ਸ਼ੋਸ਼ਲ ਮੀਡੀਆ ਦੋ ਧਾਰੀ ਤਲਵਾਰ ,ਪ੍ਰਮਾਣਤਾ ਜਰੂਰੀ
————————————————-
ਸ਼ੋਸ਼ਲ ਮੀਡੀਆ ਉੱਤੇ ਅੱਜ ਜੋ ਵੀ ਪਰੋਸਿਆ ਜਾਂ ਵਿਖਾਇਆ ਜਾ ਰਿਹਾ ਹੈ ਉਸਦੀ ਪ੍ਰਮਾਣਤਾ ਨੂੰ ਲੈ ਕੇ ਮੇਰੇ ਮਨ ਚ ਕਈ ਤਰਾਂ ਦੇ ਸਵਾਲ ਖੜੇ ਹੁੰਦੇ ਹਨ।ਜੋ ਸ਼ਾਇਦ ਹੋਰਾਂ ਦੇ ਮਨ ਚ ਵੀ ਜਰੂਰ ਹੁੰਦੇ ਹੋਣਗੇ ਤੇ ਉਹ ਸਵਾਲ ਹੈ ਕੇ ਸ਼ੋਸ਼ਲ ਮੀਡੀਆ ਉੱਤੇ ਜੋ ਵੀ ਪੋਸਟ ਪਾਈ ਜਾਂਦੀ ਹੈ ਉਸਦੀ ਪ੍ਰਮਾਣਤਾ ਬਾਰੇ ਕੋਈ ਕਸੌਟੀ ਕਿਉਂ ਨਹੀਂ ? ਜਦ ਕਿ ਕਿਸੇ ਵੀ ਫ਼ਿਲਮ ਦੇ ਰਲੀਜ਼ ਹੋਣ ਤੋ ਪਹਿਲਾਂ ਉਸ ਦਾ ਸੈਂਸਰ ਬੋਰਡ ਤੋਂ ਪਾਸ ਹੋਣਾ ਹੁੰਦਾ ਹੈ।ਪਰ ਕਿੰਨੇ ਸਿਤਮ ਦੀ ਗੱਲ ਹੈ ਕਿ ਇਸ ਦੇ ਉਲਟ ਸ਼ੋਸ਼ਲ ਮੀਡੀਆ ਉੱਤੇ ਤੁਸੀਂ ਕੋਈ ਵੀ ਪੋਸਟ ਪਾ ਦੇਵੋ ਉਸਦੀ ਪ੍ਰਮਾਣਤਾ ਹਾਸਲ ਕਰਨ ਦੀ ਤੁਹਾਨੂੰ ਕੋਈ ਜਰੂਰਤ ਨਹੀਂ ਹੈ।ਫਿਰ ਉਹ ਪੋਸਟ ਸੱਚੀ ਹੋਵੇ ਜਾਂ ਝੂਠੀ,ਕੋਈ ਮਤਲਬ ਨਹੀਂ।
ਪਰ ਅਸੀਂ ਕਦੇ ਸੋਚਿਆ ਹੈ ਕਿ ਅਗਰ ਪੋਸਟ ਗਲਤ ਜਾਂ ਝੂਠੀ ਹੈ ਤਾਂ ਉਸਦਾ ਸਮਾਜ ਉੱਤੇ ਕਿੰਨਾ ਬੁਰਾ ਅਸਰ ਪੈਂਦਾ ਹੈ? ਕਈ ਵਾਰ ਤਾਂ ਉਸ ਝੂਠੀ ਪੋਸਟ ਦਾ ਇੰਨਾ ਜਿਆਦਾ ਮਾਰੂ ਪ੍ਰਭਾਵ ਪੈਂਦਾ ਹੈ ਕੇ ਕਿਸੇ ਵਿਅਕਤੀ ਦੀ ਜਾਨ ਤੱਕ ਚਲੀ ਜਾਂਦੀ ਹੈ ਤੇ ਕਈ ਵਾਰ ਕਿਸੇ ਦਾ ਕੈਰੀਅਰ ਤੱਕ ਤਬਾਹ ਹੋ ਜਾਂਦਾ ਹੈ।