ਚੋਣ ਪ੍ਰਕਿਰਿਆ ਦੀ ਮਜ਼ਬੂਤੀ ਅਤੇ ਵੋਟਰਾਂ ਦੀ ਸਹੂਲਤ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਪਿਛਲੇ 100 ਦਿਨਾਂ ਵਿੱਚ 21 ਪਹਿਲਕਦਮੀਆਂ ਸ਼ੁਰੂ: ਸਿਬਿਨ ਸੀ
ਚੰਡੀਗੜ੍ਹ, 29 ਮਈ 2025 - ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਵੋਟਰਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਅਤੇ ਚੋਣ ਪ੍ਰਬੰਧਨ ਨੂੰ ਵਧੇਰੇ ਸੁਚਾਰੂ ਕਰਨ ਲਈ ਇੱਕ ਵੱਡੀ ਪਹਿਲਕਦਮੀ ਵਜੋਂ ਭਾਰਤੀ ਚੋਣ ਕਮਿਸ਼ਨ ਨੇ ਪਿਛਲੇ 100 ਦਿਨਾਂ ਵਿੱਚ 21 ਨਵੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ। ਇਹਨਾਂ ਕਦਮਾਂ ਵਿੱਚ ਪ੍ਰਕਿਰਿਆਤਮਕ ਸੁਧਾਰ, ਸਿਖਲਾਈ ਪ੍ਰੋਗਰਾਮ ਅਤੇ ਭਾਈਵਾਲਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ।
26ਵੇਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਹੁਦਾ ਸੰਭਾਲਣ ਦੇ ਪਹਿਲੇ 100 ਦਿਨਾਂ ਵਿੱਚ ਕਈ ਉਦੇਸ਼ਪੂਰਨ, ਵਿਹਾਰਕ ਅਤੇ ਸਰਗਰਮ ਕਦਮ ਚੁੱਕੇ ਗਏ ਹਨ। ਈਸੀਆਈ ਨੂੰ ਹੋਰ ਮਜ਼ਬੂਤੀ ਦੇਣ ਦੇ ਉਦੇਸ਼ ਨਾਲ ਮਾਰਚ 2025 ਵਿੱਚ ਹੋਈ ਮੁੱਖ ਚੋਣ ਅਧਿਕਾਰੀਆਂ ਦੀ ਕਾਨਫਰੰਸ ਦੌਰਾਨ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ ਦੀ ਮੌਜੂਦਗੀ ਵਿੱਚ ਇਸਦਾ ਦ੍ਰਿਸ਼ਟੀਕੋਣ ਤਿਆਰ ਕੀਤਾ ਗਿਆ ਸੀ।
ਵੋਟਰਾਂ ਦੀ ਪਹੁੰਚ ਨੂੰ ਬਿਹਤਰ ਬਣਾਉਣ ਲਈ, ਈਸੀਆਈ ਨੇ ਪ੍ਰਤੀ ਪੋਲਿੰਗ ਸਟੇਸ਼ਨ ਵੋਟਰਾਂ ਦੀ ਵੱਧ ਤੋਂ ਵੱਧ ਗਿਣਤੀ 1,500 ਤੋਂ ਘਟਾ ਕੇ 1,200 ਕਰ ਦਿੱਤੀ ਹੈ। ਸੰਘਣੀ ਆਬਾਦੀ ਵਾਲੇ ਖੇਤਰਾਂ ਜਿਵੇਂ ਕਿ ਗੇਟਡ ਕਮਿਊਨਿਟੀਆਂ ਅਤੇ ਉੱਚੀਆਂ ਇਮਾਰਤਾਂ ਵਿੱਚ ਵਾਧੂ ਪੋਲਿੰਗ ਬੂਥ ਸਥਾਪਿਤ ਕੀਤੇ ਜਾਣਗੇ। ਕਮਿਸ਼ਨ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕਿਸੇ ਵੀ ਵੋਟਰ ਨੂੰ ਆਪਣੀ ਵੋਟ ਪਾਉਣ ਲਈ 2 ਕਿਲੋਮੀਟਰ ਤੋਂ ਵੱਧ ਸਫ਼ਰ ਨਾ ਕਰਨਾ ਪਵੇ।
ਵੋਟਰ ਜਾਣਕਾਰੀ ਸਲਿੱਪਾਂ ਨੂੰ ਸਪੱਸ਼ਟਤਾ ਲਈ ਦੁਬਾਰਾ ਡਿਜ਼ਾਈਨ ਕੀਤਾ ਗਿਆ ਹੈ, ਜਿਸ ਵਿੱਚ ਸੀਰੀਅਲ ਅਤੇ ਪਾਰਟ ਨੰਬਰਾਂ ਨੂੰ ਸਰਲ ਢੰਗ ਨਾਲ ਦਰਸਾਇਆ ਗਿਆ ਹੈ।
ਵੋਟਰਾਂ ਦੀ ਸਹੂਲਤ ਲਈ ਇੱਕ ਮਹੱਤਵਪੂਰਨ ਕਦਮ ਵਜੋਂ ਹਰੇਕ ਪੋਲਿੰਗ ਸਟੇਸ਼ਨ ਦੇ ਪ੍ਰਵੇਸ਼ ਦੁਆਰ 'ਤੇ ਮੋਬਾਈਲ ਡਿਪਾਜ਼ਿਟ ਸਹੂਲਤ ਸਥਾਪਤ ਕੀਤੀ ਜਾਵੇਗੀ। ਉਮੀਦਵਾਰਾਂ ਨੂੰ ਹੁਣ ਪੋਲਿੰਗ ਸਟੇਸ਼ਨ ਦੇ ਪ੍ਰਵੇਸ਼ ਦੁਆਰ ਤੋਂ 200 ਮੀਟਰ ਦੀ ਦੂਰੀ ਦੀ ਥਾਂ ‘ਤੇ ਸਿਰਫ਼ 100 ਮੀਟਰ ਦੂਰੀ 'ਤੇ ਬੂਥ ਲਗਾਉਣ ਦੀ ਆਗਿਆ ਦਿੱਤੀ ਜਾਵੇਗੀ।
ਉਪਭੋਗਤਾ ਵਾਸਤੇ ਇੱਕ ਸਰਲ ਇੰਟਰਫੇਸ ਦੀ ਸਹੂਲਤ ਲਈ ਸਿੰਗਲ-ਪੁਆਇੰਟ ਨਵਾਂ ਏਕੀਕ੍ਰਿਤ ਡੈਸ਼ਬੋਰਡ – ਈਸੀਆਈਐਨਈਟੀ ਵਿਕਸਤ ਕੀਤਾ ਗਿਆ ਹੈ ਜਿਸਦਾ ਉਦੇਸ਼ ਮੌਜੂਦਾ 40+ ਐਪਸ/ਵੈੱਬਸਾਈਟਾਂ ਦੀ ਬਜਾਏ, ਸਾਰੇ ਹਿੱਸੇਦਾਰਾਂ ਲਈ ਇੱਕ ਹੀ ਥਾਂ 'ਤੇ ਸਾਰੀਆਂ ਸੇਵਾਵਾਂ ਪ੍ਰਦਾਨ ਕਰਨਾ ਹੈ। ਈਸੀਆਈਐਨਈਟੀ ਦੇ ਕੁਝ ਮਾਡਿਊਲ ਮੌਜੂਦਾ ਉਪ-ਚੋਣਾਂ ਵਿੱਚ ਉਪਲਬਧ ਕਰਵਾਏ ਜਾਣਗੇ ਅਤੇ ਬਿਹਾਰ ਵਿਧਾਨ ਸਭਾ ਚੋਣਾਂ ਦੇ ਸਮੇਂ ਤੱਕ ਪੂਰਾ ਡੈਸ਼ਬੋਰਡ ਵੱਖ-ਵੱਖ ਹਿੱਸੇਦਾਰਾਂ ਦੁਆਰਾ ਵਰਤੋਂ ਲਈ ਉਪਲਬਧ ਹੋਵੇਗਾ।
