ਟ੍ਰੰਪ ਤੇ ਸਪੀਕਰ ਜੌਨਸਨ ਦੀ ਅਗਵਾਈ ’ਚ ਪਾਸ ਹੋਇਆ ਵਿਵਾਦਤ ਬਿੱਲ, ਹੁਣ ਸੈਨੇਟ ’ਚ ਹੋਵੇਗੀ ਚਰਚਾ
ਗੁਰਿੰਦਰਜੀਤ ਨੀਟਾ ਮਾਛੀਕੇ
ਵਾਸ਼ਿੰਗਟਨ (ਅਮਰੀਕਾ), 22 ਮਈ 2025 - ਅਮਰੀਕਾ ਦੇ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਵਿੱਚ ਇਕ ਹੋਰ ਮਹੱਤਵਪੂਰਨ ਪੜਾਅ ਪਾਰ ਹੋ ਗਿਆ ਹੈ, ਜਦੋਂ ਵਿਵਾਦਤ ਬਿੱਲ ਨੂੰ ਹਾਊਸ ਵਿੱਚ ਪਾਸ ਕਰ ਲਿਆ ਗਿਆ। ਹਾਲਾਂਕਿ ਹੁਣ ਵੀ ਇਸ ਰਾਹ ਵਿੱਚ ਕਈ ਵੱਡੀਆਂ ਚੁਣੌਤੀਆਂ ਬਾਕੀ ਹਨ, ਕਿਉਂਕਿ ਇਹ ਬਿੱਲ ਹੁਣ ਸੈਨੇਟ ਵਿੱਚ ਜਾਵੇਗਾ, ਜਿੱਥੇ ਜੀ. ਓ. ਪੀ. (ਰਿਪਬਲਿਕਨ) ਮੈਂਬਰਾਂ ਨੇ ਇਸ ਵਿੱਚ ਸੋਧ ਲਿਆਂਦੇ ਜਾਣ ਦੇ ਸੰਕੇਤ ਦਿੱਤੇ ਹਨ।
ਇਹ ਬਿੱਲ ਰਾਸ਼ਟਰਪਤੀ ਡੋਨਾਲਡ ਟ੍ਰੰਪ ਅਤੇ ਹਾਊਸ ਸਪੀਕਰ ਮਾਈਕ ਜੌਨਸਨ ਲਈ ਇੱਕ ਵੱਡੀ ਅਗਾਊਂ ਪਰਖ ਸਾਬਤ ਹੋਇਆ। ਟ੍ਰੰਪ ਨੇ ਹਾਊਸ ਰਿਪਬਲਿਕਨ ਮੈਂਬਰਾਂ ਨੂੰ ਮਨਾਉਣ ਲਈ ਪੂਰੀ ਜਾਨ ਲਗਾ ਦਿੱਤੀ, ਤਾਂ ਜੋ ਇਹ ਬਿੱਲ ਪਾਸ ਕਰਵਾਇਆ ਜਾ ਸਕੇ।
ਬਿੱਲ ਦੀ ਮਨਜ਼ੂਰੀ ਲਈ ਰਿਪਬਲਿਕਨ ਨੇਤਾ ਇੱਕ ਨਾਜੁਕ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਕ ਪਾਸੇ ਕਟਰਪੰਥੀ ਹਾਰਡਲਾਈਨਰ ਹਨ, ਜਦਕਿ ਦੂਜੇ ਪਾਸੇ ਕੇਂਦਰੀ ਵਿਚਾਰਧਾਰਾ ਵਾਲੇ ਮੈਂਬਰ। ਸਪੀਕਰ ਜੌਨਸਨ ਦੀ ਬਹੁਮਤ ਬਹੁਤ ਹੀ ਨਾਜ਼ੁਕ ਹੈ, ਅਤੇ ਇਹ ਬਿੱਲ ਬੜੇ ਥੋੜੇ ਫਰਕ ਨਾਲ ਪਾਸ ਹੋਇਆ।
ਇਹ ਬਿੱਲ ਦੋ ਮੁੱਖ ਸੁਰੱਖਿਆ ਜਾਲੀ ਪ੍ਰੋਗਰਾਮਾਂ,ਮੈਡੀਕੇਡ ਅਤੇ ਫੂਡ ਸਟੈਂਪਸ, ਵਿੱਚ ਵੱਡੀ ਕਟੌਤੀ ਕਰਨ ਦੀ ਗੱਲ ਕਰਦਾ ਹੈ। ਇਸਦੇ ਨਾਲ ਹੀ ਇਹ 2017 ਵਿੱਚ ਪਾਸ ਕੀਤੇ ਗਏ ਜੀ. ਓ. ਪੀ. ਦੇ ਟੈਕਸ ਕਟੌਤੀ ਕਾਨੂੰਨ ਦੇ ਲੱਖਾਂ ਕਰੋੜਾਂ ਰੁਪਏ ਦੇ ਟੈਕਸ ਲਾਭ ਨੂੰ ਸਥਾਈ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਬਿੱਲ ਅਗਰ ਸੈਨੇਟ ਵਿੱਚੋਂ ਪਾਸ ਹੋਕੇ ਕਨੂੰਨ ਬਣਦਾ ਹੈ ਤਾਂ ਇਸ ਨਾਲ ਲੱਖਾਂ ਲੋਕ ਜੋ ਸਰਕਾਰੀ ਮੈਡੀਕਲ ਅਤੇ ਫੂਡ ਸਟੈਂਪਾਂ ਲੈਦੇ ਹਨ, ਉਹਨਾਂ ਤੇ ਵੱਡਾ ਅਸਰ ਪਾਵੇਗਾ। ਨਾਲ ਹੀ ਇਸ ਬਿੱਲ ਨਾਲ ਅਮੀਰ ਲੋਕਾਂ ਨੂੰ ਭਾਰੀ ਟੈਕਸ ਰਾਹਤ ਦੇਵੇਗਾ। ਇਸ ਬਿੱਲ ਨੂੰ ਲੈਕੇ ਕਾਫੀ ਖਿਚੋਤਾਣ ਚੱਲ ਰਹੀ ਸੀ।