ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਅਹੁਦਾ ਸੰਭਾਲ਼ਿਆ
- ਪੰਜਾਬੀ ਯੂਨੀਵਰਸਿਟੀ ਸਬੰਧੀ ਆਪਣੀਆਂ ਤਰਜੀਹਾਂ ਦੇ ਹਵਾਲੇ ਨਾਲ਼ ਪ੍ਰਗਟਾਏ ਵਿਚਾਰ
- ਵਿੱਦਿਅਕ ਅਦਾਰਿਆਂ ਦੇ ਸਿਲੇਬਸ ਅਤੇ ਇੰਡਸਟਰੀ ਦੀਆਂ ਲੋੜਾਂ ਵਿਚਲੇ ਖੱਪੇ ਦੂਰ ਕਰਨ ਦੀ ਲੋੜ: ਡਾ. ਜਗਦੀਪ ਸਿੰਘ
- ਇੰਡਸਟਰੀ ਦੀਆਂ ਲੋੜਾਂ ਅਨੁਸਾਰ ਵਿਉਂਤੇ ਜਾਣਗੇ ਪਾਠਕ੍ਰਮ; ਬੋਰਡ ਆਫ਼ ਸਟੱਡੀਜ਼ ਵਿੱਚ ਸ਼ਾਮਿਲ ਹੋਣਗੇ ਇੰਡਸਟਰੀ ਦੇ ਪ੍ਰਤੀਨਿਧੀ
ਪਟਿਆਲਾ, 21 ਮਈ 2025 - ਪੰਜਾਬੀ ਯੂਨੀਵਰਸਿਟੀ ਦੇ ਨਵ-ਨਿਯੁਕਤ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਯੂਨੀਵਰਸਿਟੀ ਦੇ ਵੱਖ-ਵੱਖ ਅਧਿਕਾਰੀਆਂ, ਅਧਿਆਪਨ ਅਤੇ ਗ਼ੈਰ-ਅਧਿਆਪਨ ਕਰਮਚਾਰੀ ਯੂਨੀਅਨਾਂ ਅਤੇ ਹੋਰ ਸਭ ਵਰਗਾਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ।
ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਇਸ ਮੌਕੇ ਪੰਜਾਬੀ ਯੂਨੀਵਰਸਿਟੀ ਸਬੰਧੀ ਆਪਣੀਆਂ ਤਰਜੀਹਾਂ ਦੇ ਹਵਾਲੇ ਨਾਲ਼ ਅਹਿਮ ਗੱਲਾਂ ਕੀਤੀਆਂ। ਉਨ੍ਹਾਂ ਕਿਹਾ ਕਿ ਉਹ ਇਸ ਗੱਲੋਂ ਮਾਣ ਮਹਿਸੂਸ ਕਰ ਰਹੇ ਹਨ ਕਿ ਜਿਸ ਸੰਸਥਾ ਤੋਂ ਉਨ੍ਹਾਂ ਖੁਦ ਆਪਣੀ ਉਚੇਰੀ ਸਿੱਖਿਆ ਹਾਸਿਲ ਕੀਤੀ ਹੈ, ਅੱਜ ਉਸ ਸੰਸਥਾ ਨੂੰ ਚਲਾਉਣ ਲਈ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਮਿਲੀ ਹੈ। ਉਨ੍ਹਾਂ ਆਪਣੀਆਂ ਤਰਜੀਹਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਦੀ ਇਹ ਲੋੜ ਹੈ ਕਿ ਵਿੱਦਿਅਕ ਸੰਸਥਾਵਾਂ ਦੇ ਵੱਖ-ਵੱਖ ਕੋਰਸਾਂ ਨੂੰ ਸਬੰਧਤ ਇੰਡਸਟਰੀ ਨਾਲ਼ ਬਰ ਮੇਚ ਕੇ ਚਲਾਇਆ ਜਾਵੇ ਤਾਂ ਕਿ ਜਮੀਨੀ ਅਤੇ ਵਿਹਾਰਕ ਪੱਧਰ ਉੱਤੇ ਇੰਡਸਟਰੀ ਦੀਆਂ ਲੋੜਾਂ ਸਮਝ ਕੇ ਉਸ ਅਨੁਸਾਰ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ।
ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਕਾਰਜ ਕਰਨ ਲਈ ਸਬੰਧਤ ਇੰਡਸਟਰੀ ਦੇ ਪ੍ਰਤੀਨਿਧੀਆਂ ਨੂੰ ਬੋਰਡ ਆਫ਼ ਸਟੱਡੀਜ਼ ਵਿੱਚ ਸ਼ਾਮਿਲ ਕੀਤਾ ਜਾਵੇਗਾ ਤਾਂ ਕਿ ਪਾਠਕ੍ਰਮ ਨੂੰ ਵਿਉਂਤਣ ਸਮੇਂ ਉਨ੍ਹਾਂ ਦੀ ਪੇਸ਼ੇਵਰ ਸਲਾਹ ਦਾ ਲਾਭ ਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ਼ ਵਿੱਦਿਅਕ ਅਦਾਰਿਆਂ ਅਤੇ ਸਬੰਧਤ ਇੰਡਸਟਰੀ ਦਰਮਿਆਨ ਖੱਪਿਆਂ ਨੂੰ ਪੂਰ ਕੇ ਅਜਿਹਾ ਸਿਲੇਬਸ ਤਿਆਰ ਹੋ ਸਕਦਾ ਹੈ ਜਿਸ ਦੀ ਪੜ੍ਹਾਈ ਉਪਰੰਤ ਵਿਦਿਆਰਥੀਆਂ ਨੂੰ ਰੁਜ਼ਗਾਰ ਹਾਸਿਲ ਕਰਨ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਹੋਵੇ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਇੰਡਸਟਰੀ ਦੀਆਂ ਲੋੜਾਂ ਅਨੁਸਾਰ ਵੱਖ-ਵੱਖ ਕਿਸਮ ਦੇ ਛੋਟੇ ਸਰਟੀਫ਼ਿਕੇਟ ਕੋਰਸ ਵੀ ਸ਼ੁਰੂ ਕੀਤੇ ਜਾ ਸਕਦੇ ਹਨ।
ਪੰਜਾਬੀ ਯੂਨੀਵਰਸਿਟੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੇ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਬਹੁਤ ਵੱਡੇ ਮਾਅਰਕੇ ਮਾਰੇ ਹਨ। ਪੰਜਾਬ, ਖਾਸ ਤੌਰ ਉੱਤੇ ਮਾਲਵਾ ਖੇਤਰ ਵਿੱਚ ਉਚੇਰੀ ਸਿੱਖਿਆ ਦੇ ਪ੍ਰਸਾਰ ਵਿੱਚ ਪੰਜਾਬੀ ਯੂਨੀਵਰਸਿਟੀ ਦਾ ਮਿਸਾਲੀ ਯੋਗਦਾਨ ਹੈ। ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਚਾਰ ਪ੍ਰਸਾਰ ਦੇ ਮੰਤਵ ਨਾਲ਼ ਸਥਾਪਿਤ ਪੰਜਾਬੀ ਯੂਨੀਵਰਸਿਟੀ ਦੀਆਂ ਕਲਾ, ਵਿਗਿਆਨ, ਭਾਸ਼ਾ, ਸਮਾਜ ਵਿਗਿਆਨ ਆਦਿ ਖੇਤਰਾਂ ਵਿੱਚ ਅਥਾਹ ਪ੍ਰਾਪਤੀਆਂ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੂੰ ਹੋਰ ਅੱਗੇ ਲਿਜਾਣ ਲਈ ਅਸੀਂ ਲੋੜ ਅਤੇ ਸਮੇਂ ਅਨੁਸਾਰ ਨਵੀਂਆਂ ਪੁਲਾਂਘਾਂ ਪੁੱਟਾਂਗੇ।
ਇਸ ਮੌਕੇ ਉਨ੍ਹਾਂ ਵੱਲੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਮਾਣਯੋਗ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਅਤੇ ਸਮੁੱਚੀ ਕੈਬਨਿਟ ਦਾ ਇਸ ਅਹਿਮ ਜ਼ਿੰਮੇਵਾਰੀ ਲਈ ਧੰਨਵਾਦ ਕੀਤਾ ਗਿਆ।
ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ, ਰਜਿਸਟਰਾਰ ਪ੍ਰੋ. ਸੰਜੀਵ ਪੁਰੀ,ਡੀਨ ਕਾਲਜ ਵਿਕਾਸ ਕੌਂਸਲ ਡਾ. ਬਲਰਾਜ ਸੈਣੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਦੇ ਆਪਣੇ ਅਧਿਆਪਨ ਵਿਭਾਗ ਤੋਂ ਵਿਗਿਆਨ ਨਾਲ਼ ਸਬੰਧਤ ਮੌਜੂਦਾ ਅਤੇ ਸੇਵਾ-ਨਵਿਰਤ ਅਧਿਆਪਕ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ।