ਸ਼ੋਸ਼ਲ ਮੀਡੀਆ ਦੇ ਮਾੜੇ ਪੱਖ ਦੀਆਂ ਕਈ ਮਿਸਾਲਾਂ ਹਨ ਜਿੰਨਾ ਚੋਂ ਇਕ ਉਦਾਹਰਣ ਇਹ ਹੈ ਕੇ ਇਕ ਵਾਰ ਕਿਸੇ ਵਿਅਕਤੀ ਨੇ ਕਿਸੇ ਮੰਤਰੀ ਦਾ ਟਵਿੱਟਰ ਹੈਂਡਲ ਹੈਕ ਕਰਕੇ ਕਹਿ ਦਿੱਤਾ ਕਿ ਮੇਰੀ ਇਕ ਪਾਕਿਸਤਾਨੀ ਔਰਤ ਨਾਲ ਗੱਲਬਾਤ ਹੈ।ਇਸ ਗੱਲ ਦਾ ਸਭ ਪਾਸੇ ਰੌਲਾ ਪੈ ਗਿਆ।ਨਤੀਜਾ ਇਹ ਹੋਇਆ ਕਿ ਕੁੱਝ ਦਿਨਾਂ ਪਿੱਛੋਂ ਉਸਦੀ ਪਤਨੀ ਦੀ ਇਕ ਹੋਟਲ ਚੋਂ ਲਾਸ਼ ਮਿਲੀ।ਅਸਲ ਚ ਸ਼ੋਸ਼ਲ ਮੀਡੀਆ ਨੇ ਸਾਡੀ ਉਸਾਰੂ ਸੋਚ ਨੂੰ ਵੀ ਪੁੱਠੇ ਪਾਸੇ ਲਾ ਦਿੱਤਾ ਹੈ।ਅਸੀ ਠੀਕ ਤੇ ਗਲਤ ਦਾ ਨਿਤਾਰਾ ਕਰਨ ਦੀ ਬਜਾਏ ਅਲੋਚਨਾ ਵੱਲ ਵਧਦੇ ਜਾ ਰਹੇ ਹਾਂ।
ਪੈਸੇ ਦੇ ਲਾਲਚ ਚ ਅੱਜ ਕੱਲ ਨੌਜਵਾਨੀ ਸ਼ੋਸ਼ਲ ਮੀਡੀਆ ਪਿੱਛੇ ਪਾਗਲ ਹੋਈ ਫਿਰਦੀ ਹੈ।ਹਰ ਕੋਈ ਰੀਲ ਬਣਾ ਕੇ ਯੂ ਟਿਊਬ ਤੇ ਅਪਲੋਡ ਕਰੀ ਜਾ ਰਿਹਾ ਹੈ।ਬਹੁਤ ਵਾਰੀ ਸ਼ੋਸ਼ਲ ਮੀਡੀਆ ਉੱਤੇ ਹਲਕੀ ਕਿਸਮ ਦੀ ਜਾਣਕਾਰੀ ਵੀ ਵੇਖਣ ਨੂੰ ਮਿਲਦੀ ਹੈ ਜੋ ਸਮਾਜ ਲਈ ਲਾਹੇਵੰਦ ਹੋਣ ਦੀ ਥਾਂ ਨੁਕਸਾਨਦਾਇਕ ਹੁੰਦੀ ਹੈ।
ਨਿੱਜੀ ਜਾਣਕਾਰੀ ਸਾਂਝੀ ਨਾ ਕਰੋ
————————————-
ਕੀ ਅਸੀ ਕਦੇ ਇਹ ਵੀ ਸੋਚਿਆ ਹੈ ਕਿ ਸ਼ੋਸ਼ਲ ਮੀਡੀਆ ਤੇ ਪਰੋਸਿਆ ਜਾ ਰਿਹਾ ਮੈਟਰ ਸਾਡੇ ਸਮਾਜ ਵਾਸਤੇ ਘਾਤਕ ਸਾਬਤ ਹੋ ਸਕਦਾ ਹੈ।ਜਿਸ ਤਰਾਂ ਅੱਜਕਲ ਲੋਕ ਆਪਣੀ ਗੁਪਤਤਾ (ਸੀਕਰੇਸੀ )ਨੂੰ ਸ਼ੋਸ਼ਲ ਮੀਡੀਆ ਫੇਸ ਬੁੱਕ ਵਗੈਰਾ ਤੇ ਅਪਲੋਡ ਕਰਕੇ ਓਪਨ ਕਰ ਰਹੇ ਹਨ।