ਈਸੀਆਈ ਨੇ ਭਾਰਤ ਦੇ ਰਜਿਸਟਰਾਰ ਜਨਰਲ ਤੋਂ ਮੌਤ ਰਜਿਸਟ੍ਰੇਸ਼ਨ ਡੇਟਾ ਦਾ ਸਿੱਧਾ ਏਕੀਕਰਨ ਸ਼ੁਰੂ ਕੀਤਾ ਹੈ ਤਾਂ ਜੋ ਮ੍ਰਿਤਕ ਵੋਟਰਾਂ ਨੂੰ ਸੂਚੀਆਂ ਵਿੱਚੋਂ ਸਮੇਂ ਸਿਰ ਅਤੇ ਪ੍ਰਮਾਣਿਤ ਢੰਗ ਨਾਲ ਹਟਾਇਆ ਜਾ ਸਕੇ। ਬੂਥ ਲੈਵਲ ਅਫਸਰ ਤਸਦੀਕ ਵਿੱਚ ਪਹਿਲਾਂ ਵਾਂਗ ਹੀ ਮਹਤਵਪੂਰਨ ਭੂਮਿਕਾ ਨਿਭਾਉਂਦਿਆਂ ਫੀਲਡ-ਪੱਧਰੀ ਜਾਂਚ ਕਾਰਵਾਈਆਂ ਤੋਂ ਬਾਅਦ ਜਾਣਕਾਰੀ ਨੂੰ ਅਪਡੇਟ ਕਰਨਾ ਯਕੀਨੀ ਬਣਾਉਣਗੇ।
ਆਰਪੀ ਐਕਟ, 1950 ਵਿੱਚ ਦੱਸੇ ਅਨੁਸਾਰ ਉਪ-ਚੋਣ ਤੋਂ ਪਹਿਲਾਂ ਵਿਸ਼ੇਸ਼ ਸੰਖੇਪ ਸੋਧ ਕੀਤੀ ਗਈ ਹੈ। ਇਹ ਉਪ-ਚੋਣ ਤੋਂ ਪਹਿਲਾਂ ਕੀਤੀ ਜਾਣ ਵਾਲੀ ਪਹਿਲਾ ਅਜਿਹਾ ਅਭਿਆਸ ਹੈ।
ਰਾਜਨੀਤਿਕ ਹਿੱਸੇਦਾਰਾਂ ਨਾਲ ਨਿਯਮਤ ਗੱਲਬਾਤ ਨੂੰ ਵਧੇਰੇ ਕੁਸ਼ਲ ਬਣਾਉਣ ਲਈ, ਈਸਈਆਈ ਨੇ ਦੇਸ਼ ਭਰ ਵਿੱਚ 4,719 ਮੀਟਿੰਗਾਂ ਕੀਤੀਆਂ, ਜਿਸ ਵਿੱਚ 28,000 ਤੋਂ ਵੱਧ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਇਨ੍ਹਾਂ ਵਿੱਚ ਈਸੀਓ ਪੱਧਰ 'ਤੇ 40 ਮੀਟਿੰਗਾਂ, ਡੀਈਓ ਪੱਧਰ 'ਤੇ 800 ਅਤੇ ਈਆਰਓ ਪੱਧਰ 'ਤੇ 3,879 ਮੀਟਿੰਗਾਂ ਸ਼ਾਮਲ ਸਨ। ਕਮਿਸ਼ਨ ਨੇ ਨਵੀਂ ਦਿੱਲੀ ਵਿੱਚ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨਾਲ ਸਲਾਹ-ਮਸ਼ਵਰਾ ਵੀ ਕੀਤਾ ਹੈ, ਜਿਨ੍ਹਾਂ ਵਿੱਚ ਭਾਜਪਾ, ਬਸਪਾ, ਸੀਪੀਆਈ(ਐਮ) ਅਤੇ ਐਨ.ਪੀ.ਪੀ ਸ਼ਾਮਲ ਹਨ ਅਤੇ ਮੌਜੂਦਾ ਉਪ-ਚੋਣਾਂ ਤੋਂ ਬਾਅਦ ਕੌਮੀ ਰਾਜਨੀਤਿਕ ਪਾਰਟੀਆਂ ਅਤੇ ਰਾਜ ਰਾਜਨੀਤਿਕ ਪਾਰਟੀਆਂ ਨਾਲ ਹੋਰ ਮੀਟਿੰਗਾਂ ਦੀ ਯੋਜਨਾ ਬਣਾਈ ਗਈ ਹੈ।
ਈਸੀਆਈ ਨੇ ਬੂਥ ਲੈਵਲ ਅਫਸਰਾਂ ਬੀਐਲਓ ਸੁਪਰਵਾਈਜ਼ਰਾਂ ਅਤੇ ਬੂਥ ਲੈਵਲ ਏਜੰਟਾਂ ਲਈ ਸਿਖਲਾਈ ਪ੍ਰੋਗਰਾਮਾਂ ਦਾ ਵਿਸਤਾਰ ਕੀਤਾ ਹੈ। ਇੰਡੀਆ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਡੈਮੋਕਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ (ਆਈਆਈਆਈਡੀਈਐਮ) ਵਿਖੇ 3,500 ਤੋਂ ਵੱਧ ਬੀਐਲਓਜ਼/ ਬੀਐਲਓ ਸੁਪਰਵਾਈਜ਼ਰਾਂ ਨੂੰ ਸਿਖਲਾਈ ਦਿੱਤੀ ਗਈ ਹੈ, ਜਿਸਨੂੰ ਹੁਣ ਆਉਣ ਵਾਲੇ ਸਾਲਾਂ ਵਿੱਚ ਇੱਕ ਲੱਖ ਤੋਂ ਵੱਧ ਬੀਐਲਓ ਸੁਪਰਵਾਈਜ਼ਰਾਂ ਨੂੰ ਸਿਖਲਾਈ ਦੇਣ ਦਾ ਕੰਮ ਸੌਂਪਿਆ ਗਿਆ ਹੈ। ਇਹ ਸੁਪਰਵਾਈਜ਼ਰ ਬਦਲੇ ਵਿੱਚ 10.5 ਲੱਖ ਤੋਂ ਵੱਧ ਕਾਰਜਕਰਤਾਵਾਂ ਦੇ ਵੱਡੇ ਬੀਐਲਓ ਨੈੱਟਵਰਕ ਨੂੰ ਸਿਖਲਾਈ ਦੇਣਗੇ।
ਇਸ ਸਾਲ ਜੁਲਾਈ ਦੇ ਮੱਧ ਤੱਕ, ਲਗਭਗ 6000 ਹੋਰ ਬੀਐਲਓਜ਼/ ਬੀਐਲਓ ਸੁਪਰਵਾਈਜ਼ਰ ਲਗਭਗ 20 ਬੈਚਾਂ ਵਿੱਚ ਆਪਣੀ ਸਿਖਲਾਈ ਪ੍ਰਾਪਤ ਕਰਨਗੇ। ਵਿਸ਼ੇਸ਼ ਧਿਆਨ ਬਿਹਾਰ, ਤਾਮਿਲਨਾਡੂ, ਪੁਡੂਚੇਰੀ, ਪੱਛਮੀ ਬੰਗਾਲ, ਕੇਰਲਾ ਅਤੇ ਅਸਾਮ ਵਰਗੇ ਰਾਜਾਂ 'ਤੇ ਹੋਵੇਗਾ ਜਿੱਥੇ ਨੇੜਲੇ ਭਵਿੱਖ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਪਛਾਣ ਅਤੇ ਪਹੁੰਚਯੋਗਤਾ ਲਈ, ਸਾਰੇ ਬੀਐਲਓ ਨੂੰ ਮਿਆਰੀ ਫੋਟੋ ਪਛਾਣ ਪੱਤਰ ਜਾਰੀ ਕੀਤੇ ਜਾਣਗੇ। ਸਿਖਲਾਈ ਦਾ ਵਿਸਥਾਰ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਬੀਐਲਏ ਤੱਕ ਵੀ ਕੀਤਾ ਗਿਆ ਹੈ ਅਤੇ ਬਿਹਾਰ, ਤਾਮਿਲਨਾਡੂ ਅਤੇ ਪੁਡੂਚੇਰੀ ਨਾਲ ਸਬੰਧਿਤ ਸ਼ੁਰੂਆਤੀ ਬੈਚ ਵਿਖੇ ਸੈਸ਼ਨ ਇੰਡੀਆ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਡੈਮੋਕਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ ਵਿਖੇ ਸਿਖਲਾਈ ਲੈ ਰਹੇ ਹਨ।
ਸੀਈਓ ਮੀਡੀਆ ਸੈੱਲਾਂ ਦੇ ਅਧਿਕਾਰੀਆਂ ਨੂੰ ਮੀਡੀਆ ਸ਼ਮੂਲੀਅਤ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜਿਸਦਾ ਉਦੇਸ਼ ਜਨਤਕ ਸੰਚਾਰ ਦੀ ਗੁਣਵੱਤਾ ਅਤੇ ਸਮਾਂਬੱਧਤਾ ਨੂੰ ਬਿਹਤਰ ਬਣਾਉਣਾ ਹੈ। ਇਸ ਤੋਂ ਇਲਾਵਾ, ਬਿਹਾਰ ਦੇ ਪੁਲਿਸ ਅਧਿਕਾਰੀਆਂ ਲਈ ਸਿਖਲਾਈ ਸੈਸ਼ਨ ਆਯੋਜਿਤ ਕੀਤੇ ਗਏ ਹਨ, ਜੋ ਚੋਣ ਤਿਆਰੀ ਦੀ ਬਹੁ-ਏਜੰਸੀ ਪ੍ਰਕਿਰਤੀ ਨੂੰ ਦਰਸਾਉਂਦੇ ਹਨ।
