Babushahi Special ਚਿੱਟਾ ਸੋਨਾ: ਨਾਂ ਨੌ ਮਣ ਤੇਲ ਹੋਵੇ-ਨਾਂ ਰਾਧਾ ਨੱਚੇ ਬਣੀਆਂ ਖਰੀਦ ਲਈ ਲਾਈਆਂ ਕੇਂਦਰੀ ਸ਼ਰਤਾਂ
ਅਸ਼ੋਕ ਵਰਮਾ
ਬਠਿੰਡਾ,13 ਅਕਤੂਬਰ 2025: ਹੁਣ ਉਹ ਵੇਲਾ ਨਹੀਂ ਰਿਹਾ ਜਦੋਂ ਪੈਲੀ ਵਿੱਚ ਖੜ੍ਹਾ ਕਿਸਾਨ ਹੱਸਦਾ ਸੀ ਤਾਂ ਨਰਮੇ-ਕਪਾਹ ਦੇ ਫੁੱਲ ਆਪ ਮੁਹਾਰੇ ਖਿੜ ਜਾਂਦੇ ਸਨ। ਖੇਤਾਂ ਵਿੱਚ ਬਰਕਤ ਸੀ ਤੇ ਕਿਸਾਨਾਂ ਵਿੱਚ ਸਿਰੜ ਜਿਸ ਦੇ ਸਿੱਟੇ ਵਜੋਂ ਨਰਮੇ ਤੇ ਦੇਸੀ ਕਪਾਹ ਨਾਲ ਲੱਦੇ ਖੇਤ ਅਤੇ ਮੰਡੀਆਂ ਵਿੱਚ ਦੂਰੋਂ ਕਪਾਹ ਦੇ ਢੇਰ ਦਿਖਾਈ ਦਿੰਦੇ ਸਨ। ਇਹ ਪੰਜਾਬ ਦੀ ਕਪਾਹ ਪੱਟੀ ਦੇ ਉਨ੍ਹਾਂ ਦਿਨਾਂ ਦੀ ਤਸਵੀਰ ਹੈ ਜਦੋਂ ਨਰਮੇ ਦੀਆਂ ਫੁੱਟੀਆਂ ਨੇ ਇਸ ਖਿੱਤੇ ਨੂੰ ‘ਚਿੱਟੇ ਸੋਨੇ ਦੀ ਧਰਤੀ’ ਹੋਣ ਦਾ ਮਾਣ ਬਖ਼ਸ਼ਿਆ ਸੀ। ਦੁਖਦਾਈ ਪਹਿਲੂ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਹੋ ਚਿੱਟਾ ਸੋਨਾ ਵੇਚਣ ਮੌਕੇ ਕਿਸਾਨਾਂ ਲਈ ਜੀਅ ਦਾ ਜੰਜਾਲ ਬਣਦਾ ਆ ਰਿਹਾ ਹੈ। ਰਹਿੰਦੀ ਕਸਰ ਐਤਕੀਂ ਉਨ੍ਹਾਂ ਕੇਂਦਰੀ ਸ਼ਰਤਾਂ ਨੇ ਕੱਢ ਦਿੱਤੀ ਹੈ ਜੋ ਨਾਂ ਨੌ ਮਣ ਤੇਲ ਹੋਵੇ ਨਾਂ ਰਾਧਾ ਨੱਚੇ ਵਾਂਗ ਨਾਂ ਪੂਰੀਆਂ ਹੋਣ ਨਾਂ ਫਸਲ ਖਰੀਦਣੀ ਪਵੇ।
ਕੇਂਦਰੀ ਨੀਤੀਆਂ ਕਾਰਨ ਭਾਰਤੀ ਕਪਾਹ ਨਿਗਮ ਮੰਡੀਆਂ ਚੋਂ ਨਰਮਾ ਖਰੀਦਣ ਤੋਂ ਮੁਨਕਰ ਹੋਇਆ ਪਿਆ ਹੈ। ਹਾਲਾਂਕਿ ਬਠਿੰਡਾ ਪ੍ਰਸ਼ਾਸ਼ਨ ਨੇ ਪ੍ਰੈਸ ਨੋਟ ਜਾਰੀ ਕਰਕੇ ਪਹਿਲੀ ਅਕਤੂਬਰ ਤੋਂ ਖਰੀਦ ਸ਼ੁਰੂ ਹੋਣ ਦੀ ਗੱਲ ਆਖੀ ਸੀ ਪਰ ਦੋ ਹਫਤਿਆਂ ਬਾਅਦ ਵੀ ਕਿਸਾਨਾਂ ਦੀ ਪੁੱਤਾਂ ਵਾਂਗ ਫਸਲ ਦਾ ਕੋਈ ਵਾਲੀ ਵਾਰਸ ਨਹੀਂ ਬਣਿਆ ਹੈ। ਇਸੇ ਕਾਰਨ ਕਿਸਾਨ ਆਪਣੀ ਫ਼ਸਲ ਮਿੱਟੀ ਦੇ ਭਾਅ ਵੇਚਣ ਲਈ ਮਜਬੂਰ ਹਨ ਅਤੇ ਪ੍ਰਾਈਵੇਟ ਵਪਾਰੀਆਂ ਵੱਲੋਂ ਨਰਮਾ ਕਪਾਹ ਸਰਕਾਰੀ ਭਾਅ ਤੋਂ ਹੇਠਾਂ ਖਰੀਦਣ ਕਰਕੇ ਹੁਣ ਮੰਡੀਆਂ ’ਚ ਕਿਸਾਨਾਂ ਦੀ ਲੁੱਟ ਹੋ ਰਹੀ ਹੈ। ਪੰਜਾਬ ’ਚ ਡੇਢ ਦਰਜਨ ਕਪਾਹ ਦੀਆਂ ਮੰਡੀਆਂ ਹਨ ਜਿਨ੍ਹਾਂ ’ਚੋਂ ਕਿਸੇ ਇੱਕ ਵਿੱਚ ਵੀ ਭਾਰਤੀ ਕਪਾਹ ਨਿਗਮ ਨੇ ਬੋਹਣੀ ਤੱਕ ਕਰਨੀ ਵੀ ਮੁਨਾਸਿਬ ਨਹੀਂ ਸਮਝੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਸ਼ਰਤਾਂ ਦੇ ਨਾਮ ਹੇਠ ਫਸਲ ਘੱਟੇ ਪਾਈ ਜਾ ਰਹੀ ਹੈ।
ਭਾਰਤੀ ਕਪਾਹ ਨਿਗਮ ਨੇ ਜਨਤਕ ਅਪੀਲ ਜਾਰੀ ਕੀਤੀ ਹੈ ਕਿ ਕਿਸਾਨ ਆਪਣੀ ਫ਼ਸਲ ਸਰਕਾਰੀ ਭਾਅ ’ਤੇ ਵੇਚਣ ਲਈ ਕੁੱਝ ਸ਼ਰਤਾਂ ਦੀ ਪੂਰਤੀ ਕਰਨ। ਨਿਗਮ ਨੇ ਪਿਛਲੇ ਸਾਲ ਸਾਉਣੀ ਦੀ ਫ਼ਸਲ ਦੀ ਗਿਰਦਾਵਰੀ ਦਾ ਰਿਕਾਰਡ ਅਤੇ ਖੇਤੀ ਮਹਿਕਮੇ ਤੋਂ ਨਰਮੇ ਦੀ ਬਿਜਾਂਦ ਕੀਤੀ ਹੋਣ ਦੇ ਸਰਟੀਫਿਕੇਟ ਮੰਗੇ ਹਨ। ਨਿਗਮ ਨੇ ਕਿਸਾਨਾਂ ਨੂੰ ਇਨ੍ਹਾਂ ਸਬੂਤਾਂ ਸਮੇਤ ਰਜਿਸਟਰੇਸ਼ਨ ਕਰਨ ਵਾਸਤੇ ਕਿਹਾ ਹੈ ਜਿਸ ਲਈ 31 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ। ਜਾਣਕਾਰੀ ਅਨੁਸਾਰ ਭਾਰਤੀ ਕਪਾਹ ਨਿਗਮ ਨੇ ਬਠਿੰਡਾ, ਸੰਗਤ,ਰਾਮਾ ਮੰਡੀ,ਤਪਾ ਮੌੜ,ਮਾਨਸਾ, ਬੁਢਲਾਡਾ, ਅਬੋਹਰ , ਫਾਜ਼ਿਲਕਾ , ਮਲੋਟ ,ਮੁਕਤਸਰ ਅਤੇ ਗਿੱਦੜਬਾਹਾ ਵਿਚਲੇ ਆਪਣੇ ਖਰੀਦ ਕੇਂਦਰਾਂ ਨੂੰ ਪੱਤਰ ਲਿਖਿਆ ਹੈ ਕਿ ਕਿਸਾਨ ਐਪ ਰਾਹੀਂ ਰਜਿਸ਼ਟਰੇਸ਼ਨ ਕਰਨ ਵਾਲੇ ਕਿਸਾਨ ਹੀ ਫਸਲ ਵੇਚਣ ਯੋਗ ਹੋਣਗੇ । ਜਾਣਕਾਰੀ ਅਨੁਸਾਰ ਇਹ ਪ੍ਰਕਿਰਿਆ ਅਧਵਾਟੇ ਲਟਕੀ ਹੋਈ ਹੈ ਅਤੇ ਕਿਸਾਨਾਂ ਨੂੰ ਰਜਿਸਟਰੇਸ਼ਨ ਕਰਵਾਉਣ ਮੌਕੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬਠਿੰਡਾ ਜਿਲ੍ਹੇ ’ਚ ਇਹ ਕੰਮ ਲੱਗਭਗ ਠੱਪ ਵਰਗਾ ਹੀ ਹੈ ਅਤੇ ਕਿੰਨੇ ਕਿਸਾਨਾਂ ਨੇ ਰਜਿਸਟਰੇਸ਼ਨ ਕਰਵਾਈ ਫਿਲਹਾਲ ਇਹ ਵੀ ਕਹਿਣਾ ਮੁਸ਼ਕਲ ਹੈ ਜਦੋਂਕਿ ਭਾਰਤੀ ਕਪਾਹ ਨਿਗਮ ਅਨੁਸਾਰ ਅਜਿਹਾ ਕਰਨਾ ਲਾਜਮੀ ਹੈ। ਪੰਜਾਬ ਦੀਆਂ ਮੰਡੀਆਂ ’ਚ ਹੁਣ ਤੱਕ 76,548 ਕੁਇੰਟਲ ਤੋਂ ਜਿਆਦਾ ਨਰਮਾ ਆ ਚੁੱਕਿਆ ਹੈ ਜਿਸ ’ਚੋਂ ਬਹੁਤੀ ਫਸਲ ਸਰਕਾਰੀ ਭਾਅ ਤੋਂ ਹੇਠਾਂ ਵਿਕੀ ਹੈ। ਇਸ ਸੀਜ਼ਨ ਦੌਰਾਨ ਨਰਮਾ ਤਿੰਨ ਹਜ਼ਾਰ ਤੋਂ ਲੈ ਕੇ ਵੱਧ ਤੋਂ ਵੱਧ 7550 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕਿਆ ਹੈ ਜਦਕਿ ਨਰਮੇ ਦਾ ਘੱਟੋ ਘੱਟ ਸਮਰਥਨ ਮੁੱਲ 7710 ਰੁਪਏ ਪ੍ਰਤੀ ਕੁਇੰਟਲ ਹੈ। ਪਿਛਲੇ ਸਾਲ ਦੇ ਸੀਜ਼ਨ ’ਚ ਨਰਮੇ ਦੀ ਫ਼ਸਲ 4500 ਰੁਪਏ ਤੋਂ ਲੈ ਕੇ 8500 ਰੁਪਏ ਪ੍ਰਤੀ ਕੁਇੰਟਲ ਤੱਕ ਵਿਕੀ ਸੀ। ਪੰਜਾਬ ’ਚ ਐਤਕੀਂ 1.19 ਲੱਖ ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਈ ਹੋਈ ਸੀ ਜਿਸ ’ਚੋਂ ਕਾਫੀ ਫ਼ਸਲ ਹੜ੍ਹਾਂ ਕਾਰਨ ਨੁਕਸਾਨੀ ਗਈ ਹੈ।
ਪੰਜਾਬ ਦੇ ਪਾਲੇ ਵਿੱਚ ਗੇਂਦ