ਉਹ ਕੋਈ ਸਿਆਣਪ ਤੇ ਸਮਝਦਾਰੀ ਵਲੀ ਗੱਲ ਨਹੀਂ ਹੈ। ਕਿਉਂਕਿ ਇਸ ਦਾ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਹੈ।ਤੁਸੀਂ ਕਿੱਥੇ ਹੋ ? ਕੀ ਕਰ ਰਹੇ ਹੋ ? ਕਿਸ ਨਾਲ ਹੋ ? ਅਜਿਹੀ ਜਾਣਕਾਰੀ ਸਾਂਝੀ ਕਰਨ ਦੇ ਸਿੱਟੇ ਵੱਜੋਂ ਤੁਹਾਡੇ ਘਰ ਚੋਰੀ ਹੋ ਸਕਦੀ ਹੈ।ਤੁਹਾਡਾ ਦੁਸ਼ਮਣ ਤੁਹਾਨੂੰ ਜਾਨੀ ਤੇ ਮਾਲੀ ਨੁਕਸਾਨ ਪਹੁੰਚਾ ਸਕਦਾ ਹੈ।ਕਿਉਂਕਿ ਸ਼ੋਸ਼ਲ ਮੀਡੀਆ ਦੇ ਜਰੀਏ ਤੁਹਾਡੇ ਵੱਲੋਂ ਦਰਸਾਈ ਤੁਹਾਡੀ ਲੋਕੇਸ਼ਨ ਤੁਹਾਡੇ ਲਈ ਮਾਰੂ ਸਿੱਧ ਹੋ ਸਕਦੀ ਹੈ।ਇਸ ਲਈ ਆਪਣੀ ਨਿੱਜੀ ਜਿੰਦਗੀ ਜਾਂ ਪਰਵਾਰਕ ਜੀਵਨ ਬਾਰੇ ਕਦੇ ਕੋਈ ਅਜਿਹੀ ਜਾਣਕਾਰੀ ਸਾਂਝੀ ਨਾ ਕਰੋ ਜੋ ਤੁਹਾਡੇ ਲਈ ਨੁਕਸਾਨਦਾਇਕ ਸਾਬਤ ਹੋਵੇ।
ਮਾੜਾ ਪੱਖ
———————————
ਅਕਸਰ ਇਹ ਵੇਖਿਆ ਗਿਆ ਹੈ ਕਿ ਬਹੁਤ ਸਾਰੇ ਲੋਕ ਸ਼ੋਸ਼ਲ ਮੀਡੀਆ ਤੇ ਲਾਈਵ ਹੋ ਕੇ ਗਾਲੀ ਗਲੋਚ ਵੀ ਕਰਦੇ ਹਨ ਜਾਂ ਕਿਸੇ ਨੂੰ ਡਰਾਉਂਦੇ ਧਮਕਾਉਂਦੇ ਹਨ ਜਾਂ ਫਿਰ ਇਮੋਸ਼ਨਲ ਬਲੈਕ ਮੇਲਿੰਗ ਕਰਨ ਤੇ ਉੱਤਰ ਆਉਂਦੇ ਹਨ,ਜੋ ਸਰਾਸਰ ਗਲਤ ਹੁੰਦਾ ਹੈ।ਇਹ ਸ਼ੋਸ਼ਲ ਮੀਡੀਆ ਦਾ ਨੁਕਸਾਨਦਾਇਕ ਪੱਖ ਹੈ ਜਿਸ ਤੋਂ ਹਮੇਸ਼ਾਂ ਬਚ ਕੇ ਚੱਲੋ।ਫਿਰ ਕਿਸੇ ਦੇ ਭੇਦ ਨੂੰ ਸ਼ੋਸ਼ਲ ਮੀਡੀਆ ਤੇ ਖੋਲ੍ਹਣ ਦੀ ਧਮਕੀ ਦੇ ਕੇ ਬਲੈਕਮੇਲਿੰਗ ਦਾ ਟਰੇਂਡ ਵੀ ਅੱਜ ਕੱਲ ਚੋਖਾ ਚੱਲ ਰਿਹਾ ਹੈ।