ਬਲੈਕ ਬੋਰਡਾਂ ਤੋਂ ਸੱਤਾ ਦੇ ਗਲਿਆਰਿਆਂ ਤੱਕ: ਪੰਜਾਬ ਨੇ ਸਰਕਾਰੀ ਸਕੂਲਾਂ ਦੇ ਟਾਪਰਾਂ ਨੂੰ ਵੱਡੇ ਸੁਪਨੇ ਲੈਣ ਅਤੇ ਅਗਵਾਈ ਕਰਨ ਦੇ ਸਮਰੱਥ ਬਣਾਇਆ
• ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਵਿਲੱਖਣ ਪਹਿਲਕਦਮੀ “ਇੱਕ ਦਿਨ, ਡੀ.ਸੀ./ਐਸ.ਐਸ.ਪੀ. ਦੇ ਸੰਗ” ਦੀ ਸ਼ੁਰੂਆਤ
ਚੰਡੀਗੜ੍ਹ, 21 ਮਈ 2025 - ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਐਲਾਨ ਕੀਤਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਅਕਾਦਮਿਕ ਖੇਤਰ ਵਿੱਚ ਮਾਰੀਆਂ ਮੱਲਾਂ ਦਾ ਜਸ਼ਨ ਮਨਾਉਣ ਅਤੇ ਉਨ੍ਹਾਂ ਵਿੱਚ ਲੀਡਰਸ਼ਿਪ ਦੇ ਗੁਣ ਪੈਦਾ ਕਰਨ ਲਈ ਅਹਿਮ ਕਦਮ ਚੁੱਕਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਿਵੇਕਲੀ ਪਹਿਲਕਦਮੀ "ਇੱਕ ਦਿਨ, ਡੀ.ਸੀ./ਐਸ.ਐਸ.ਪੀ. ਦੇ ਸੰਗ" ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਇਨ੍ਹਾਂ ਹੋਣਹਾਰ ਨੌਜਵਾਨਾਂ ਨੂੰ ਅਸਲ ਪ੍ਰਸ਼ਾਸਨਿਕ ਕੰਮਕਾਜਾਂ, ਅਨੁਸ਼ਾਸਨ ਅਤੇ ਜਨਤਕ ਸੇਵਾ ਸਬੰਧੀ ਅਰਥਪੂਰਨ ਸੂਝ ਪ੍ਰਦਾਨ ਕੀਤੀ ਜਾ ਸਕੇ।
ਇਸ ਪਹਿਲਕਦਮੀ ਬਾਰੇ ਜਾਣਕਾਰੀ ਦਿੰਦਿਆਂ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ "ਇੱਕ ਦਿਨ, ਡੀ.ਸੀ./ਐਸ.ਐਸ.ਪੀ. ਦੇ ਸੰਗ" ਪਹਿਲਕਦਮੀ ਤਹਿਤ ਹਰ ਜ਼ਿਲ੍ਹੇ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ 3-3 (ਕੁੱਲ 6) ਟਾਪਰ ਵਿਦਿਆਰਥੀਆਂ ਆਪਣੇ ਜ਼ਿਲ੍ਹੇ ਦੇ ਸਬੰਧਤ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੂੰ ਮਿਲਣਗੇ। ਉਨ੍ਹਾਂ ਦੱਸਿਆ ਕਿ ਇਹ ਤਜਰਬਾ ਵਿਦਿਆਰਥੀਆਂ ਨੂੰ ਪ੍ਰਸ਼ਾਸਨ ਅਤੇ ਕਾਨੂੰਨ ਲਾਗੂਕਰਨ ਵਿੱਚ ਨਿਭਾਈਆਂ ਜਾਂਦੀਆਂ ਲੀਡਰਸ਼ਿਪ ਭੂਮਿਕਾਵਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਸਮਰਪਿਤ ਭਾਵਨਾ, ਸਖ਼ਤ ਮਿਹਨਤ ਅਤੇ ਜ਼ਿੰਮੇਵਾਰੀ ਦਾ ਸਿੱਧਾ ਅਨੁਭਵ ਦੇਵੇਗਾ, ਜਿਸ ਨਾਲ ਉਨ੍ਹਾਂ ਨੂੰ ਜਨਤਕ ਸੇਵਾ ਅਤੇ ਸ਼ਾਸਨ ਵਿੱਚ ਵੱਡਮੁੱਲੀ ਸੂਝ ਮਿਲੇਗੀ।