ਭਾਰਤੀ ਕਪਾਹ ਨਿਗਮ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਇਸ ਸਾਲ ਨਰਮਾ ਵੇਚਣ ਵਾਲੇ ਕਿਸਾਨਾਂ ਦੀ ਐਪ ਰਾਹੀਂ ਰਜਿਸ਼ਟਰੇਸ਼ਨ ਲਾਜਮੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗਿਰਦਾਵਰੀ ਰਿਪੋਰਟ ਦੀ ਪੁਸ਼ਟੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਕਰਨੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪ੍ਰਕਿਰਿਆ ਮੁਕੰਮਲ ਕਰਵਾਉਣ ਭਾਰਤੀ ਕਪਾਹ ਨਿਗਮ ਫਸਲ ਖਰੀਦਣ ਲਈ ਤਿਆਰ ਹੈ।
ਭਾਜਪਾ ਨੂੰ ਸਿਆਸੀ ਖਮਿਆਜਾ
ਭਾਜਪਾ ਆਗੂ ਮੋਦੀ ਸਰਕਾਰ ਨੂੰ ਕਿਸਾਨਾਂ ਦੀ ਸਭ ਤੋਂ ਵੱਡੀ ਹਮਾਇਤੀ ਦੱਸਦੇ ਹਨ ਜਿੰਨ੍ਹਾਂ ਦੀ ਕੇਂਦਰ ਵਿੱਚ ਸਰਕਾਰ ਹੋਣ ਕਰਕੇ ਫਸਲਾਂ ਰੁਲਣ ਦਾ ਸਿਆਸੀ ਖਮਿਆਜਾ ਬੀਜੇਪੀ ਨੂੰ ਭੁਗਤਣਾ ਪੈ ਸਕਦਾ ਹੈ। ਜਿਣਸਾਂ ਦੇ ਬਣਦੇ ਭਾਅ ਨਾ ਦੇਣ ਕਰਕੇ ਦਿੱਲੀ ਹਮੇਸ਼ਾ ਕਿਸਾਨਾਂ ਦੀ ਅੱਖ ਵਿੱਚ ਰੜਕਦੀ ਰਹਿੰਦੀ ਹੈ । ਜਦੋਂ ਕਪਾਹ ਪੱਟੀ ਦੇ ਮਾੜੇ ਦਿਨ ਸਨ ਤਾਂ ਉਦੋਂ ਕੇਂਦਰ ਸਰਕਾਰ ਨੇ ਖੇਤੀ ਨੂੰ ਠੁੰਮ੍ਹਣਾ ਦੇਣ ਲਈ ਕੀ ਉਪਰਾਲਾ ਕੀਤਾ ਇਹ ਸਵਾਲ ਅਕਸਰ ਉਠਦਾ ਰਹਿੰਦਾ ਹੈ?
ਕਿਸਾਨਾਂ ਨਾਲ ਵਿਤਕਰਾ: ਮਾਨ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਸਰਕਾਰਾਂ ਦੀ ਨਲਾਇਕੀ ਦਾ ਖਮਿਆਜ਼ਾ ਕਿਸਾਨ ਭੁਗਤ ਰਹੇ ਹਨ ਅਤੇ ਐਤਕੀਂ ਸ਼ਰਤਾਂ ਦੀ ਆੜ ਵਿੱਚ ਕਿਸਾਨਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਵਿਤਕਰੇ ਦਾ ਰਾਹ ਛੱਡੇ ਭਾਰਤੀ ਕਪਾਹ ਨਿਗਮ ਨੂੰ ਮੰਡੀਆਂ ਵਿੱਚ ਭੇਜੇ।