ਜਿ਼ਕਰਯੋਗ ਹੈ ਕਿ ਉੱਘੇ ਵਿਗਿਆਨੀ ਅਤੇ ਅਕਾਦਮੀਸ਼ਨ ਡਾ. ਜਗਦੀਪ ਸਿੰਘ ਮੌਜੂਦਾ ਸਮੇਂ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਇਜ਼ਰ) ਮੋਹਾਲੀ ਵਿਖੇ ਰਜਿਸਟਰਾਰ ਵਜੋਂ ਕਾਰਜਸ਼ੀਲ ਸਨ। ਆਇਜ਼ਰ, ਮੋਹਾਲੀ ਤੋਂ ਪਹਿਲਾਂ ਉਹ ਵੱਖ-ਵੱਖ ਅਹਿਮ ਭੂਮਿਕਾਵਾਂ ਨਿਭਾ ਚੁੱਕੇ ਹਨ। ਉਹ ਪੰਜਾਬ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਵਿੱਚ ਡਾਇਰੈਕਟਰ, ਵਧੀਕ ਡਾਇਰੈਕਟਰ, ਡਿਪਟੀ ਡਾਇਰੈਕਟਰ ਅਤੇ ਚੀਫ਼ ਵਿਜੀਲੈਂਸ ਅਧਿਕਾਰੀ ਵਜੋਂ ਵੱਖ-ਵੱਖ ਅਹੁਦਿਆਂ 'ਤੇ ਸੇਵਾ ਨਿਭਾ ਚੁੱਕੇ ਹਨ। ਉਹ ਚਾਰ ਸਾਲ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਰਜਿਸਟਰਾਰ ਰਹੇ, ਜਿੱਥੇ ਉਨ੍ਹਾਂ ਕੰਟਰੋਲਰ ਪ੍ਰੀਖਿਆਵਾਂ ਅਤੇ ਵਿੱਤ ਅਧਿਕਾਰੀ ਵਜੋਂ ਵੀ ਸੇਵਾ ਨਿਭਾਈ।
ਭਾਰਤ ਸਰਕਾਰ ਵੱਲੋਂ ਪੰਜਾਬ ਦੇ ਮੋਹਾਲੀ ਵਿਖੇ ਆਇਜ਼ਰ ਪ੍ਰੋਜੈਕਟ ਦਾ ਐਲਾਨ ਕੀਤਾ ਗਿਆ, ਤਾਂ ਪੰਜਾਬ ਸਰਕਾਰ ਵੱਲੋਂ ਡਾ. ਜਗਦੀਪ ਸਿੰਘ ਨੂੰ ਇਸ ਅਹਿਮ ਪ੍ਰੋਜੈਕਟ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹ ਆਇਜ਼ਰ ਮੋਹਾਲੀ ਵਿਖੇ ਕੋਆਰਡੀਨੇਟਰ ਅਤੇ ਸਹਾਇਕ ਫੈਕਲਟੀ (2007-2012) ਵਜੋਂ ਜੁੜੇ ਰਹੇ। ਡਾ. ਜਗਦੀਪ ਸਿੰਘ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਿੱਚ ਬਾਇਓਟੈਕਨਾਲੋਜੀ ਦੇ ਸਲਾਹਕਾਰ ਵਜੋਂ ਵੀ ਸੇਵਾਵਾਂ ਦਿੱਤੀਆਂ ਹਨ ਜਿੱਥੇ ਉਨ੍ਹਾਂ ਬਾਇਓਟੈਕ ਗੈਲਰੀ, ਐਵੋਲੂਸ਼ਨ ਗੈਲਰੀ, ਡਾਇਨਾਸੌਰ ਪਾਰਕ, ਏਡਜ਼ ਗੈਲਰੀ ਅਤੇ ਰੈੱਡ ਰਿਬਨ ਪ੍ਰੋਜੈਕਟ ਸਥਾਪਤ ਕਰਨ ਦੇ ਪ੍ਰੋਜੈਕਟਸ ਵਿੱਚ ਮੋਹਰੀ ਭੂਮਿਕਾ ਨਿਭਾਈ।
ਵਿਸ਼ੇ ਪੱਖੋਂ ਜੀਵ ਵਿਗਿਆਨ ਵਿੱੱਚ ਪੀ-ਐੱਚ.ਡੀ. ਕਰਨ ਵਾਲ਼ੇ ਡਾ. ਜਗਦੀਪ ਸਿੰਘ ਨੇ ਮੌਲੀਕਿਊਲਰ ਬਾਇਓਲੌਜੀ ਦੇ ਖੇਤਰ ਵਿੱਚ ਪੋਸਟ-ਡੌਕਟਰਲ ਪੱਧਰ ਦੀ ਸਿਖਲਾਈ ਪ੍ਰਾਪਤ ਕੀਤੀ ਹੈ। ਉਨ੍ਹਾਂ ਦੀ ਖੋਜ ਰੁਚੀ ਕੈਂਸਰ ਵਿੱਚ ਡੀ.ਐੱਨ.ਏ. ਮਿਥਾਈਲੇਸ਼ਨ ਜਿਹੇ ਖੇਤਰਾਂ ਵਿੱਚ ਹੈ। ਉਹ ਕੈਂਸਰ ਦੇ ਸਿਸਟਮੈਟਿਕਸ ਅਤੇ ਐਪੀਜੇਨੇਟਿਕਸ ਸਬੰਧੀ ਖੇਤਰ ਵਿੱਚ 20 ਖੋਜ ਪੱਤਰ ਪ੍ਰਕਾਸ਼ਿਤ ਕਰਵਾ ਚੁੱਕੇ ਹਨ। ਹਾਲ ਹੀ ਵਿੱਚ ਉਨ੍ਹਾਂ ਦੀ ਇੱਕ ਪੁਸਤਕ 'ਸਾਇੰਸ ਐਂਡ ਸਪਿਰਚੂਲਿਟੀ: ਦ ਜਰਨੀ ਵਿਦਿਨ' ਵੀ ਪ੍ਰਕਾਸ਼ਿਤ ਹੋਈ ਹੈ।