ਡਿਜਟਿਲ ਅਰੈਸਟ ਤੇ ਸਾਈਬਰ ਕ੍ਰਾਈਮ ਵਰਗੀਆਂ ਵਾਰਦਾਤਾਂ ਵੀ ਸ਼ੋਸ਼ਲ ਮੀਡੀਆ ਦਾ ਸਭ ਤੋ ਵੱਡਾ ਨੁਕਸਾਨ ਕਰਨ ਵਾਲਾ ਪੱਖ ਹੈ।ਜਿਸ ਨਾਲ ਅਨੇਕਾਂ ਲੋਕਾਂ ਦੀ ਜਾਨ ਤੱਕ ਚਲੀ ਗਈ ਹੈ ਤੇ ਇਸ ਨਾਲ ਬਹੁਤ ਸਾਰੇ ਲੋਕ ਕਰੋੜਾਂ ਅਰਬਾਂ ਰੁਪਿਆਂ ਦੀ ਠੱਗੀ ਦਾ ਵੀ ਸ਼ਿਕਾਰ ਹੋਏ ਹਨ।
ਬੇਲੋੜੀ ਵਰਤੋਂ
———————————-
ਸਭ ਤੋ ਜਿਆਦਾ ਜੋ ਵੇਖਿਆ ਗਿਆ ਹੈ ਬਹੁਤੇ ਲੋਕ ਸਵੇਰੇ ਉਠਦੇ ਸਾਰ ਇਕ ਨਹੀਂ ਦੋ ਨਹੀਂ ਬਲਕੇ ਚਾਰ ਚਾਰ ਪੰਜ ਪੰਜ ਮੈਸੇਜ ਗੁੱਡ ਮੋਰਨਿੰਗ ਦੇ ਹੀ ਭੇਜੀ ਜਾਣਗੇ। ਜੋ ਵਿਅਰਥ ਤੇ ਬੇਤੁਕਾ ਕਹਿ ਸਕਦੇ ਹਾਂ।ਪੁੱਛਣ ਵਾਲਾ ਹੋਵੇ ਕਿ ਇੰਨਾ ਮੈਸੇਜ ਦਾ ਕੀ ਫਾਇਦਾ ? ਫਿਰ ਕੁਝ ਲੋਕਾਂ ਵੱਲੋਂ ਇਕ ਦੂਜੇ ਨਾਲ ਕਿਸੇ ਵਿਸ਼ੇ ਜਾ ਟੌਪਿਕ ਨੂੰ ਲੈ ਕੇ ਸ਼ੋਸ਼ਲ ਮੀਡੀਆ ਤੇ ਕੀਤੀ ਜਾਂਦੀ ਬੇਲੋੜੀ ਬਹਿਸਬਾਜ਼ੀ ਕਈ ਤਰਾਂ ਦੇ ਵਿਵਾਦ ਖੜੇ ਕਰਦੀ ਹੈ ਜੋ ਸਾਡੇ ਰਿਸ਼ਤਿਆਂ ਚ ਫਿੱਕ ਪਾਉਂਦੀ ਹੈ।ਕਈ ਵਾਰ ਸ਼ੋਸ਼ਲ ਮੀਡੀਆ ਉੱਤੇ ਕੀਤੀ ਅਜਿਹੀ ਬਹਿਸ ਦੌਰਾਨ ਨੌਬਤ ਇਥੋਂ ਤੱਕ ਆ ਜਾਂਦੀ ਹੈ ਜੋ ਸਾਡੇ ਕਿਰਦਾਰ ਤੱਕ ਨੂੰ ਪੁੱਠਾ ਗੇੜ ਦੇ ਦਿੰਦੀ ਹੈ।ਕਈ ਵਾਰ ਇਹ ਸ਼ੋਸ਼ਲ ਮੀਡੀਆ ਕਿਸੇ ਚੰਗੀ ਸ਼ਖਸ਼ੀਅਤ ਤੱਕ ਦੀ ਦਿੱਖ ਵਿਗਾੜ ਦਿੰਦਾ ਹੈ।ਜੋ ਸਰਾਸਰ ਗਲਤ ਹੈ।ਅਗਲੀ ਗੱਲ ਸ਼ੋਸ਼ਲ ਮੀਡੀਆ ਨਾਲ ਸਮੇਂ ਦੀ ਬਰਬਾਦੀ ਤਾਂ ਹੁੰਦੀ ਹੀ ਹੁੰਦੀ ਹੈ ਨਾਲ ਹੀ ਆਰਥਕ ਨੁਕਸਾਨ ਵੀ ਹੁੰਦਾ ਹੈ।
ਚੰਗਾ ਪੱਖ
——————-———-
ਹਾਂ ਸ਼ੋਸ਼ਲ ਮੀਡੀਆ ਦੇ ਕੁਝ ਪੱਖ ਚੰਗੇ ਵੀ ਹਨ ਜਿਨਾਂ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ।ਜਿਵੇਂ ਤੁਸੀਂ ਕੋਈ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਸ਼ੋਸ਼ਲ ਮੀਡੀਆ ਦੁਆਰਾ ਤੁਸੀਂ ਜਲਦੀ ਤੇ ਸਸਤੇ ਚ ਸਾਂਝੀ ਕਰ ਸਕਦੇ ਹੋ।ਉਸ ਵਕਤ ਤੁਸੀਂ ਭਾਵੇ ਸਫ਼ਰ ਕਰ ਰਹੇ ਹੋ ਜਾਂ ਫਿਰ ਕਿਤੇ ਹੋਰ ਬੈਠੇ ਹੋ।ਸਾਂਝੀ ਕੀਤੀ ਜਾਣ ਵਾਲੀ ਉਹ ਜਾਣਕਾਰੀ ਕਾਰੋਬਾਰ ਜਾਂ ਹੋਰ ਸਬੰਧ ਚ ਹੋ ਸਕਦੀ ਹੈ।ਸ਼ੋਸ਼ਲ ਮੀਡੀਆ ਉੱਤੇ ਤੁਸੀਂ ਆਪਣੇ ਚੰਗੇ ਉਸਾਰੂ ਵਿਚਾਰ ਜਾਂ ਕੋਈ ਰਾਏ ਵੀ ਸਾਂਝੀ ਕਰ ਸਕਦੇ ਹੋ ।ਸ਼ੋਸ਼ਲ ਮੀਡੀਆ ਜਰੀਏ ਤੁਸੀਂ ਘਰ ਦੇ ਪਰਵਾਰਕ ਮੈਂਬਰਾਂ ਤੇ ਦੁਨੀਆ ਨਾਲ ਪਲ ਪਲ ਜੁੜੇ ਰਹਿ ਸਕਦੇ ਹੋ।ਜੋ ਸ਼ੋਸ਼ਲ ਮੀਡੀਆ ਦਾ ਚੰਗਾ ਪੱਖ ਹੈ।
ਕਾਨੂੰਨੀ ਪੱਖ
————————-
ਭਾਰਤ ਚ ਸ਼ੋਸ਼ਲ ਮੀਡੀਆ ਬਾਰੇ ਕਾਨੂੰਨ ਵੀ ਹੈ ਜਿਵੇਂ ਪਹਿਲਾ, ਕਿਸੇ ਵਿਰੁੱਧ ਅਪਮਾਨਜਨਕ ਟਿੱਪਣੀ ਜਾਂ ਸਮੱਗਰੀ ਪੋਸਟ ਕਰਨਾ ਸੂਚਨਾ ਤਕਨਾਲੋਜੀ ਐਕਟ ਦੇ ਅਧੀਨ 66-ਏ ਜ਼ੁਰਮ ਹੈ ਜਿਸਦੀ ਸਜ਼ਾ ਤਿੰਨ ਸਾਲ ਹੈ।ਦੂਜਾ ਅਜਿਹੀ ਕਿਸੇ ਪੋਸਟ ਨੂੰ ਪਸੰਦ ਕਰਨਾ ਜਾਂ ਅਜਿਹੀ ਟਿੱਪਣੀ ਨੂੰ ਸਾਂਝਾ ਕਰਨਾ ਕਾਨੂੰਨੀ ਅਪਰਾਧ ਹੈ।