ਆਓ ਪੰਜਾਬ ਨੂੰ ਬਣਾਈਏ ਨੰਬਰ-1
ਔਕਲੈਂਡ ’ਚ ਸ. ਪ੍ਰਤਾਪ ਸਿੰਘ ਬਾਜਵਾ ਨੇ ਪ੍ਰਵਾਸੀ ਭਾਈਚਾਰੇ ਸਾਹਮਣੇ ਰੱਖੀ ਪੰਜਾਬ ਦੀ ਮੌਜੂਦਾ ਤਸਵੀਰ
-ਮੌਜੂਦਾ ਸਰਕਾਰ ਦੀਆਂ ਅਸਫਲਤਾਵਾਂ ਉਤੇ ਕੀਤੀਆਂ ਟਕੋਰਾਂ
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 07 ਅਗੱਸਤ 2025-ਬੀਤੇ ਕੱਲ੍ਹ ਪੰਜਾਬ ਵਿਧਾਨ ਸਭਾ ਦੇ ਵਿਚ ਵਿਰੋਧੀ ਧਿਰ ਦੇ ਨੇਤਾ ਸ. ਪ੍ਰਤਾਪ ਸਿੰਘ ਬਾਜਵਾ ਨੇ ਅੱਜ ਇਥੇ ਵਸਦੇ ਪੰਜਾਬੀ ਪ੍ਰਵਾਸੀਆਂ ਦੇ ਇਕ ਭਰਵੇਂ ਇਕੱਠ ਨੂੰ ਬਰੂਸ ਪੁਲਮਨ ਪਾਰਕ ਵਿਖੇ ਹੋਏ ਇਕ ਵੱਡੇ ਸਮਾਗਮ ਵਿਚ ਸੰਬੋਧਨ ਕੀਤਾ। ਨਿਊਜ਼ੀਲੈਂਡ ਕਾਂਗਰਸ ਦੇ ਪ੍ਰਤੀਨਿਧ ਸ. ਹਰਮਿੰਦਰ ਪ੍ਰਤਾਪ ਸਿੰਘ ਚੀਮਾ, ਸ੍ਰੀ ਦੀਪਕ ਸ਼ਰਮਾ ਅਤੇ ਸ. ਦਲਬੀਰ ਸਿੰਘ ਮੁੰਡੀ ਸਮੇਤ, ਜਸਵਿੰਦਰ ਸੰਧੂ, ਲਵਪ੍ਰੀਤ ਸਿੰਘ ਅਤੇ ਹੋਰ ਮੈਂਬਰਾਂ ਨੇ ਇਸ ਦਾ ਆਯੋਜਨ ਕੀਤਾ। ਇਸ ਸਮਾਗਮ ਦੇ ਵਿਚ ਹਲਕਾ ਫਿਲੋਰ ਤੋਂ ਵਿਧਾਇਕ ਸ. ਵਿਕਰਮਜੀਤ ਸਿੰਘ ਚੌਧਰੀ ਹਾਜ਼ਿਰ ਸਨ ਅਤੇ ਉਨ੍ਹਾਂ ਨੇ ਹਾਜ਼ਿਰ ਸਰੋਤਿਆਂ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਦੇ ਵਿਚ ਉਨ੍ਹਾਂ ਵਿਦੇਸ਼ੀ ਵਸਦੇ ਪੰਜਾਬੀ ਭਾਈਚਾਰੇ ਦੇ ਸਨਮੁੱਖ ਮੌਜੂਦਾ ਪੰਜਾਬ ਦੀ ਤਸਵੀਰ ਪੇਸ਼ ਕੀਤੀ। ਉਨ੍ਹਾਂ ਆਮ ਆਦਮੀ ਦੀ ਸਰਕਾਰ ਦੀਆਂ ਅਸਫਲਤਾਵਾਂ ਬਾਰੇ ਵੀ ਚਰਚਾ ਕਰਦਿਆਂ ਜ਼ੇਲ੍ਹ ਦੇ ਵਿਚੋਂ ਹੁੰਦੀਆਂ ਮੁਲਾਕਾਤਾਂ ਦਾ ਜ਼ਿਕਰ ਕੀਤਾ। ਗੈਂਗਸਟਾਰ ਵੱਲੋਂ ਵਿਗਾੜੇ ਜਾ ਰਹੇ ਹਲਾਤਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿਚ ਪੰਜਾਬ ਕਾਂਗਰਸ ਦੀ ਸਰਕਾਰ ਹੋਂਦ ਵਿਚ ਆਉਂਦੀ ਹੈ ਤਾਂ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਜ਼ਮੀਨਾਂ ਦੀ ਸੁਰੱਖਿਆ ਸਾਡਾ ਮੁੱਖ ਮਕਸਦ ਹੋਵੇਗਾ। ਪੰਜਾਬ ਦੇ ਵਿਚ ਨਿਆਂ ਅਤੇ ਕਾਨੂੰਨ ਨੂੰ ਤਰਜੀਹ ਦਿੱਤੀ ਜਾਵੇਗਾ। ਉਨ੍ਹਾਂ ਪੰਜਾਬ ਨੂੰ ਨੰਬਰ-1 ਬਨਾਉਣ ਦਾ ਵਾਅਦਾ ਵੀ ਕੀਤਾ। ਆਪਣੇ ਭਾਸ਼ਣ ਤੋਂ ਬਾਅਦ ਉਨ੍ਹਾਂ ਸਾਰਿਆਂ ਦੇ ਨਾਲ ਹੱਥ ਮਿਲਾਇਆ ਅਤੇ ਤਸਵੀਰਾਂ ਖਿਚਵਾਈਆਂ। ਨਿਊਜ਼ੀਲੈਂਡ ਕਮਿਊਨਿਟੀ ਤੋਂ ਸ. ਅਜੀਤ ਸਿੰਘ ਰੰਧਾਵਾ ਹੋਰਾਂ ਨੇ ਵੀ ਸ. ਪ੍ਰਤਾਪ ਸਿੰਘ ਬਾਜਵਾਂ ਹੋਰਾਂ ਨੂੰ ਇਥੇ ਵਸਦੀ ਕਮਿਊਨਿਟੀ ਬਾਰੇ ਜਾਣਕਾਰੀ ਦਿੱਤੀ।
ਸਟੇਜ ਸੰਚਾਲਨ ਸ. ਪਰਮਿੰਦਰ ਸਿੰਘ ਅਤੇ ਹੈਰੀ ਰਾਣਾ ਹੋਰਾਂ ਨੇ ਕੀਤਾ। ਸ. ਹਰਮਿੰਦਰ ਪ੍ਰਤਾਪ ਸਿੰਘ ਚੀਮਾ ਹੋਰਾਂ ਨੇ ਨਿਊਜ਼ੀਲੈਂਡ ਕਾਂਗਰਸ ਦੀ ਤਰਫ ਤੋਂ ਆਏ ਇਨ੍ਹਾਂ ਮਹਿਮਾਨਾਂ ਅਤੇ ਪਹੁੰਚੇ ਭਾਈਚਾਰੇ ਦਾ ਧੰਨਵਾਦ ਕੀਤਾ।