ਮਾਨ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਢੀ - MLA ਐਡਵੋਕੈਟ ਅਮਰਪਾਲ ਸਿੰਘ
ਪਿੰਡ ਰੰਗੀਲਪੁਰ ਵਿਖੇ ਪਿੰਡ ਵਾਸੀਆਂ ਨੂੰ ਨਸ਼ਿਆਂ ਦੇ ਖਾਤਮੇ ਲਈ ਚੁਕਾਈ ਸਹੁੰ
ਰੋਹਿਤ ਗੁਪਤਾ
ਸ੍ਰੀ ਹਰਗੋਬਿੰਦਪੁਰ ਸਾਹਿਬ/ਬਟਾਲਾ, 8 ਅਗਸਤ
ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਵਿਧਾਇਕ ਐਡਵੋਕੈਟ ਅਮਰਪਾਲ ਸਿੰਘ ਵਲੋਂ ਪਿੰਡ ਰੰਗੀਲਪੁਰ ਵਿਖੇ ‘ਨਸ਼ਾ ਮੁਕਤੀ ਯਾਤਰਾ’ ਤਹਿਤ ਪਿੰਡ ਵਾਸੀਆਂ ਨਾਲ ਜਨ ਸਭਾ ਕੀਤੀ ਗਈ ਤੇ ਨਸ਼ਿਆਂ ਵਿਰੁੱਧ ਹੰਭਲਾ ਮਾਰਨ ਲਈ ਸਹੁੰ ਚੁਕਾਈ।
ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਹੁੰਦਿਆਂ ਵਿਧਾਇਕ ਐਡਵੋਕੈਟ ਅਮਰਪਾਲ ਸਿੰਘ ਨੇ ਕਿਹਾ ਕਿ ਪਵਿੱਤਰ ਤੇ ਇਤਿਹਾਸਕ ਧਰਤੀ ਪੰਜਾਬ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਪਹਿਲੀ ਮਾਰਚ ਤੋਂ ਵਿੱਢੇ ਸੰਘਰਸ਼ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਵੱਡੀ ਗਿਣਤੀ ਵਿੱਚ ਨਸ਼ੀਲੇ ਪਦਾਰਥਾਂ ਸਣੇ ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਬੁਲਡੋਜਰਾਂ ਨਾਲ ਉਨ੍ਹਾਂ ਦੀਆਂ ਜਾਇਦਾਦਾਂ ਢਾਹ ਕੇ ਨਸ਼ਾ ਤਸਕਰਾਂ ਨੂੰ ਜੇਲ੍ਹਾਂ ‘ਚ ਡੱਕਿਆ ਗਿਆ ਹੈ।
ਉਨਾਂ ਅੱਗੇ ਕਿਹਾ ਜਦੋਂ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਵਾਗਡੋਰ ਸੰਭਾਲੀ ਹੈ ਉਦੋਂ ਤੋਂ ਹੀ ਰੰਗਲੇ ਪੰਜਾਬ ਦੀ ਮੁੜ ਸੁਨਹਿਰੀ ਦਿੱਖ ਸਿਰਜਣ ਲਈ ਪੰਜਾਬ ਵਾਸੀਆਂ ਨੂੰ ਮੁਫਤ 600 ਯੁਨਿਟ ਬਿਜਲੀ ਸਪਲਾਈ, ਮੁਫਤ ਮਿਆਰੀ ਸਿਹਤ ਸਹੂਲਤਾਂ, ਮੁਫਤ 10 ਲੱਖ ਰੁਪਏ ਤੱਕ ਇਲਾਜ ਲਈ ਸਿਹਤ ਬੀਮਾ ਯੋਜਨਾ, ਮਿਆਰੀ ਸਿੱਖਿਆ ਅਤੇ ਪੰਜਾਬ ਦਾ ਬਹੁਪੱਖੀ ਰੁਜਗਾਰ ਮੁੱਖੀ ਵਿਕਾਸ ਆਦਿ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ ਨਸ਼ਿਆਂ ਦੀ ਜੜ੍ਹ ਪੁੱਟਣ ਲਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਢੀ ਹੋਈ ਹੈ, ਜਿਸ ਦੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਸਾਰਥਿਕ ਨਤੀਜੇ ਮਿਲੇ ਹਨ।
ਵਿਧਾਇਕ ਐਡਵੋਕੈਟ ਨੇ ਲੋਕਾਂ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਸਿਰੇ ਲਾਉਣ ਲਈ ਆਪ ਮੁਹਾਰਾ ਸਹਿਯੋਗ ਦੇਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਪਿੰਡਾਂ ਤੇ ਗਲੀ ਮੁਹੱਲਿਆਂ ‘ਚ ਨਸ਼ਾ ਵੇਚਦੇ ਜਾਂ ਬਾਹਰੋਂ ਆ ਕੇ ਸਪਲਾਈ ਕਰਦੇ ਨਸ਼ਾ ਤਸਕਰਾਂ /ਧੰਦੇਬਾਜ਼ਾਂ ਬਾਰੇ ਪੁਲੀਸ ਜਾਂ ਵਟਸਐਪ ਨੰਬਰ 97791-00200 ਉੱਪਰ ਜਾਣਕਾਰੀ ਦਿੱਤੀ ਜਾਵੇ। ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।