Punjab Breaking: ਰੱਖੜੀ ਮੌਕੇ ਸਰਕਾਰੀ ਬੱਸਾਂ ਦਾ ਚੱਕਾ ਜਾਮ
ਚੰਡੀਗੜ੍ਹ: ਰੱਖੜੀ ਦੇ ਤਿਉਹਾਰ ਮੌਕੇ ਪੰਜਾਬ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਪੰਜਾਬ ਵਿੱਚ ਪੀ.ਆਰ.ਟੀ.ਸੀ. ਅਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਨੇ ਹੜਤਾਲ ਕਰਕੇ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਹੈ। ਇਸ ਹੜਤਾਲ ਕਾਰਨ ਸੂਬੇ ਭਰ ਵਿੱਚ ਬੱਸ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ।
ਕੱਚੇ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਹੜਤਾਲ ਦਾ ਮੁੱਖ ਕਾਰਨ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਨਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਦੁਪਹਿਰ 2 ਵਜੇ ਤੱਕ ਨਵੇਂ ਟੈਂਡਰਾਂ ਨੂੰ ਰੱਦ ਕਰਨ ਬਾਰੇ ਫੈਸਲਾ ਲੈਣਾ ਸੀ, ਜਿਸ ਦੀ ਉਹ ਮੰਗ ਕਰ ਰਹੇ ਸਨ। ਪਰ ਸਰਕਾਰ ਨੇ ਉਨ੍ਹਾਂ ਦੀ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ।
ਰੇਸ਼ਮ ਸਿੰਘ ਨੇ ਅੱਗੇ ਦੱਸਿਆ ਕਿ ਸਰਕਾਰ ਉਨ੍ਹਾਂ ਦੀਆਂ ਪੁਰਾਣੀਆਂ ਅਤੇ ਪੈਂਡਿੰਗ ਮੰਗਾਂ ਨੂੰ ਮੰਨਣ ਤੋਂ ਵੀ ਇਨਕਾਰ ਕਰ ਰਹੀ ਹੈ, ਜਿਸ ਕਾਰਨ ਉਨ੍ਹਾਂ ਕੋਲ ਹੜਤਾਲ ਕਰਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਸੀ।
ਇਸ ਹੜਤਾਲ ਕਾਰਨ ਰੱਖੜੀ ਦੇ ਤਿਉਹਾਰ 'ਤੇ ਆਪਣੀਆਂ ਭੈਣਾਂ ਜਾਂ ਪਰਿਵਾਰਾਂ ਨੂੰ ਮਿਲਣ ਜਾਣ ਵਾਲੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਹੋ ਰਹੀ ਹੈ। ਯਾਤਰੀਆਂ ਨੂੰ ਬੱਸ ਅੱਡਿਆਂ 'ਤੇ ਬੱਸਾਂ ਦੀ ਉਡੀਕ ਕਰਦੇ ਦੇਖਿਆ ਜਾ ਸਕਦਾ ਹੈ ਜਾਂ ਉਨ੍ਹਾਂ ਨੂੰ ਨਿੱਜੀ ਵਾਹਨਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ।