ਸਿੱਖਿਆ ਸਕੱਤਰ ਪੰਜਾਬ ਨੇ ਡਾਇਰੈਕਟਰ ਨੂੰ ਜੌਗਰਫ਼ੀ ਵਿਸ਼ੇ ਸੰਬੰਧੀ ਪੱਤਰ ਲਿਖਿਆ
- ਡਾਇਰੈਕਟਰ ਵੱਲੋਂ ਜੌਗਰਫ਼ੀ ਟੀਚਰਜ਼ ਯੂਨੀਅਨ ਨੂੰ 23 ਮਈ ਮੀਟਿੰਗ ਦਾ ਸੱਦਾ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 22 ਮਈ 2025 - ਪੰਜਾਬ ਵਿੱਚ ਜੌਗਰਫੀ ਵਿਸ਼ੇ ਦੀ ਮਹੱਤਤਾ ਨੂੰ ਸਮਝਦੇ ਹੋਏ ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਨੇ ਕੁਝ ਸਮਾਂ ਪਹਿਲਾਂ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਹੋਰਨਾਂ ਨੂੰ ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਜੌਗਰਫ਼ੀ ਵਿਸ਼ੇ ਦੇ ਲੈਕਚਰਾਰਾਂ ਦੀ ਘਾਟ, ਪੰਜਾਬ ਸਰਕਾਰ ਦੇ ਗਜ਼ਟ ਨੋਟੀਫਿਕੇਸ਼ਨ ਅਨੁਸਾਰ ਮੰਨਜ਼ੂਰਸ਼ੁਦਾ 357 ਆਸਾਮੀਆਂ ਨੂੰ ਈ-ਪੰਜਾਬ ਪੋਰਟਲ 'ਤੇ ਦਰਸਾਉਣ, ਹੋਰਨਾਂ ਵਿਸ਼ਿਆਂ ਦੇ ਲੈਕਚਰਾਰਾਂ ਦੀਆਂ ਖਾਲੀ ਤੇ ਵਾਧੂ ਆਸਾਮੀਆਂ ਨੂੰ ਜੌਗਰਫੀ ਵਿਸ਼ੇ ਵਿੱਚ ਤਬਦੀਲ ਕਰਕੇ 118 ਐਮੀਨੈਂਸ ਸਕੂਲਾਂ ਤੇ 174 ਪੀ.ਐੱਮ ਸ਼੍ਰੀ ਸਕੂਲਾਂ ਵਿੱਚ ਜੌਗਰਫ਼ੀ (ਭੂਗੋਲ) ਵਿਸ਼ਾ ਚਾਲੂ ਕਰਕੇ ਪਦਉੱਨਤੀਆਂ ਕਰਨ, ਬਦਲੀਆਂ ਵਿੱਚ ਮੌਕਾ ਦੇ ਕੇ ਅਤੇ ਜੌਗਰਫ਼ੀ ਵਿਸ਼ਾ ਪੜ੍ਹਾਉਣ ਵਾਲੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 'ਜੌਗਰਫ਼ੀ ਪ੍ਰੋਗਸ਼ਾਲਾ' ਸਥਾਪਿਤ ਕਰਨ ਆਦਿ ਦੇ ਮੁੱਦਿਆਂ ਨੂੰ ਲੈ ਕੇ ਪੱਤਰ ਲਿਖੇ ਸਨ।
ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਅਤੇ ਰਾਜਪਾਲ ਪੰਜਾਬ ਦੇ ਦਫ਼ਤਰ ਨੇ ਸਿੱਖਿਆ ਸਕੱਤਰ ਸਕੂਲਾਂ, ਪੰਜਾਬ ਸਰਕਾਰ ਨੂੰ ਜੌਗਰਫ਼ੀ ਟੀਚਰਜ਼ ਯੂਨੀਅਨ ਪੰਜਾਬ ਦੀਆਂ ਮੰਗਾਂ ਸੰਬੰਧੀ ਲੋੜੀਂਦੀ ਕਾਰਵਾਈ ਕਰਨ ਬਾਰੇ ਲਿਖਿਆ। ਜੱਥੇਬੰਦੀ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ ਅਤੇ ਜਨਰਲ ਸਕੱਤਰ ਦਿਲਬਾਗ ਸਿੰਘ ਲਾਪਰਾਂ ਨੇ ਪ੍ਰੈੱਸ ਨੂੰ ਦੱਸਿਆ ਕਿ ਸਿੱਖਿਆ ਸਕੱਤਰ ਪੰਜਾਬ ਸਰਕਾਰ, ਸਕੂਲ ਸਿੱਖਿਆ ਵਿਭਾਗ ਪੰਜਾਬ (ਸਿੱਖਿਆ-2 ਸ਼ਾਖਾ) ਨੇ ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ ਨੂੰ ਜੱਥੇਬੰਦੀ ਦੇ ਮੰਗ ਪੁੱਤਰ ਨੂੰ ਮੂਲ ਰੂਪ ਵਿੱਚ ਭੇਜਦੇ ਹੋਏ ਲਿਖਿਆ ਗਿਆ ਹੈ ਕਿ ਮੰਗ ਪੱਤਰ ਵਿੱਚ ਦਰਸਾਏ ਮਾਮਲੇ ਸੰਬੰਧੀ ਤੁਰੰਤ ਨਿਯਮਾਂ/ਹਦਾਇਤਾਂ ਅਨੁਸਾਰ ਬਣਦੀ ਅਗਲੇਰੀ ਯੋਗ ਕਾਰਵਾਈ ਕਰਦੇ ਹੋਏ ਮੰਗ ਪੱਤਰ ਦਾ ਨਿਪਟਾਰਾ ਕੀਤਾ ਜਾਵੇ ਅਤੇ ਇਸ ਸੰਬੰਧੀ ਕੀਤੀ ਗਈ ਕਾਰਵਾਈ ਬਾਰੇ ਆਪਣੇ ਪੱਧਰ 'ਤੇ ਸੰਬੰਧਤ ਯੂਨੀਅਨ ਨੂੰ ਸੂਚਿਤ ਕਰਕੇ ਪੰਜਾਬ ਸਰਕਾਰ ਨੂੰ ਵੀ ਰਿਪੋਰਟ ਕੀਤੀ ਜਾਵੇ। ਇਸ ਪੱਤਰ ਦਾ ਉਤਾਰਾ ਜੱਥੇਬੰਦੀ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ ਨੂੰ ਵੀ ਸੂਚਨਾ ਹਿੱਤ ਭੇਜਿਆ ਗਿਆ ਹੈ।
ਡਾਇਰੈਕਟਰ ਸਕੂਲ ਆਫ਼ ਐਜੂਕੇਸ਼ਨ (ਸੈਕੰਡਰੀ) ਪੰਜਾਬ ਨੇ ਸਿੱਖਿਆ ਸਕੱਤਰ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਦੀਆਂ ਮੰਗਾਂ 'ਤੇ ਵਿਚਾਰ ਵਟਾਂਦਰਾ ਕਰਨ ਲਈ ਮਿਤੀ 23-05-2025 (ਸਮਾਂ ਸਵੇਰੇ 12 ਵਜੇ) ਨੂੰ ਮੀਟਿੰਗ ਦਿਨ ਨਿਸਚਿਤ ਕਰਦੇ ਹੋਏ ਜੱਥੇਬੰਦੀ ਨੂੰ ਸੱਦਾ ਪੱਤਰ ਭੇਜਿਆ ਹੈ। ਸ਼੍ਰੀ ਸੁੱਖੀ ਨੇ ਦੱਸਿਆ ਕਿ ਮੀਟਿੰਗ ਵਿੱਚ ਜੱਥੇਬੰਦੀ ਵੱਲੋਂ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਹਿੱਤਾਂ ਲਈ ਜ਼ੋਰਦਾਰ ਢੰਗ ਨਾਲ ਕੇਸ਼ ਪੇਸ਼ ਕੀਤਾ ਜਾਵੇਗਾ।