'ਯੁੱਧ ਨਸ਼ਿਆਂ ਵਿਰੁੱਧ': ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਬਟਾਲਾ ਪੁਲਿਸ ਨੇ ਪਿੰਡ ਹਰਪੁਰਾ ਵਿੱਚ ਫੁੱਟਬਾਲ ਟੂਰਨਾਮੈਂਟ ਕਰਵਾਇਆ
ਪਿੰਡ ਹਰਪੁਰਾ ਦੀ ਟੀਮ ਨੇ ਖੁਜਾਲਾ ਦੀ ਟੀਮ ਨੂੰ 2-1 ਨਾਲ ਹਰਾਇਆ
ਰੋਹਿਤ ਗੁਪਤਾ
ਹਰਪੁਰਾ (ਗੁਰਦਾਸਪੁਰ), 22 ਮਈ - ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਹੈ। ਇਸ ਮੁਹਿੰਮ ਤਹਿਤ ਜਿੱਥੇ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਓਥੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਜਾਗਰੂਕਤਾ ਪ੍ਰੋਗਰਾਮ ਵੀ ਚਲਾਏ ਜਾ ਰਹੇ ਹਨ। ਇਨ੍ਹਾਂ ਯਤਨਾਂ ਸਦਕਾ ਹੀ ਐੱਸ.ਐੱਸ.ਪੀ. ਬਟਾਲਾ ਜਨਾਬ ਸੋਹੇਲ ਕਾਸਿਮ ਮੀਰ ਦੇ ਨਿਰਦੇਸ਼ਾਂ ਤਹਿਤ ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਪਿੰਡ ਹਰਪੁਰਾ ਵਿੱਚ ਇੱਕ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਸਬ ਡਵੀਜ਼ਨ ਸਾਂਝ ਕੇਂਦਰ ਸ੍ਰੀ ਹਰਗੋਬਿੰਦਪੁਰ ਦੇ ਇੰਚਾਰਜ ਏ.ਐੱਸ.ਆਈ. ਸੁਰਿੰਦਰ ਸਿੰਘ ਦੇ ਉੱਦਮ ਸਦਕਾ ਹੋਏ ਇਸ ਫੁੱਟਬਾਲ ਟੂਰਨਾਮੈਂਟ ਵਿੱਚ ਐੱਸ.ਪੀ. (ਹੈੱਡ ਕੁਆਟਰ) ਜਸਵੰਤ ਕੌਰ ਰਿਆੜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਫੁੱਟਬਾਲ ਦਾ ਮੁਕਾਬਲਾ ਪਿੰਡ ਹਰਪੁਰਾ ਅਤੇ ਖੁਜਾਲਾ ਦੀਆਂ ਟੀਮਾਂ ਦਰਮਿਆਨ ਹੋਇਆ ਜਿਸ ਵਿੱਚ ਹਰਪੁਰਾ ਦੀ ਟੀਮ 2-1 ਨਾਲ ਜੇਤੂ ਰਹੀ।
ਇਸ ਮੌਕੇ ਹਾਜ਼ਰ ਇਕੱਠ ਤੇ ਖਿਡਾਰੀਆਂ ਨੂੰ ਸੰਬੋਧਨ ਹੁੰਦਿਆਂ ਐੱਸ.ਪੀ. ਜਸਵੰਤ ਕੌਰ ਰਿਆੜ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਜ਼ਿਲ੍ਹਾ ਬਟਾਲਾ ਆਪਣੇ ਜ਼ਿਲ੍ਹੇ ਵਿੱਚੋਂ ਨਸ਼ਿਆਂ ਦੇ ਖ਼ਾਤਮੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਪੁਲਿਸ ਵੱਲੋਂ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਅਤੇ ਲੋਕਾਂ ਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਆਪਣਾ ਪੂਰਾ ਸਾਥ ਦੇਣਾ ਚਾਹੀਦਾ ਹੈ। ਐੱਸ.ਪੀ. ਰਿਆੜ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਆਸ-ਪਾਸ ਕੋਈ ਨਸ਼ਾ ਵੇਚਦਾ ਹੈ ਤਾਂ ਉਸਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਦਾ ਨਾਮ-ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ।
ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚ ਕੇ ਖੇਡਾਂ ਨਾਲ ਜੁੜਨ ਦੀ ਅਪੀਲ ਕਰਦਿਆਂ ਐੱਸ.ਪੀ. ਜਸਵੰਤ ਕੌਰ ਰਿਆੜ ਨੇ ਕਿਹਾ ਕਿ ਬਟਾਲਾ ਪੁਲਿਸ ਵੱਲੋਂ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਨਾਲ ਜੋੜਨ ਦੇ ਯਤਨ ਲਗਾਤਾਰ ਜਾਰੀ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਬਟਾਲਾ ਪੁਲਿਸ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਿੰਡ ਨਾਨਕ ਚੱਕ ਵਿਖੇ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ ਸੀ ਅਤੇ ਅੱਜ ਪਿੰਡ ਹਰਪੁਰਾ ਵਿਖੇ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਐੱਸ.ਐੱਸ.ਪੀ. ਬਟਾਲਾ ਸੋਹੇਲ ਕਾਸਿਮ ਮੀਰ ਦੀ ਅਗਵਾਈ ਹੇਠ ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਇਹ ਉਪਰਾਲੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਉਨ੍ਹਾਂ ਨੂੰ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਅਤੇ ਆਪਣੀ ਪੜ੍ਹਾਈ ਤੇ ਰੁਜ਼ਗਾਰ ਵੱਲ ਧਿਆਨ ਦੇਣ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਮਿਲ ਕੇ ਯੁੱਧ ਨਸ਼ਿਆਂ ਵਿਰੁੱਧ ਵਿੱਚ ਜਿੱਤ ਹਾਸਲ ਕਰਕੇ ਰੰਗਲਾ ਪੰਜਾਬ ਬਣਾਉਣ ਵਿੱਚ ਆਪਣਾ ਯੋਗਦਾਨ ਪਾਵਾਂਗੇ। ਇਸ ਮੌਕੇ ਐੱਸ.ਪੀ. ਰਿਆੜ ਵੱਲੋਂ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ ਅਤੇ ਨਾਲ ਹੀ ਸਾਰੇ ਖਿਡਾਰੀਆਂ ਨੂੰ ਪੰਜਾਬ ਪੁਲਿਸ ਵੱਲੋਂ ਕਿੱਟਾਂ ਵੀ ਵੰਡੀਆਂ ਗਈਆਂ।
ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਗੁਰਦਾਸਪੁਰ ਇੰਦਰਜੀਤ ਸਿੰਘ ਬਾਜਵਾ, ਐੱਸ.ਐੱਚ.ਓ. ਥਾਣਾ ਘੁਮਾਣ ਐੱਸ.ਆਈ. ਬਿਕਰਮਜੀਤ ਸਿੰਘ, ਐੱਸ.ਆਈ. ਪ੍ਰਭਪਾਲ ਸਿੰਘ, ਏ.ਐੱਸ.ਆਈ. ਹਰਦੇਵ ਸਿੰਘ, ਏ.ਐੱਸ.ਆਈ. ਕੰਵਲਜੀਤ ਸਿੰਘ, ਏ.ਐੱਸ.ਆਈ. ਇੰਦਰਪਾਲ ਸਿੰਘ, ਏ.ਐੱਸ.ਆਈ. ਕਸ਼ਮੀਰ ਸਿੰਘ, ਏ.ਐੱਸ.ਆਈ. ਲਖਵਿੰਦਰ ਸਿੰਘ, ਏ.ਐੱਸ.ਆਈ. ਜਸਪਾਲ ਸਿੰਘ, ਪਿੰਡ ਹਰਪੁਰਾ ਦੇ ਸਰਪੰਚ ਮਨਦੀਪ ਸਿੰਘ, ਸਾਬਕਾ ਸਰਪੰਚ ਹਰਪਾਲ ਸਿੰਘ ਹਰਪੁਰਾ, ਪ੍ਰਿੰਸੀਪਲ ਪ੍ਰਭਜੋਤ ਸਿੰਘ, ਮੈਂਬਰ ਪੰਚਾਇਤ ਬਿਕਰਮਜੀਤ ਸਿੰਘ, ਅਨੇਕ ਸਿੰਘ, ਕੁਲਵੰਤ ਸਿੰਘ, ਨਿਰਵੈਰ ਸਿੰਘ, ਮੁਖਤਾਰ ਸਿੰਘ, ਸੁੱਚਾ ਸਿੰਘ, ਲਾਲ ਸਿੰਘ, ਸੁਖਦੇਵ ਸਿੰਘ, ਕੰਵਲਦੀਪ ਸਿੰਘ, ਸੁਖਦੇਵ ਸਿੰਘ ਹੈਪੀ ਪ੍ਰਧਾਨ, ਠੇਕੇਦਾਰ ਹਰਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਜਗਤਾਰ ਸਿੰਘ, ਫ਼ੌਜੀ ਹਰਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।