ਚੋਣ ਪ੍ਰਕਿਰਿਆ ਦੌਰਾਨ ਪਛਾਣੇ ਗਏ 28 ਸ਼੍ਰੇਣੀਆਂ ਦੇ ਹਿੱਸੇਦਾਰਾਂ ਲਈ ਇੱਕ ਵਿਆਪਕ ਸਿਖਲਾਈ ਢਾਂਚਾ ਵਿਕਸਤ ਕੀਤਾ ਗਿਆ ਹੈ। ਇਹ ਮਾਡਿਊਲ ਲੋਕ ਪ੍ਰਤੀਨਿਧਤਾ ਐਕਟ, 1950 ਤੇ 1951, ਵੋਟਰ ਰਜਿਸਟ੍ਰੇਸ਼ਨ ਨਿਯਮਾਂ, 1960 ਅਤੇ ਚੋਣ ਨਿਯਮਾਂ, 1961 ਦੇ ਉਪਬੰਧਾਂ ਦੇ ਨਾਲ-ਨਾਲ ਈਸੀਆਈ ਨਿਰਦੇਸ਼ਾਂ 'ਤੇ ਅਧਾਰਤ ਹਨ। ਇਹ ਭਾਈਵਾਲ ਆਈਆਈਆਈਡੀਈਐਮ ਵਿਖੇ ਸਿਖਲਾਈ ਵੀ ਲੈਣਗੇ।
ਹੋਰ ਸੁਧਾਰਾਂ ਵਿੱਚ ਈਸੀਆਈ ਨੇ ਆਪਣੇ ਹੈੱਡਕੁਆਰਟਰ 'ਤੇ ਬਾਇਓਮੈਟ੍ਰਿਕ ਹਾਜ਼ਰੀ ਲਾਗੂ ਕੀਤੀ ਹੈ, ਈ-ਆਫਿਸ ਸਿਸਟਮ ਨੂੰ ਐਕਟਿਵੇਟ ਕੀਤਾ ਹੈ, ਅਤੇ ਨਿਯਮਤ ਸੀਈਓ-ਪੱਧਰੀ ਸਮੀਖਿਆ ਮੀਟਿੰਗਾਂ ਸ਼ੁਰੂ ਕੀਤੀਆਂ ਹਨ। ਇਹਨਾਂ ਉਪਾਵਾਂ ਦਾ ਉਦੇਸ਼ ਅੰਦਰੂਨੀ ਤਾਲਮੇਲ ਅਤੇ ਸੰਚਾਲਨ ਕੁਸ਼ਲਤਾ ਨੂੰ ਬਿਹਤਰ ਬਣਾਉਣਾ ਹੈ।
ਈਸੀਆਈ ਨੇ ਆਈਆਈਆਈਡੀਈਐਮ, ਨਵੀਂ ਦਿੱਲੀ ਵਿਖੇ ਭਾਰਤ ਦੇ ਚੋਣ ਕਮਿਸ਼ਨ ਦੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ ਦੀ ਇੱਕ ਰਾਸ਼ਟਰੀ ਕਾਨਫਰੰਸ ਵੀ ਬੁਲਾਈ। ਸੁਪਰੀਮ ਕੋਰਟ ਅਤੇ ਦੇਸ਼ ਭਰ ਦੇ ਇਸਦੇ ਬੈਂਚਾਂ ਸਮੇਤ 28 ਹਾਈ ਕੋਰਟਾਂ ਦੇ ਸੀਨੀਅਰ ਵਕੀਲਾਂ ਦੇ ਨਾਲ-ਨਾਲ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਅਧਿਕਾਰੀਆਂ ਅਤੇ 36 ਸੀਈਓਜ਼ ਨੇ ਕਾਨਫਰੰਸ ਵਿੱਚ ਹਿੱਸਾ ਲਿਆ। ਇਸ ਪਹਿਲ ਦਾ ਉਦੇਸ਼ ਤਾਲਮੇਲ ਵਿਕਸਤ ਕਰਨਾ ਅਤੇ ਉਭਰ ਰਹੀਆਂ ਚੁਣੌਤੀਆਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਕਮਿਸ਼ਨ ਦੇ ਕਾਨੂੰਨੀ ਢਾਂਚੇ ਨੂੰ ਮੁੜ ਸੁਰਜੀਤ ਕਰਨਾ ਸੀ।