ਤੀਜਾ ਮਾਣਹਾਨੀ ਵਲੀ ਸਮੱਗਰੀ ਜਾਂ ਟਿੱਪਣੀਆਂ ਪੋਸਟ ਕਰਨ ਨਾਲ ਭਾਰਤੀ ਦੰਡ ਸੰਘਤਾ ਦੀ ਧਾਰਾ 499ਦੇ ਅਧੀਨ ਅਪਰਾਧਿਕ ਮਾਣਹਾਨੀ ਦਾ ਕੇਸ ਬਣਦਾ ਹੈ।ਚੌਥਾ, ਭਾਰਤੀ ਦੰਡ ਸੰਘਤਾ ਦੀਆਂ ਧਾਰਾਵਾਂ 292,293,294 ਅਧੀਨ ਅਸ਼ਲੀਲ ਸਮੱਗਰੀ ਭੇਜਣੀ ਜਾਂ ਵੇਚਣੀ ਕਾਨੂੰਨੀ ਅਪਰਾਧ ਹੈ। ਪੰਜਵਾਂ,ਗੁਪਤ ਸੂਚਨਾਵਾਂ ਸਰਕਾਰੀ ਦਸਤਾਵੇਜ਼ ਵਰਜਿਤ ਸਥਾਨ ਦੀਆਂ ਤਸਵੀਰਾਂ ਪੋਸਟ ਕਰਨਾ ਅਧਿਕਾਰਤ ਸੀਕ੍ਰੇਟਸ ਐਕਟ ਦੇ ਤਹਿਤ ਉਲੰਘਣ ਹੈ ਅਤੇ ਸਜ਼ਾਯੋਗ ਹੈ।ਛੇਵਾ, ਕਾਪੀ ਕੀਤੀ ਸਮੱਗਰੀ ਨੂੰ ਵੈੱਬਸਾਈਟ ਤੇ ਪੋਸਟ ਕਰਨਾ ਕਾਪੀ ਰਾਈਟ ਤਹਿਤ ਅਪਰਾਧ ਹੈ।ਆਈਟੀ ਐਕਟ ਦੀ ਧਾਰਾ 66ਏ ਭਾਰਤ ਵਿਚ ਸ਼ਿਸਲ ਮੀਡੀਆ ਕਾਨੂੰਨ ਨੂੰ ਕੰਟਰੋਲ ਕਰਨ ਲੈ ਲਾਗੂ ਕੀਤੀ ਗਈ ਹੈ ਅਤੇ ਬਹੁਤ ਮਹੱਤਵਪੂਰਨ ਹੈ ਕਿਉਂਕੀ ਇਹ ਭਾਰਤ ਵਿਚ ਸ਼ੋਸ਼ਲ ਮੀਡੀਆ ਕਾਨੂੰਨ ਨਾਲ ਸੰਬਧਤ ਸਾਰੇ ਕਨੋਨੀ ਮੁੱਦਿਆਂ ਨੂੰ ਕੰਟਰੋਲ ਕਰਦੀ ਹੈ।ਇਹ ਸੈਕਸ਼ਨ ਸ਼ਪਸ਼ਟ ਤੌਰ ਤੇ ਪ੍ਰਸਾਰਣ ,ਮੈਸੇਜਜ ਦੀ ਪੋਸਟਿੰਗ,ਈਮੇਲ, ਟਿੱਪਣੀਆਂ ਨੂੰ ਪ੍ਰਤਿਬੰਧਿਤ ਕਰਦਾ ਹੈ ਜੋ ਅਪਮਾਨਜਨਕ ਜਾਂ ਗੈਰ ਵਾਜਿਬ ਹੋ ਸਕਦੀਆਂ ਹਨ।ਭਾਰਤ ਚ ਆਈਟੀ ਐਕਟ ਸ਼ਿਸਲ ਮੀਡੀਆ ਦੀ ਦੁਰਵਰਤੋਂ ਨੂੰ ਰੋਕਣ ਲੈ ਇੱਕੋ ਇੱਕ ਕਾਨੂੰਨ ਹੈ।ਪਰ ਇਸ ਕਾਨੂੰਨ ਚ ਬਹੁਤ ਸਾਰੀਆਂ ਘਾਟਾਂ ਹਨ।