Babushahi Special: ਯੁੱਧ ਨਸ਼ੇ ਵਿਰੁੱਧ: ਚਿੱਟਾ ਛੱਡਿਆ ਤਾਂ ਹੱਸੀਆਂ ਨੇ ਕੰਧਾਂ,ਘਰਾਂ ਵਿੱਚ ਲੱਗੇ ਪੈਣ ਭੰਗੜੇ
ਅਸ਼ੋਕ ਵਰਮਾ
ਬਠਿੰਡਾ, 21 ਮਈ2025:ਮਾਲਵੇ ਦੇ ਦਰਜਨਾਂ ਪ੍ਰੀਵਾਰਾਂ ਦੇ ਘਰਾਂ ਵਿੱਚ ਹੁਣ ਜ਼ਿੰਦਗੀ ਮਹਿਕਣ ਲੱਗੀ ਹੈ। ਕਿਸਾਨ ਤੇ ਦਲਿਤ ਘਰਾਂ ਵਿੱਚ ਹੁਣ ਹਾਸੇ ਰੁਮਕੇ ਹਨ। ਮਾਮਲਾ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ‘ਯੁੱਧ ਨਸ਼ਿਆਂ ਵਿਰੁੱਧ’ ਦੀ ਰੌਸ਼ਨੀ ਵਿੱਚ ਉਨ੍ਹਾਂ ਪ੍ਰੀਵਾਰਾਂ ਨਾਲ ਜੁੜਿਆ ਹੈ ਜਿੰਨ੍ਹਾਂ ਦੇ ਬੱਚਿਆਂ ਨੇ ਨਸ਼ਿਆਂ ਦੀ ਵਰ੍ਹਦੀ ਅੱਗ ਦੌਰਾਨ ਚਿੱਟੇ ਵਰਗਾ ਭਿਆਨਕ ਨਸ਼ਾ ਤਿਆਗਣ ਦੀ ਜੁਰਅਤ ਦਿਖਾਈ ਹੈ। ਦੁਖਦਾਈ ਪੱਖ ਹੈ ਕਿ ਇਹ ਉਹ ਪ੍ਰੀਵਾਰ ਹਨ ਜਿੰਨ੍ਹਾਂ ਦਾ ਨਸ਼ਿਆਂ ਕਾਰਨ ਭਾਂਡਾ ਠਿੱਕਰ ਤੱਕ ਵਿਕ ਗਿਆ ਸੀ। ਹਾਲਾਂਕਿ ਪਿਛੋਕੜ ’ਚ ਨਸ਼ੇ ਕਾਰਨ ਬਣੀ ਦਹਿਸ਼ਤ ਤਾਂ ਇੰਨ੍ਹਾਂ ਦੇ ਮਨਾਂ ਵਿੱਚੋਂ ਨਹੀਂ ਨਿਕਲੀ। ਇਸ ਦੇ ਬਾਵਜੂਦ ਨਸ਼ਾ ਛੱਡਣ ਕਰਕੇ ਘਰਾਂ ਦੇ ਹਾਲਾਤ ਜ਼ਰੂਰ ਬਦਲਣ ਲੱਗੇ ਹਨ। ਨਸ਼ਾ ਛੱਡਕੇ ਹੋਰਨਾਂ ਲਈ ਰਾਹ ਦਸੇਰਾ ਬਣਨ ਦੀ ਕੋਸ਼ਿਸ਼ ਕਰਨ ਵਾਲੇ ਇੰਨ੍ਹਾਂ ਨੌਜਵਾਨਾਂ ਦੀ ਸਮਾਜਿਕ ਕਾਰਨ ਕਰਕੇ ਸ਼ਿਨਾਖਤ ਗੁਪਤ ਰੱਖੀ ਗਈ ਹੈ।
ਇਹ ਨੌਜਵਾਨ ਹੁਣ ਮੁੱਖਧਾਰਾ ਵਿੱਚ ਪਰਤਣ ਮਗਰੋਂ ਸਮਾਜ ਅਤੇ ਆਪਣੇ ਪ੍ਰੀਵਾਰਾਂ ਲਈ ਉਹ ਸਭ ਕੁੱਝ ਹਾਸਲ ਕਰਨਾ ਚਾਹੁਦੇ ਹਨ ਜੋ ਉਨ੍ਹਾਂ ਕਾਰਨ ਹੀ ਗੁਆਚਿਆ ਹੈ। ਦੱਸਣਯੋਗ ਹੈ ਕਿ ਦੋ ਦਹਾਕਿਆਂ ਤੋਂ ਪੰਜਾਬ ਦੀ ਜੁਆਨੀ ਲਗਾਤਾਰ ਨਸ਼ਿਆਂ ਦੀ ਦਲਦਲ ’ਚ ਧਸਣ ਦੇ ਰਾਹ ਪਈ ਹੋਈ ਹੈ। ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਦੇ ਰਾਜ ਭਾਗ ਵਿੱਚ ਨਸ਼ਾ ਖਤਮ ਕਰਨ ਦੀ ਗੱਲ ਆਖੀ ਗਈ ਪਰ ਸੌਂਹ ਖਾਣ ਦੇ ਬਾਵਜੂਦ ਵੀ ਸਥਿਤੀ ਨੂੰ ਮੋੜਾ ਨਾਂ ਪਾਇਆ ਜਾ ਸਕਿਆ। ਸਾਲ 2022 ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਵੀ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ। ਭਾਵੇਂ ਕੁੱਝ ਦੇਰ ਨਾਲ ਹੀ ਸਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕੋਹੜ ਮੁਕਾਉਣ ਲਈ ‘ਯੁੱਧ ਨਸ਼ਿਆਂ ਵਿਰੁੱਧ’ ਸ਼ੁਰੂ ਕਰਕੇ ਹੁਣ ਨਸ਼ਾ ਤਸਕਰ ਦਬੋਚਣ , ਨਸ਼ੇੜੀਆਂ ਦਾ ਇਲਾਜ ਅਤੇ ਜਾਗਰੂਕਤਾ ਮੁਹਿੰਮ ਵਿੱਢੀ ਗਈ ਹੈ।
ਹੁਣ ਜਦੋਂ ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ ਲੜਾਈ ਇੱਕ ਤਰਾਂ ਨਾਲ ਜੰਗੀ ਪੱਧਰ ਤੇ ਚੱਲ ਰਹੀ ਹੈ ਤਾਂ ਇਸ ਸਬੰਧ ਵਿੱਚ ਮਾਲਵੇ ਨਾਲ ਸਬੰਧਤ ਕਈ ਪ੍ਰੀਵਾਰਾਂ ਦੇ ਜਦੋਂ ਪ੍ਰਤੀਕਰਮ ਜਾਣੇ ਤਾਂ ਇਸ ਦੇ ਨਤੀਜੇ ਹੈਰਾਨ ਕਰ ਦੇਣ ਵਾਲੇ ਸਨ। ਫਾਜ਼ਿਲਕਾ ਜਿਲ੍ਹੇ ਦੇ ਇੱਕ ਦਲਿਤ ਮਜ਼ਦੂਰ ਹਰਨਾਮ ਸਿੰਘ (ਬਦਲਿਆ ਨਾਮ ) ਨੇ ਦੱਸਿਆ ਕਿ ਉਹ ਦਿਹਾੜੀਆਂ ਕਰਦਾ ਹੈ। ਇਸ ਦੌਰਾਨ ਉਹ ਇੱਕ ਵਾਰ ਤੂੜੀ ਵਾਲੀ ਟਰਾਲੀ ਨਾਲ ਰਾਜਸਥਾਨ ਗਿਆ ਤਾਂ ਇੱਕ ਡਰਾਈਵਰ ਤੋਂ ਉਸ ਨੂੰ ਚਿੱਟੇ ਦੀ ਚਾਟ ਲੱਗ ਗਈ। ਉਸ ਨੇ ਦੱਸਿਆ ਕਿ ਨਸ਼ੇ ਨੇ ਨਾਂ ਕੇਵਲ ਮਜ਼ਦੂਰੀ ਚੱਟਣੀ ਸ਼ੁਰੂ ਕਰ ਦਿੱਤੀ ਬਲਕਿ ਇੱਕ ਇੱਕ ਕਰਕੇ ਘਰ ਦਾ ਸਾਰਾ ਸਮਾਨ ਤੱਕ ਵੇਚ ਦਿੱਤਾ। ਉਸ ਨੇ ਦੱਸਿਆ ਕਿ ਚਾਰ ਮਹੀਨੇ ਪਹਿਲਾਂ ਉਸ ਨੇ ਇੱਕ ਪੁਲਿਸ ਅਫਸਰ ਦੇ ਕਹਿਣ ਤੇ ਨਸ਼ਾ ਛੁਡਾਊ ਕੇਂਦਰ ਤੋਂ ਇਲਾਜ ਕਰਵਾਇਆ ਹੈ।
ਫਰੀਦਕੋਟ ਜਿਲ੍ਹੇ ਦੇ ਇੱਕ ਨੌਜਵਾਨ ਨੇ ਕਿਹਾ ਕਿ ਜਦੋਂ ਦਾ ਨਸ਼ਾ ਛੱਡਿਆ ਹੈ ਤਾਂ ਪ੍ਰੀਵਾਰ ਉਦੋਂ ਤੋਂ ਖੁਸ਼ ਰਹਿਣ ਲੱਗਿਆ ਹੈ ਅਤੇ ਕਲੇਸ਼ ਵੀ ਕਾਫੀ ਹੱਦ ਤੱਕ ਖਤਮ ਹੋ ਗਿਆ ਹੈ। ਨਸ਼ਾ ਛੁਡਾਊ ਕੇਂਦਰ ਤੋਂ ਇਲਾਜ ਕਰਵਾਉਣ ਵਾਲੇ ਇੱਕ ਕਿਸਾਨ ਪ੍ਰੀਵਾਰ ਦੇ ਮੁੰਡੇ ਬਲਦੇਵ ਸਿੰਘ (ਬਦਲਿਆ ਨਾਮ) ਨੇ ਦੱਸਿਆ ਕਿ ਨਸ਼ਾ ਛੱਡਣ ਮਗਰੋਂ ਵਿਆਹੁਤਾ ਅਤੇ ਪ੍ਰੀਵਾਰਕ ਜਿੰਦਗੀ ਦਾ ਅਸਲ ਰੰਗ ਸਮਝ ਆਇਆ ਹੈ। ਇਸ ਨੌਜਵਾਨ ਦੀ ਘਰਵਾਲੀ ਨੇ ਦੱਸਿਆ ਕਿ ਨਸ਼ਾ ਛੱਡਣ ਕਰਕੇ ਉਨ੍ਹਾਂ ਦੇ ਘਰ ਵਿੱਚ ਲੜਾਈ ਝਗੜੇ ਲਈ ਕੋਈ ਥਾਂ ਨਹੀਂ ਰਹੀ ਹੈ। ਉਸ ਨੇ ਕਿਹਾ ਕਿ ਪਤੀ ਦੇ ਨਸ਼ਾ ਕਰਨ ਕਰਕੇ ਘਰ ਵਿੱਚ ਕੁੱਟ ਕੁਟਾਪਾ ਰਹਿੰਦਾ ਸੀ ਪਰ ਹੁਣ ਸਭ ਕੁੱਝ ਠੀਕ ਚੱਲ ਰਿਹਾ ਹੈ। ਉਸ ਨੇ ਦੱਸਿਆ ਕਿ ਘਰ ਵਾਲਾ ਆਪਣੇ ਬਾਪ ਨਾਲ ਹੁਣ ਕੰਮ ਲਈ ਖੇਤ ਵੀ ਜਾਣ ਲੱਗਿਆ ਹੈ।
ਮਾਨਸਾ ਦੀ ਇੱਕ ਮਹਿਲਾ ਗੁਰਮੇਲ ਕੌਰ (ਬਦਲਿਆ ਨਾਮ) ਨੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ ਉਨ੍ਹਾਂ ਲਈ ਵਰਦਾਨ ਬਣਿਆ ਹੈ ਜਿਸ ਕਰਕੇ ਬੱਚੇ ਆਪਣੇ ਪਿਤਾ ਕੋਲ ਬੈਠਣ ਲੱਗੇ ਹਨ ਜੋ ਨਸ਼ੇ ਕਾਰਨ ਦੂਰ ਹੋ ਗਏ ਸਨ। ਉਸ ਨੇ ਕਿਹਾ ਕਿ ਜਿੰਦਗੀ ਦੀ ਗੱਡੀ ਸੱਚਮੁੱਚ ਲੀਹ ਤੇ ਪਰਤ ਆਈ ਹੈ। ਬਠਿੰਡਾ ਜਿਲ੍ਹੇ ਦੇ ਇੱਕ ਪਿੰਡ ਦੀ ਇੱਕ ਔਰਤ ਨੇ ਦੱਸਿਆ ਕਿ ਉਸ ਦਾ ਲੜਕਾ ਮਾੜੀ ਸੰਗਤ ਵਿੱਚ ਫਸਕੇ ਨਸ਼ਾ ਕਰਨ ਲੱਗਿਆ ਸੀ ਜਿਸ ਕਾਰਨ ਉਸ ਨੂੰ ਆਪਣੇ ਬੱਚਿਆਂ ਦਾ ਵੀ ਖਿਆਲ ਨਹੀਂ ਰਹਿੰਦਾ ਸੀ। ਨਸ਼ਾ ਛੱਡਿਆ ਹੋਣ ਕਰਕੇ ਘਰ ਦੇ ਤਮਾਮ ਕਲੇਸ਼ ਮੁੱਕ ਗਏ ਹਨ ਅਤੇ ਬਰਕਤ ਰਹਿਣ ਲੱਗੀ ਹੈ। ਇਸ ਨੌਜਵਾਨ ਦੀ ਪਤਨੀ ਦਾ ਕਹਿਣਾ ਸੀ ਕਿ ਉਸ ਨੇ ਤਾਂ ਡੇਢ ਦੋ ਮਹੀਨੇ ਤੋਂ ਹੀ ਢੰਗ ਸਿਰ ਜ਼ਿੰਦਗੀ ਦੇਖੀ ਹੈ ਨਹੀਂ ਪਹਿਲਾਂ ਤਾਂ ਨਰਕ ਹੰਢਾਇਆ ਹੈ।
ਸਹਿਯੋਗ ਦੀ ਲੋੜ:ਨੀਲ ਗਰਗ
ਇਹ ਕੁੱਝ ਮਿਸਾਲਾਂ ਹਨ ਅਤੇ ਹੋਰ ਵੀ ਸੈਂਕੜੇ ਪ੍ਰੀਵਾਰ ਹਨ ਜਿੰਨ੍ਹਾਂ ਦੇ ਬੱਚਿਆਂ ਜਾਂ ਪ੍ਰੀਵਾਰਕ ਮੈਂਬਰਾਂ ਨੇ ਨਸ਼ਾ ਛੱਡਿਆ ਅਤੇ ਨਵੀਂ ਜਿੰਦਗੀ ਸ਼ੁਰੂ ਕੀਤੀ ਹੈ। ਹੋਰ ਵੀ ਕਈ ਨੌਜਵਾਨਾਂ ਨੇ ਦੱਸਿਆ ਕਿ ਨਸ਼ੇ ਨੇ ਜੀਵਨ ਨਰਕ ਹੀ ਬਣਾ ਰੱਖਿਆ ਸੀ। ਹੁਣ ਜਦੋਂ ਤੋਂ ਨਸ਼ਾ ਛੱਡਿਆ, ਉਦੋਂ ਤੋਂ ਘਰ ਦਾ ਚਿਹਰਾ ਮੋਹਰਾ ਹੀ ਬਦਲ ਗਿਆ ਹੈ। ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗ ਦਾ ਕਹਿਣਾ ਸੀ ਕਿ ਕਈ ਨਸ਼ੇੜੀ ਤਾਂ ਨਸ਼ਿਆਂ ਖਾਤਰ ਘਰ ਦਾ ਸਾਮਾਨ ਵੀ ਵੇਚ ਦਿੰਦੇ ਸਨ, ਜੋ ਹੁਣ ਰੁਕਿਆ ਹੈ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਸਰਕਾਰ ਦਾ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਹੈ।