਹੋਈ ਹੈ। ਰਿੰਗ ਰੋਡ ਕਾਰਨ ਸ਼ਹਿਰ ਚੋਂ ਆਵਾਜਾਈ ਦੀ ਸਮੱਸਿਆ ਤਾਂ ਘਟੀ ਪਰ ਲੋਕ ਨਵੇਂ ਸੰਕਟ ਨਾਲ ਜੂਝਣ ਲੱਗੇ ਹਨ। ਬੀਬੀ ਵਾਲਾ ਚੌਂਕ ’ਚ ਹਾਟ ਸਪਾਟ ਰਿੰਗ ਰੋਡ ਦੇ ਸਾਹਮਣੇ ਬਠਿੰਡਾ ਜੀਰਕਪੁਰ ਕੌਮੀ ਸੜਕ ਮਾਰਗ ਹੈੈ। ਇਸ ਸੜਕ ਤੇ ਬੀਬੀ ਵਾਲਾ ਚੌਂਕ ਵਿੱਚ ਫਲਾਈਓਵਰ ਬਣਿਆ ਹੋਇਆ ਹੈ ਜੋਕਿ ਥਾਣਾ ਕੈਂਟ ਦੇ ਲਾਗਿਓਂ ਸ਼ੁਰੂ ਹੁੰਦਾ ਹੈ । ਤਕਨੀਕੀ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੋਈ ਤਬਦੀਲੀ ਨਹੀਂ ਹੁੰਦੀ ਤਾਂ ਰਿੰਗ ਰੋਡ ਤੋਂ ਰਾਮਪੁਰਾ ਬਰਨਾਲਾ ਚੰਡੀਗੜ੍ਹ ਜਾਣ ਵਾਲੀਆਂ ਗੱਡੀਆਂ ਨੂੰ ਸਲਿੱਪ ਰੋਡ ਰਾਹੀਂ ਫਲਾਈਓਵਰ ਦੇ ਦੂਸਰੇ ਪਾਸਿਓਂ ਸੜਕ ਤੇ ਚੜ੍ਹਨਾ ਹੀ ਪੈਣਾ ਹੈ। ਕਿਉਂਕਿ ਹੋਰ ਕੋਈ ਬਦਲਵਾਂ ਪ੍ਰਬੰਧ ਨਹੀਂ ਅਤੇ ਸਲਿੱਪ ਰੋਡ ਤੰਗ ਹੈ ਤਾਂ ਬੱਸਾਂ ਦੀ ਚਾਰ ਚੁਫੇਰਿਓਂ ਆਮਦ ਹੋਣ ਕਾਰਨ ਬੀਬੀ ਵਾਲਾ ਚੌਂਕ ’ਚ ਵੱਡਾ ਘੜਮੱਸ ਵੱਜਣ ਲੱਗਿਆ ਹੈ। ਟਰੈਫਿਕ ਪੁਲਿਸ ਦੇ ਇੰਚਾਰਜ ਏਐਸਆਈ ਮੇਜਰ ਸਿੰਘ ਦਾ ਕਹਿਣਾ ਸੀ ਕਿ ਉਂਜ ਤਾਂ ਇੱਥੇ ਪੀਸੀਆਰ ਪੋਸਟ ਹੈ ਫਿਰ ਵੀ ਉਹ ਆਵਾਜਾਈ ਸੁਚਾਰੂ ਰੂਪ ’ਚ ਚਲਾਉਣ ਲਈ ਪੁਲਿਸ ਮੁਲਾਜਮ ਤਾਇਨਾਤ ਕਰਨਗੇ। ਪ੍ਰਜੈਕਟ ਦੇ ਟੈਂਡਰ ਹੋਏ:ਐਸਡੀਓ ਲੋਕ ਨਿਰਮਾਣ ਵਿਭਾਗ ਦੇ ਐਸਡੀਓ ਅਮੂਲਿਆ ਗਰਗ ਦਾ ਕਹਿਣਾ ਸੀ ਕਿ ਰਿੰਗ ਰੋਡ ਨੂੰ ਕੌਮੀ ਸੜਕ ਮਾਰਗ ਨਾਲ ਜੋੜਨ ਲਈ ਬਣਾਕੇ ਭੇਜਿਆ ਪ੍ਰਜੈਕਟ ਪਾਸ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਐਨਐਚਏਆਈ ਨੇ ਟੈਂਡਰ ਵੀ ਲਾ ਦਿੱਤੇ ਹਨ ਅਤੇ ਪ੍ਰਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਸਮੱਸਿਆਵਾਂ ਖਤਮ ਹੋ ਜਾਣਗੀਆਂ ।
Total Responses : 1249