ਸਿੱਖਿਆ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਕਦਮ ਦਾ ਮੁੱਖ ਉਦੇਸ਼ ਹੋਣਹਾਰ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨਾ ਅਤੇ ਸਮਰੱਥ ਬਣਾਉਣਾ ਹੈ ਤਾਂ ਜੋ ਉਨ੍ਹਾਂ ਅੰਦਰ ਕੁਝ ਕਰ-ਗੁਜ਼ਰਨ ਅਤੇ ਉਦੇਸ਼ ਪ੍ਰਾਪਤੀ ਦੀ ਚਿਣਗ ਜਾਗੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਕਾਰਗੁਜ਼ਾਰੀ ਅਤੇ ਲੀਡਰਸ਼ਿਪ ਦੀ ਦੁਨੀਆ ਵਿੱਚ ਆਪਣੇ ਆਪ ਨੂੰ ਸ਼ਾਮਲ ਕਰਕੇ ਇਹ ਨੌਜਵਾਨ ਪ੍ਰਸ਼ਾਸਨ ਕੰਮਕਾਜ, ਲੋਕ ਸੇਵਾ ਅਤੇ ਸਮਾਜ ਨੂੰ ਨਵਾਂ ਰੂਪ ਦੇਣ ਵਿੱਚ ਲੀਡਰਸ਼ਿਪ ਦੀ ਭੂਮਿਕਾ ਦੇ ਮਹੱਤਵ ਨੂੰ ਸਮਝਣਗੇ।
ਸ. ਹਰਜੋਤ ਸਿੰਘ ਬੈਂਸ ਨੇ ਕਿਹਾ, "ਅਸੀਂ ਆਪਣੇ ਵਿਦਿਆਰਥੀਆਂ ਨੂੰ ਤਜਰਬੇਕਾਰ ਆਗੂਆਂ ਤੋਂ ਕੁਝ ਨਵਾਂ ਸਿੱਖਣ ਲਈ ਇੱਕ ਪਲੇਟਫਾਰਮ ਪ੍ਰਦਾਨ ਕਰ ਰਹੇ ਹਾਂ ਜੋ ਉਨ੍ਹਾਂ ਨੂੰ ਲੋਕ ਸੇਵਾ ਵਿੱਚ ਆਪਣੇ ਕਰੀਅਰ ਦੀ ਪੜਚੋਲ ਕਰਨ ਲਈ ਪ੍ਰੇਰਿਤ ਕਰੇਗਾ ਅਤੇ ਜ਼ਿੰਮੇਵਾਰੀ ਅਤੇ ਨਾਗਰਿਕ ਸ਼ਮੂਲੀਅਤ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਸਮੇਤ ਵੱਡੇ ਸੁਪਨੇ ਲੈਣ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਮੁਹਾਰਤ ਪ੍ਰਾਪਤ ਕਰਨ ਵਾਸਤੇ ਉਤਸ਼ਾਹਿਤ ਕਰੇਗਾ।" ਉਨ੍ਹਾਂ ਕਿਹਾ ਕਿ ਜਿਵੇਂ ਹੀ ਇਹ ਵਿਦਿਆਰਥੀ ਇਸ ਵਿਲੱਖਣ ਸਫਰ ਦਾ ਤਜਰਬਾ ਲੈਣਗੇ, ਉਹ ਇਸ ਤੋਂ ਸਿੱਖਣ, ਆਪਣੀ ਸਖਸ਼ੀਅਤ ਦਾ ਵਿਕਾਸ ਕਰਨ ਸਮੇਤ ਅਧਿਕਾਰੀਆਂ ਤੋਂ ਮਾਰਗਦਰਸ਼ਨ ਲੈਂਦਿਆਂ ਇਸ ਦਾ ਪੂਰਾ ਆਨੰਦ ਮਾਣਨਗੇ।
ਉਨ੍ਹਾਂ ਕਿਹਾ ਕਿ ਉਚੇਚੇ ਢੰਗ ਨਾਲ ਤਿਆਰ ਕੀਤੇ ਗਏ ਇਸ ਪ੍ਰੋਗਰਾਮ ਤਹਿਤ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਸ਼ਾਮਲ ਹੋਣਗੀਆਂ, ਜਿਹਨਾਂ ਵਿੱਚ ਸ਼ਿਕਾਇਤ ਨਿਵਾਰਣ ਸੈਸ਼ਨ, ਸਾਈਬਰ ਸੈੱਲ ਸੰਚਾਲਨ, ਯੋਜਨਾਬੰਦੀ ਮੀਟਿੰਗਾਂ, ਵਿਕਾਸ ਪ੍ਰੋਜੈਕਟਾਂ ਲਈ ਖੇਤਰੀ ਦੌਰੇ ਅਤੇ ਹੋਰ ਸੰਬੰਧਿਤ ਰੁਝੇਵਿਆਂ ਵਰਗੀਆਂ ਅਸਲ ਪ੍ਰਸ਼ਾਸਨਿਕ ਅਤੇ ਪੁਲਿਸਿੰਗ ਗਤੀਵਿਧੀਆਂ ਤੋਂ ਸੇਧ ਲੈਣਾ ਸ਼ਾਮਲ ਹੋਵੇਗਾ। ਇਸ ਤੋਂ ਇਲਾਵਾ ਵਿਦਿਆਰਥੀ ਅਧਿਕਾਰੀਆਂ ਨਾਲ ਦੁਪਹਿਰ ਦੇ ਖਾਣੇ ਦਾ ਵੀ ਆਨੰਦ ਮਾਨਣਗੇ, ਜੋ ਵਿਦਿਆਰਥੀਆਂ ਨੂੰ ਅਧਿਕਾਰੀਆਂ ਨਾਲ ਆਪਣੀਆਂ ਦਿਲੀ ਇੱਛਾਵਾਂ ਸਾਂਝੀਆਂ ਕਰਨ ਅਤੇ ਕਰੀਅਰ ਮਾਰਗਦਰਸ਼ਨ ਪ੍ਰਾਪਤ ਕਰਨ ਲਈ ਇੱਕ ਖੁੱਲ੍ਹਾ ਪਲੇਟਫਾਰਮ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦੇ ਅੰਤ ਵਿੱਚ, ਵਿਦਿਆਰਥੀਆਂ ਨੂੰ ਭਾਗੀਦਾਰੀ ਦਾ ਸਰਟੀਫਿਕੇਟ, ਇੱਕ ਪ੍ਰੇਰਣਾਦਾਇਕ ਕਿਤਾਬ ਜਾਂ ਡਾਇਰੀ ਅਤੇ ਅਧਿਕਾਰੀ ਨਾਲ ਸਾਂਝੀ ਫੋਟੋ ਵੀ ਮਾਣ-ਸਨਮਾਨ ਦਿੱਤੀ ਜਾਵੇਗੀ। ਇਸੇ ਤਰ੍ਹਾਂ ਵਿਦਿਆਰਥੀਆਂ ਵੱਲੋਂ ਪ੍ਰਾਪਤ ਕੀਤੇ ਤਜ਼ਰਬਿਆਂ ਬਾਰੇ ਜਾਣਨ ਲਈ ਇੱਕ ਵਿਸਥਾਰਤ ਫੀਡਬੈਕ ਅਤੇ ਸਲਾਹ ਸੈਸ਼ਨ ਵੀ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਪਹਿਲਕਦਮੀ ਦੇ ਤਜ਼ਰਬਿਆਂ ਨੂੰ ਦਸਤਾਵੇਜ਼ੀ ਰੂਪ ਦੇਣ ਲਈ ਹਰ ਜ਼ਿਲ੍ਹੇ ਦੇ ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਦੇ ਵਿਚਾਰਾਂ ਨਾਲ ਲੈਸ ਇੱਕ ਲਿਖਤੀ ਨੋਟ ਤਿਆਰ ਕੀਤਾ ਜਾਵੇਗਾ, ਜਿਸ ਨੂੰ ਅੱਗੇ "ਜ਼ਿਲ੍ਹਾ ਮੈਰਿਟ ਬੁੱਕਲੇਟ" ਵਜੋਂ ਤਿਆਰ ਕੀਤਾ ਜਾਵੇਗਾ। ਸਕੂਲ ਵੱਲੋਂ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਤਜ਼ਰਬੇ ਸਾਥੀ ਵਿਦਿਆਰਥੀਆਂ ਨਾਲ ਸਾਂਝੇ ਕਰਨ ਲਈ ਵੀ ਸੱਦਾ ਦਿੱਤਾ ਜਾਵੇਗਾ ਤਾਂ ਜੋ ਬਾਕੀ ਵਿਦਿਆਰਥੀਆਂ ਵਿੱਚ ਇੱਛਾਵਾਂ ਪੈਦਾ ਕਰਨ ਸਮੇਤ ਕੁਝ ਕਰ-ਗੁਜ਼ਰਨ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
ਸ. ਬੈਂਸ ਨੇ ਵਿਦਿਆਰਥੀਆਂ ਵੱਲੋਂ ਡੂੰਘੀ ਸੂਝ ਅਤੇ ਪ੍ਰੇਰਨਾਦਾਇਕ ਮਾਰਗਦਰਸ਼ਨ ਹਾਸਲ ਕਰਨ ਦੀ ਕਾਮਨਾ ਕਰਦਿਆਂ ਕਿਹਾ ਕਿ ਵਿਦਿਆਰਥੀ ਖੋਜ, ਸਖਸ਼ੀਅਤ ਵਿਕਾਸ ਅਤੇ ਪ੍ਰੇਰਨਾ ਨਾਲ ਭਰਪੂਰ ਇਸ ਦਿਨ ਦਾ ਵੱਧ ਤੋਂ ਵੱਧ ਲਾਹਾ ਲੈਣਗੇ ਅਤੇ ਇਹ ਦਿਨ ਉਨ੍ਹਾਂ ਦੇ ਜੀਵਨ 'ਤੇ ਇੱਕ ਅਮਿੱਟ ਛਾਪ ਛੱਡਦਿਆਂ ਇੱਕ ਆਗੂ ਵਜੋਂ ਉਭਰਨ ਲਈ ਉਨ੍ਹਾਂ ਦੇ ਭਵਿੱਖ ਨੂੰ ਆਕਾਰ ਦੇਵੇਗਾ।