ਕੈਂਸਰ ਦੇ 1072 ਮਰੀਜਾਂ ਨੂੰ ਇਲਾਜ ਲਈ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਵਿੱਚੋਂ 11 ਕਰੋੜ ਤੋਂ ਵੱਧ ਦਾ ਦਿੱਤਾ ਲਾਭ-ਏ.ਡੀ.ਸੀ. ਹਰਪ੍ਰੀਤ ਸਿੰਘ
ਦੀਦਾਰ ਗੁਰਨਾ
* ਵਧੀਕ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵੱਧ ਤੋਂ ਵੱਧ ਮਰੀਜਾਂ ਦੀ ਆਭਾ ਆਈ.ਡੀ. ਬਣਾਉਣ ਦੀ ਕੀਤੀ ਹਦਾਇਤ
* ਡੇਂਗੂ ਦਾ ਲਾਰਵਾ ਮਿਲਣ ਵਾਲੇ ਸਥਾਨਾਂ ਦੇ ਵੱਧ ਤੋਂ ਵੱਧ ਚਲਾਨ ਕਰਨ ਦੇ ਆਦੇਸ਼
ਫ਼ਤਹਿਗੜ੍ਹ ਸਾਹਿਬ :-22 ਮਈ 2025 - ਮੁੱਖ ਮੰਤਰੀ ਕੈਂਸਰ ਰਾਹਤ ਯੋਜਨਾ ਕੈਂਸਰ ਦੇ ਮਰੀਜਾਂ ਦਾ ਇਲਾਜ ਕਰਨ ਵਿੱਚ ਅਹਿਮ ਭੂਮਿਕਾ ਅਦਾ ਕਰ ਰਹੀ ਹੈ ਅਤੇ ਜ਼ਿਲ੍ਹੇ ਵਿੱਚ ਹੁਣ ਤੱਕ ਇਸ ਯੋਜਨਾ ਅਧੀਨ ਕੈਂਸਰ ਦੇ 1072 ਮਰੀਜਾਂ ਨੂੰ ਇਲਾਜ ਲਈ 11 ਕਰੋੜ 59 ਲੱਖ 60 ਹਜ਼ਾਰ 306 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਹਰਪ੍ਰੀਤ ਸਿੰਘ ਨੇ ਜ਼ਿਲ੍ਹਾ ਸਿਹਤ ਸੋਸਾਇਟੀ ਦੀ ਮੀਟਿੰਗ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਂਸਰ ਰਾਹਤ ਯੋਜਨਾ ਅਧੀਨ ਕੈਂਸਰ ਦੇ ਮਰੀਜਾਂ ਨੂੰ 1.50 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ ਤੇ ਕੈਂਸਰ ਦੇ ਮਰੀਜਾਂ ਦਾ ਇਲਾਜ ਸਮੂਹ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਸਰਕਾਰ ਨਾਲ ਇੰਮਪੈਨਲਡ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਕੀਤਾ ਜਾਂਦਾ ਹੈ।
ਏ.ਡੀ.ਸੀ. ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਘਰਾਂ ਨੇੜੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਜ਼ਿਲ੍ਹੇ ਵਿੱਚ ਖੋਲ੍ਹੇ ਗਏ 20 ਆਮ ਆਦਮੀ ਕਲੀਨਿਕ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ ਅਤੇ ਹੁਣ ਤੱਕ ਇਨ੍ਹਾਂ ਕਲੀਨਿਕਾਂ ਵਿੱਚੋਂ ਜ਼ਿਲ੍ਹੇ ਦੇ 7 ਲੱਖ 78 ਹਜ਼ਾਰ 852 ਨਾਗਰਿਕਾਂ ਨੇ ਆਪਣਾ ਚੈਕਅੱਪ ਕਰਵਾਇਆ ਹੈ। ਇਸ ਤੋਂ ਇਲਾਵਾ ਇਨ੍ਹਾਂ ਕਲੀਨਿਕਾਂ ਵਿੱਚ 82983 ਲੈਬ ਟੈਸਟ ਵੀ ਮੁਫਤ ਕੀਤੇ ਗਏ ਹਨ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰੀ ਹਸਪਤਾਲਾਂ ਅੰਦਰ ਇਲਾਜ ਕਰਵਾਉਣ ਲਈ ਆਉਣ ਵਾਲੇ ਵੱਧ ਤੋਂ ਵੱਧ ਲੋਕਾਂ ਦੀ ਆਭਾ ਆਈ.ਡੀ. ਬਣਾਈ ਜਾਵੇ ਤਾਂ ਜੋ ਵਿਅਕਤੀਆਂ ਦਾ ਮੈਡੀਕਲ ਇਲਾਜ ਤੇ ਰਿਕਾਰਡ ਡਿਜੀਟਲ ਕੀਤਾ ਜਾ ਸਕੇ ਅਤੇ ਮਰੀਜ਼ਾਂ ਨੂੰ ਆਪਣਾ ਇਲਾਜ ਕਰਾਉਣ ਲਈ ਤੇ ਡਾਕਟਰਾਂ ਨੂੰ ਇਲਾਜ ਕਰਨ ਲਈ ਸੌਖ ਹੋ ਸਕੇ । ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਆਭਾ ਆਈ.ਡੀ. ਜਰੂਰ ਬਣਾਈ ਜਾਵੇ।
ਹਰਪ੍ਰੀਤ ਸਿੰਘ ਨੇ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਹੋਰ ਪ੍ਰੋਗਰਾਮਾਂ ਜਿਵੇਂ ਸਰਕਾਰੀ ਸੰਸਥਾਵਾਂ ਵਿੱਚ ਡਿਲੀਵਰੀਆਂ, ਜਨਨੀ ਸ਼ਿਸ਼ੂ ਸੁਰੱਖਿਆ ਕਾਰਿਆਕਰਮ, ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰੀਤਵ ਅਭਿਆਨ, ਆਰਸੀਐਚ ਪੋਰਟਲ, ਹੋਮ ਡਿਲੀਵਰੀ, ਮਟਰਨਲ ਡੈਥ ਰਿਵਿਊ, ਪਰਿਵਾਰ ਭਲਾਈ, ਸਟੈਮੀ, ਨੈਸ਼ਨਲ ਪ੍ਰੋਗਰਾਮ ਫਾਰ ਨਾਨ ਕਮਿਊਨੀਕੇਬਲ ਡਿਜੀਜ, ਐਲਡਰਲੀ, ਜਨਨੀ ਸੁਰਕਸ਼ਾ ਯੋਜਨਾ, ਪੀਸੀ ਪੀਐਨਡੀਟੀ, ਕੇਅਰ ਕੰਪੇਨੀਅਨ, ਟਰੇਨਿੰਗ, ਆਰਬੀਐਸਕੇ, ਡਰੱਗ ਡੀ ਅਡਿਕਸ਼ਨ, ਬਲਾਇੰਡਨੈਸ, ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਆਮ ਆਦਮੀ ਕਲੀਨਿਕ, ਕਾਇਆ ਕਲਪ ਐਨਕੁਆਸ, ਟੀਬੀ ਕੰਟਰੋਲ ਪ੍ਰੋਗਰਾਮ, ਵੈਕਟਰ ਬੋਰਨ ਡਿਜੀਜ ਕੰਟਰੋਲ ਪ੍ਰੋਗਰਾਮ, ਵਾਟਰ ਬੋਰਨ, ਫੂਡ ਅਤੇ ਡਰੱਗ ਆਦਿ ਸਾਰੇ ਸਿਹਤ ਪ੍ਰੋਗਰਾਮਾਂ ਦੀ ਸਮੀਖਿਆ ਵੀ ਕੀਤੀ।
ਇਸ ਮੌਕੇ ਸਿਵਲ ਸਰਜਨ ਡਾ: ਦਵਿੰਦਰਜੀਤ ਕੌਰ, ਸਹਾਇਕ ਸਿਵਲ ਸਰਜਨ ਡਾ ਅਮਰੀਕ ਸਿੰਘ ਚੀਮਾ, ਡਿਪਟੀ ਮੈਡੀਕਲ ਕਮਿਸ਼ਨਰ ਡਾ: ਸਰਿਤਾ , ਜਿਲ੍ਹਾ ਪ੍ਰੋਗਰਾਮ ਮੈਨੇਜਰ ਕਸੀਤਿਜ ਸੀਮਾ , ਜ਼ਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਅਮਨਪ੍ਰੀਤ ਸਿੰਘ ਤੋਂ ਇਲਾਵਾ ਸਮੂਹ ਐਸ.ਐਮ.ਓਜ਼ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।