ਭਾਰਤੀ ਚੋਣ ਕਮਿਸ਼ਨ ਵੱਲੋਂ ਕੀਤੀਆਂ ਗਈਆਂ 21 ਨਵੀਆਂ ਪਹਿਲਕਦਮੀਆਂ ਦੀ ਸੂਚੀ (19 ਫਰਵਰੀ, 2025-29 ਮਈ, 2025)
1. ਪੋਲਿੰਗ ਸਟੇਸ਼ਨ 'ਤੇ ਵੋਟਰਾਂ ਦੀ ਵੱਧ ਤੋਂ ਵੱਧ ਗਿਣਤੀ 1200 ਤੱਕ ਸੀਮਤ ਕੀਤੀ ਗਈ।
2. ਹਾਈ ਰਾਈਜ਼/ਕਲੋਨੀਆਂ ਵਿੱਚ ਵਾਧੂ ਪੋਲਿੰਗ ਬੂਥ ਸਥਾਪਤ ਕੀਤੇ ਜਾਣਗੇ।
3. ਵੋਟਰ ਸੂਚੀ ਨੂੰ ਅੱਪਡੇਟ ਕਰਨ ਲਈ, ਮੌਤ ਰਜਿਸਟ੍ਰੇਸ਼ਨ ਦਾ ਡੇਟਾ ਸਿੱਧਾ ਆਰ.ਜੀ.ਆਈ. ਡੇਟਾਬੇਸ ਤੋਂ ਪ੍ਰਾਪਤ ਕੀਤਾ ਜਾਵੇਗਾ ਅਤੇ ਤਸਦੀਕ ਤੋਂ ਬਾਅਦ ਅਪਡੇਟ ਕੀਤਾ ਜਾਵੇਗਾ।
4. ਵੋਟਰ ਸੂਚਨਾ ਸਲਿੱਪਾਂ ਨੂੰ ਵੋਟਰਾਂ ਲਈ ਵਧੇਰੇ ਅਨੁਕੂਲ ਬਣਾਇਆ ਜਾਵੇਗਾ: ਵੋਟਰ ਦਾ ਸੀਰੀਅਲ ਨੰਬਰ ਅਤੇ ਭਾਗ ਨੰਬਰ ਹੁਣ ਵਧੇਰੇ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤਾ ਜਾਵੇਗਾ।
5. ਪੋਲਿੰਗ ਸਟੇਸ਼ਨਾਂ ਦੇ ਬਾਹਰ ਮੋਬਾਈਲ ਡਿਪਾਜ਼ਿਟ ਸਹੂਲਤ ਦਿੱਤੀ ਜਾਵੇਗੀ
6. ਦੇਸ਼ ਭਰ ਵਿੱਚ ਸੀ.ਈ.ਓ./ਡੀ.ਈ.ਓ./ਈ.ਆਰ.ਓ. ਪੱਧਰ 'ਤੇ ਸਾਰੀਆਂ ਸਿਆਸੀ ਪਾਰਟੀਆਂ ਨਾਲ 4,719 (ਸੀ.ਈ.ਓ.-40/ਡੀ.ਈ.ਓ.-800/ਈ.ਆਰ.ਓ.-3879) ਮੀਟਿੰਗਾਂ ਕੀਤੀਆਂ ਗਈਆਂ; ਸਿਆਸੀ ਪਾਰਟੀਆਂ ਦੇ 28,000 ਤੋਂ ਵੱਧ ਪ੍ਰਤੀਨਿਧੀਆਂ ਨੇ ਹਿੱਸਾ ਲਿਆ।
7. ਚੋਣ ਕਮਿਸ਼ਨ ਵੱਲੋਂ ਰਾਸ਼ਟਰੀ ਅਤੇ ਸੂਬਾਈ ਸਿਆਸੀ ਪਾਰਟੀਆਂ ਜਿਵੇਂ ਆਪ/ਬੀ.ਜੇ.ਪੀ./ਬੀ.ਐਸ.ਪੀ. /ਸੀ.ਪੀ.ਆਈ. (ਐਮ)/ਐਨ.ਪੀ.ਪੀ. ਦੇ ਮੁਖੀਆਂ ਨਾਲ ਮੀਟਿੰਗਾਂ
8. ਆਈ.ਆਈ.ਆਈ.ਡੀ.ਈ.ਐਮ. (ਬਿਹਾਰ, ਤਾਮਿਲਨਾਡੂ ਅਤੇ ਪੁਡੂਚੇਰੀ) ਵਿਖੇ ਸਿਆਸੀ ਪਾਰਟੀਆਂ ਦੇ ਬੂਥ ਲੈਵਲ ਏਜੰਟਾਂ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ
9. ਚੋਣ ਪ੍ਰਚਾਰ ਲਈ ਬੂਥ ਤੋਂ ਦੂਰੀ ਦੇ ਨਿਯਮਾਂ ਵਿੱਚ ਢਿੱਲ - ਉਮੀਦਵਾਰ/ਸਿਆਸੀ ਪਾਰਟੀਆਂ ਨੂੰ ਹੁਣ 200 ਮੀਟਰ ਦੀ ਬਜਾਏ 100 ਮੀਟਰ ਦੀ ਦੂਰ ‘ਤੇ ਬੂਥ ਸਥਾਪਤ ਕਰਨ ਦੀ ਆਗਿਆ
10. ਨਵੇਂ ਏਕੀਕ੍ਰਿਤ ਡੈਸ਼ਬੋਰਡ – ਈ.ਸੀ.ਆਈ.ਐਨ.ਈ.ਟੀ. ਦੀ ਸ਼ੁਰੂਆਤ, ਜਿਸਦਾ ਉਦੇਸ਼ ਸਾਰੇ ਭਾਈਵਾਲਾਂ ਨੂੰ ਇੱਕੋ ਥਾਂ 'ਤੇ ਸਾਰੀਆਂ ਸੇਵਾਵਾਂ ਪ੍ਰਦਾਨ ਕਰਨਾ ਹੈ। ਹੁਣ 40 ਤੋਂ ਵੱਧ ਐਪਾਂ/ਵੈੱਬਸਾਈਟਾਂ ਦੀ ਥਾਂ ਇੱਕ ਐਪ ਵਰਤੀ ਜਾਵੇਗੀ।
11. ਡੁਪਲੀਕੇਟ ਈ.ਪੀ.ਆਈ.ਸੀ. ਨੰਬਰ ਦੀ ਸਮੱਸਿਆ ਹੱਲ; ਵਿਲੱਖਣ ਈ.ਪੀ.ਆਈ.ਸੀ. ਨੰਬਰਾਂ ਲਈ ਨਵੀਂ ਵਿਧੀ ਲਾਗੂ
12. ਲੋਕ ਪ੍ਰਤੀਨਿਧਤਾ ਐਕਟ 1950, 1951, ਵੋਟਰ ਰਜਿਸਟ੍ਰੇਸ਼ਨ ਨਿਯਮ 1960, ਕੰਡੱਕਟ ਆਫ ਇਲੈਕਸ਼ਨ ਰੂਲਜ਼, 1961 ਅਤੇ ਸਮੇਂ-ਸਮੇਂ 'ਤੇ ਚੋਣ ਕਮਿਸ਼ਨ ਵੱਲੋਂ ਜਾਰੀ ਨਿਰਦੇਸ਼ਾਂ ਦੇ ਆਧਾਰ 'ਤੇ ਵੋਟਰ ਸੂਚੀਆਂ ਦੀ ਤਿਆਰੀ ਅਤੇ ਚੋਣਾਂ ਦੇ ਸੰਚਾਲਨ ਦੀ ਪੂਰੀ ਪ੍ਰਕਿਰਿਆ ਵਿੱਚ 28 ਭਾਈਵਾਲਾਂ ਦੀ ਪਛਾਣ ਕੀਤੀ ਗਈ, ਜਿਨ੍ਹਾਂ ਵਿੱਚ ਵੋਟਰ, ਚੋਣ ਅਧਿਕਾਰੀ, ਸਿਆਸੀ ਪਾਰਟੀਆਂ, ਉਮੀਦਵਾਰ ਅਤੇ ਹੋਰ ਸ਼ਾਮਲ ਸਨ।
13. ਉਪਰੋਕਤ ਸਾਰੇ ਭਾਈਵਾਲਾਂ ਲਈ: ਕਮਿਸ਼ਨ ਦੇ ਕਾਨੂੰਨਾਂ, ਨਿਯਮਾਂ ਅਤੇ ਹਦਾਇਤਾਂ ਦੇ ਆਧਾਰ 'ਤੇ ਸਿਖਲਾਈ ਪੇਸ਼ਕਾਰੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ।
14. ਭਾਰਤੀ ਚੋਣ ਕਮਿਸ਼ਨ ਅਤੇ ਸੀ.ਈ.ਓ. ਦੀ ਨੁਮਾਇੰਦਗੀ ਕਰਨ ਵਾਲੇ ਸਲਾਹਕਾਰਾਂ ਦੀ ਨੈਸ਼ਨਲ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਤਾਂ ਜੋ ਤਾਲਮੇਲ ਨੂੰ ਮਜ਼ਬੂਤ ਅਤੇ ਕਾਨੂੰਨੀ ਢਾਂਚੇ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ।