ਉਦਾਹਰਣ ਵਜੋਂ ਕੋਈ ਖ਼ਬਰ ਭਾਰਤ ਦੀ ਸੀਮਾ ਤੋਂ ਬਾਹਰ ਤੋਂ ਆਉਂਦੀ ਹੈ ਤਾਂ ਉਸ ਉੱਤੇ ਇਸ ਕਾਨੂੰਨ ਉੱਤੇ ਇਸ ਕਨੋਕਣ ਅਨੁਸਾਰ ਕਾਰਵਾਈ ਨਹੀਂ ਹੋ ਸਕਦੀ।ਉਕਤ ਕਾਨੂੰਨ ਦੇ ਬਾਵਜੂਦ ਸ਼ੋਸ਼ਲ ਮੀਡੀਆ ਉੱਤੇ ਝੂਠੀ ਤੇ ਗਲਤ ਜਾਣਕਾਰੀ ਦਾ ਸਿਲਸਲਾ ਪੂਰੀ ਤਰਾਂ ਰੁਕ ਨਹੀਂ ਰਿਹਾ।ਜੋ ਬੇਹੱਦ ਖਤਰਨਾਕ ਹੈ। ਜਿਸ ਨੂੰ ਰੋਕਿਆ ਜਾਣਾ ਕਾਜ਼ਮੀ ਹੈ। ਜਿਸ ਲਈ ਕਾਨੂੰਨ ਵਿਚਲੀਆਂ ਖ਼ਾਮੀਆਂ ਨੂੰ ਦੂਰ ਕਰਕੇ ਜਿੱਥੇ ਸੋਧ ਕੀਤੇ ਜਾਣ ਦੀ ਜਰੂਰਤ ਹੈ ਉਥੇ ਸ਼ੋਸ਼ਲ ਮੀਡੀਆ ਉੱਤੇ ਕੁੱਝ ਪੋਸਟਾਂ ਪੋਸਟ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਪ੍ਰਮਾਣਤਾ ਨੂੰ ਵੀ ਜਰੂਰੀ ਬਣਾਉਣ ਦੀ ਜਰੂਰਤ ਹੈ।
ਇਸ ਤਰਾਂ ਸ਼ੋਸ਼ਲ ਮੀਡੀਆ ਦੋ ਧਾਰੀ ਤਲਵਾਰ ਵਾਂਗ ਹੈ।ਜਿਸਦਾ ਇੱਕ ਪੱਖ ਚੰਗਾ ਹੈ ਤੇ ਦੂਜਾ ਮਾੜਾ।ਇਸ ਲਈ ਇਸ ਦੀ ਪ੍ਰਮਾਣਤਾ ਲਈ ਨਿਯਮਾਂ ਦਾ ਤਹਿ ਹੋਣਾ ਜਰੂਰੀ ਹੈ ਤਾਂ ਕੇ ਗਲਤ ਤੇ ਝੂਠੀ ਜਾਣਕਾਰੀ ਨੂੰ ਪੋਸਟ ਹੋਣ ਤੋਂ ਰੋਕਿਆ ਜਾ ਸਕੇ ਅਤੇ ਸ਼ੋਸ਼ਲ ਮੀਡੀਏ ਦੇ ਮਾੜੇ ਪ੍ਰਭਾਵਾਂ ਤੋ ਬਚਿਆ ਜਾ ਸਕੇ ।ਇਸ ਤਰਾਂ ਅਸੀ ਸ਼ੋਸ਼ਲ ਮੀਡੀਆ ਦਾ ਸਹੀ ਫਾਇਦਾ ਲੈ ਸਕਦੇ ਹਾਂ ।
ਅਜੀਤ ਖੰਨਾ ( ਲੈਕਚਰਾਰ )
ਮੋਬਾਈਲ:76967-546669

-
ਅਜੀਤ ਖੰਨਾ ( ਲੈਕਚਰਾਰ ), ( ਲੈਕਚਰਾਰ )
khannaajitsingh@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.