ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਨੂੰ ਅਮਰੀਕਾ ਦੀ ਯੂਨੀਵਰਸਿਟੀ ਵਿਚ ਅਸਿਸਟੈਂਟ ਪ੍ਰੋਫੈਸਰ ਦੀ ਮਿਲੀ ਨੌਕਰੀ
ਲੁਧਿਆਣਾ 27 ਮਈ, 2025 - ਪੀ.ਏ.ਯੂ. ਤੋਂ ਫਸਲ ਵਿਗਿਆਨ ਵਿਚ ਪੜਾਈ ਕਰਨ ਵਾਲੇ ਸਾਬਕਾ ਵਿਦਿਆਰਥੀ ਡਾ. ਸਚਿਨ ਢਾਂਡਾ ਨੂੰ ਅਮਰੀਕਾ ਦੀ ਸਾਊਥ ਡਿਕੋਟਾ ਰਾਜ ਯੂਨੀਵਰਸਿਟੀ ਵਿਚ ਨੌਕਰੀ ਦਾ ਮੌਕਾ ਮਿਲ ਰਿਹਾ ਹੈ| ਇਸ ਵਿਦਿਆਰਥੀ ਨੇ ਨਦੀਨ ਵਿਗਿਆਨ ਦੇ ਅਨੁਸ਼ਾਸਨ ਵਿਚ ਆਪਣੀ ਪੀ ਐੱਚ ਡੀ ਦੀ ਡਿਗਰੀ ਮੈਨਹੈਟਨ ਅਮਰੀਕਾ ਦੀ ਕਾਨਸਾਸ ਯੂਨੀਵਰਸਿਟੀ ਤੋਂ ਹਾਸਲ ਕੀਤੀ| ਐੱਮ ਐੱਸ ਸੀ ਫਸਲ ਵਿਗਿਆਨ ਵਿਚ ਕਰਨ ਦੌਰਾਨ ਉਹ ਪੀ.ਏ.ਯੂ. ਦਾ ਹਿੱਸਾ ਰਹੇ|
ਇਸ ਵਿਦਿਆਰਥੀ ਨੂੰ 40 ਤੋਂ ਵਧੇਰੇ ਇਨਾਮ ਅਤੇ ਸਕਾਲਰਸ਼ਿਪ ਹਾਸਲ ਹੋਏ ਜਿਨ੍ਹਾਂ ਵਿਚ ਮਿਨੇਸੋਟਾ ਯੂਨੀਵਰਸਿਟੀ ਤੋਂ ਖੋਜ ਐਵਾਰਡ, ਅਮਰੀਕਾ ਦੀ ਨਦੀਨ ਵਿਗਿਆਨ ਸੁਸਾਇਟੀ ਤੋਂ ਵਿਸ਼ੇਸ਼ ਵਿਦਿਆਰਥੀ ਐਵਾਰਡ ਦਾ ਜ਼ਿਕਰ ਵਿਸ਼ੇਸ਼ ਤੌਰ ਤੇ ਕੀਤਾ ਜਾ ਸਕਦਾ ਹੈ| ਡਾ. ਢਾਂਡਾ ਨੇ ਹੁਣ ਤੱਕ 25 ਤੋਂ ਵਧੇਰੇ ਖੋਜ ਪੇਪਰ ਪ੍ਰਕਾਸ਼ਿਤ ਕਰਵਾਏ ਹਨ| ਡਾ. ਢਾਂਡਾ ਦੱਖਣੀ ਡਿਕੋਟਾ ਯੂਨੀਵਰਸਿਟੀ ਵਿਚ ਅੰਡਰਗ੍ਰੈਜੂਏਟ ਅਤੇ ਗ੍ਰੈਜੂਏਟ ਪੱਧਰ ਦੇ ਕੋਰਸਾਂ ਵਿਚ ਨਦੀਨ ਵਿਗਿਆਨ ਪੜ੍ਹਾਉਣਗੇ| ਉਹਨਾਂ ਦੇ ਅਧਿਐਨ ਦਾ ਮੁੱਖ ਖੇਤਰ ਮੱਕੀ, ਸੋਇਆਬੀਨ ਅਤੇ ਕਣਕ ਰਿਹਾ ਹੈ| ਆਸ ਹੈ ਕਿ ਡਾ. ਢਾਂਡਾ ਪੀ.ਏ.ਯੂ. ਤੋਂ ਹਾਸਲ ਕੀਤੀ ਗਿਆਨ ਦੀ ਰੌਸ਼ਨੀ ਨੂੰ ਦੁਨੀਆਂ ਭਰ ਵਿਚ ਫੈਲਾ ਸਕਣਗੇ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਅਤੇ ਫਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰੀ ਰਾਮ ਨੇ ਡਾ. ਸਚਿਨ ਢਾਂਡਾ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|