15. ਬੀ.ਐਲ.ਓਜ਼ ਨੂੰ ਸਟੈਂਡਰਡ ਫੋਟੋ ਆਈ.ਡੀ. ਕਾਰਡ ਪ੍ਰਦਾਨ ਕੀਤਾ ਜਾਵੇਗਾ
16. ਆਈ.ਆਈ.ਆਈ.ਡੀ.ਈ.ਐਮ., ਨਵੀਂ ਦਿੱਲੀ ਵਿਖੇ ਸਮਰੱਥਾ ਨਿਰਮਾਣ ਪ੍ਰੋਗਰਾਮ:
• 3500 ਤੋਂ ਵੱਧ ਬੂਥ ਲੈਵਲ ਸੁਪਰਵਾਈਜ਼ਰ ਪਹਿਲਾਂ ਹੀ ਆਈ.ਆਈ.ਆਈ.ਡੀ.ਈ.ਐਮ. ਵਿਖੇ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ।
• ਅਗਲੇ 45 ਦਿਨਾਂ ਵਿੱਚ 20 ਬੈਚਾਂ ਵਿੱਚ ਲਗਭਗ 6000 ਬੀ.ਐਲ.ਓਜ਼/ਬੀ.ਐਲ.ਓ ਸੁਪਰਵਾਈਜ਼ਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ।
• ਅਗਲੇ ਕੁਝ ਸਾਲਾਂ ਵਿੱਚ 1 ਲੱਖ ਤੋਂ ਵੱਧ ਬੀ.ਐਲ.ਓ. ਸੁਪਰਵਾਈਜ਼ਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ।
17. ਆਈ.ਆਈ.ਆਈ.ਡੀ.ਈ.ਐਮ. ਵਿਖੇ ਸਾਰੇ 36 ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੀ.ਈ.ਓ. ਦਫ਼ਤਰਾਂ ਦੇ ਮੀਡੀਆ ਅਧਿਕਾਰੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ
18. ਆਈ.ਆਈ.ਆਈ.ਡੀ.ਈ.ਐਮ. ਵਿਖੇ ਬਿਹਾਰ ਦੇ ਪੁਲਿਸ ਅਧਿਕਾਰੀਆਂ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ
19. ਬਾਇਓਮੈਟ੍ਰਿਕ ਹਾਜ਼ਰੀ ਨੂੰ ਲਾਗੂਕਰਨਾ
20. ਈ-ਆਫਿਸ ਦਾ ਲਾਂਚ ਅਤੇ ਸੰਚਾਲਨ
21. ਸਾਰੇ 36 ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੀ.ਈ.ਓਜ਼ ਨਾਲ ਚੋਣ ਕਮਿਸ਼ਨ ਦੀਆਂ ਨਿਯਮਤ ਮੀਟਿੰਗਾਂ ਅਤੇ ਚੋਣ ਕਮਿਸ਼ਨ ਦੇ ਵੱਖ-ਵੱਖ ਵਿਭਾਗਾਂ ਨਾਲ ਉਨ੍ਹਾਂ ਦੇ ਦਫ਼ਤਰਾਂ ਦੇ ਕੰਮਕਾਜ ਦਾ ਤਾਲਮੇਲ ਬਣਾਉਣਾ